ਬਲੈਕਟਾਊਨ ਦੇ ਚਾਈਲਡ ਕੇਅਰ ਸੈਂਟਰ ਵਿੱਚ 13 ਲੋਕ ਕਰੋਨਾਵਾਇਰਸ ਲਈ ਪਾਜ਼ਿਟਿਵ, ਗਿਣਤੀ ਵਿੱਚ 6 ਬੱਚੇ ਵੀ ਸ਼ਾਮਿਲ
ਸਿਡਨੀ ਵਿੱਚ ਬਲੈਕਟਾਊਨ ਦੇ ‘ਰੋਜ਼ ਆਫ ਸ਼ੈਰੋਨ’ ਨਾਮੀ ਚਾਈਲਡ ਕੇਅਰ ਸੈਂਟਰ ਵਿਚਲੇ 13 ਲੋਕਾਂ ਵਿੱਚ ਕੋਵਿਡ-19 ਦੇ ਵਿਸ਼ਾਣੂ ਪਾਏ ਗਏ ਹਨ। ਬਲੈਕਟਾਊਨ, ਪੰਜਾਬੀਆਂ ਦੇ ਬਹੁ-ਵੱਸੋਂ ਵਾਲੇ ਇਲਾਕੇ ਵਜੋਂ ਵੀ ਜਾਣਿਆ ਜਾਂਦਾ ਹੈ।
ਕੋਵਿਡ -19 ਵਾਇਰਸ ਲਈ ਪਾਜ਼ਿਟਿਵ ਪਾਏ ਗਏ ਲੋਕਾਂ ਦੇ 12 ਨਜ਼ਦੀਕੀ ਮੈਂਬਰਾਂ ਵਿੱਚ ਵੀ ਇਸ ਰੋਗਾਣੂ ਦੇ ਲੱਛਣ ਪਾਏ ਗਏ ਹਨ। 'ਰੋਜ਼ ਆਫ ਸ਼ੈਰੋਨ' ਚਾਈਲਡ ਕੇਅਰ ਸੈਂਟਰ ਨੂੰ ਤੁਰੰਤ ਪ੍ਰਭਾਵਾਂ ਤੋਂ ਬੰਦ ਕਰ ਦਿੱਤਾ ਗਿਆ ਹੈ।
ਨਿਊ ਸਾਊਥ ਵੇਲਜ਼ ਹੈਲਥ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ, ਇਹਨਾਂ 13 ਲੋਕਾਂ ਵਿੱਚ 6 ਛੋਟੇ ਬੱਚੇ ਅਤੇ 7 ਸਟਾਫ ਮੈਂਬਰ ਦੱਸੇ ਜਾ ਰਹੇ ਹਨ।
ਖਾਸ ਨੁੱਕਤੇ
- ਚਾਈਲਡ ਕੇਅਰ ਸੈਂਟਰ ਵਿੱਚ 6 ਛੋਟੇ ਬਾਲਾਂ ਵਿੱਚ ਪਾਏ ਗਏ ਕੋਵਿਡ-19 ਦੇ ਵਿਸ਼ਾਣੂ।
- 7 ਸਟਾਫ ਮੈਂਬਰ ਵੀ ਵਾਇਰਸ ਦੀ ਚਪੇਟ ਵਿੱਚ।
- ਬਲੈਕਟਾਊਨ ਤੋਂ ਪੰਜਾਬੀ ਕਾਂਊਂਸਲਰ ਡਾ ਮਨਿੰਦਰ ਸਿੰਘ ਵੱਲੋਂ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ।
ਬਲੈਕਟਾਊਨ ਤੋਂ ਪੰਜਾਬੀ ਭਾਈਚਾਰੇ ਨਾਲ਼ ਸਬੰਧ ਰੱਖਦੇ ਕਾਂਉਂਸਲਰ ਡਾ: ਮੋਨਿੰਦਰ ਸਿੰਘ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ, "ਤਿੰਨ ਹਫਤੇ ਪਹਿਲਾਂ ਬਲੈਕਟਾਊਨ ਨੂੰ ਬਹੁਤ ਸੁਰੱਖਿਅਤ ਸਥਾਨਾਂ ਵਿੱਚ ਗਿਣਿਆ ਜਾਂਦਾ ਸੀ ਪਰ ਇਹਨਾਂ ਆਂਕੜਿਆਂ ਦੇ ਆਉਣ ਪਿੱਛੋਂ ਲਗਦਾ ਹੈ ਕਿ ਹੁਣ ਇਹ ਕਰੋਨਾਵਾਇਰਸ ਦਾ ਧੁਰਾ ਬਣਦਾ ਜਾ ਰਿਹਾ ਹੈ।"
"ਮੇਰੀ ਲੋਕਾਂ ਨੂੰ ਅਪੀਲ ਹੈ ਕਿ ਉਹ ਇਸ ਬਿਮਾਰੀ ਪ੍ਰਤੀ ਪੂਰੀ ਤਰਾਂ ਨਾਲ਼ ਜਾਗਰੂਕ ਹੋਣ ਅਤੇ ਕਿਸੇ ਕਿਸਮ ਦੀ ਕੋਤਾਹੀ ਨਾ ਕਰਨ।"
ਉਹਨਾਂ ਨਿਊ ਸਾਊਥ ਵੇਲਜ਼ ਦੀ ਸਰਕਾਰ ਪ੍ਰਤੀ ਨਰਾਜ਼ਗੀ ਜ਼ਾਹਰ ਕਰਦੇ ਹੋਏ ਕਿਹਾ ਕਿ ਸਰਕਾਰ ਕੋਵਿਡ-19 ਨਾਲ਼ 'ਠੀਕ ਤਰਾਂ' ਨਹੀਂ ਨਜਿੱਠ ਰਹੀ - "ਕੁਝ ਸਿਹਤ ਮਾਹਿਰਾਂ ਵੱਲੋਂ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਛੋਟੇ ਬੱਚਿਆਂ ਨੂੰ ਇਸ ਬਿਮਾਰੀ ਦੀ ਲਾਗ ਨਹੀਂ ਲਗਦੀ, ਪਰ ਉਕਤ ਘਟਨਾਂ ਤੋਂ ਇਹ ਸਾਫ ਹੋ ਗਿਆ ਹੈ ਕਿ ਬੱਚੇ ਵੀ ਇਸ ਦਾ ਸ਼ਿਕਾਰ ਹੋ ਸਕਦੇ ਹਨ।"
ਉਹਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ 'ਬਿਨਾ ਕਿਸੇ ਹੋਰ ਦੇਰੀ' ਤੋਂ ਸਾਰੇ ਸਕੂਲ ਅਤੇ ਚਾਈਲਡ ਕੇਅਰ ਸੈਂਟਰ ਬੰਦ ਕੀਤੇ ਜਾਣੇ ਚਾਹੀਦੇ ਹਨ।
ਸ਼ਨਿਚਰਵਾਰ ਨੂੰ 104 ਹੋਰ ਲੋਕਾਂ ਦੇ ਕੋਵਿਡ-19 ਨਾਲ ਪੀੜਤ ਪਾਏ ਜਾਣ ਪਿੱਛੋਂ ਨਿਊ ਸਾਊਥ ਵੇਲਜ਼ ਵਿੱਚ ਕਰੋਨਾਵਾਇਰਸ ਦੇ ਕੇਸਾਂ ਦੀ ਗਿਣਤੀ ਵੱਧ ਕੇ 2,493 ਹੋ ਗਈ ਸੀ।
ਇਹਨਾਂ ਵਿੱਚੋਂ 41 ਮਰੀਜ਼ਾਂ ਨੂੰ ਇੰਟੇਨਸਿਵ ਕੇਅਰ ਯੂਨਿਟਾਂ ਵਿੱਚ ਇਲਾਜ ਅਧੀਨ ਰੱਖਿਆ ਹੋਇਆ ਹੈ ਜਿਨਾਂ ਵਿੱਚੋਂ 22 ਵੈਂਟੀਲੇਟਰ 'ਤੇ ਹਨ।
ਨਿਊ ਸਾਊਥ ਵੇਲਜ਼ ਹੈਲਥ ਦੀ ਵੈਬਸਾਈਟ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਐਤਵਾਰ ਸ਼ਾਮ 8 ਵਜੇ ਤੱਕ ਪਿਛਲੇ 24 ਘੰਟਿਆਂ ਦੌਰਾਨ ਕਰੋਨਾਵਾਇਰਸ ਦੇ 57 ਨਵੇਂ ਕੇਸ ਆਏ ਸਨ।
Comments