ਕੋਵਿਡ-19 ਸੰਕਟ: ਭਾਰਤ 'ਚ ਫਸੇ ਆਸਟ੍ਰੇਲੀਅਨ ਲੋਕਾਂ ਦੀ ਚਾਰਟਰ ਉਡਾਣਾਂ ਰਾਹੀਂ ਘਰ-ਵਾਪਸੀ ਸ਼ੁਰੂ
ਕਰੋਨਾਵਾਇਰਸ ਕਰਕੇ ਭਾਰਤ ਵਿੱਚ ਪੈਦਾ ਹੋਈ ਸਥਿਤੀ ਪਿੱਛੋਂ ਹਜ਼ਾਰਾਂ ਆਸਟ੍ਰੇਲੀਅਨ ਲੋਕ ਓਥੋਂ ਵਾਪਿਸ ਆਉਣ ਲਈ ਕੋਸ਼ਿਸ਼ਾਂ ਕਰ ਰਹੇ ਹਨ। ਹੁਣ ਕੁਝ ਉੱਦਮੀ ਲੋਕਾਂ ਦੇ ਸਾਂਝੇ ਉਪਰਾਲੇ ਤਹਿਤ ਉਨ੍ਹਾਂ ਦੀ ਘਰ-ਵਾਪਸੀ ਸੰਭਵ ਹੋ ਰਹੀ ਹੈ।
ਇਹ ਚਾਰਟਰ ਉਡਾਣ ਕੁਝ ਸਾਬਕਾ ਹਵਾਬਾਜ਼ੀ ਅਧਿਕਾਰੀਆਂ ਤੇ ਭਾਰਤੀ ਅਤੇ ਆਸਟ੍ਰੇਲੀਅਨ ਭਾਈਚਾਰੇ ਦੇ ਨੁਮਾਇੰਦਿਆਂ ਦੇ ਸਾਂਝੇ ਉਪਰਾਲੇ ਤਹਿਤ ਸੰਭਵ ਹੋਈ ਹੈ।
ਅਰਵਿੰਦਰ ਪਾਲ ਸਿੰਘ ਜੋ 'ਲਾਇਨ' ਕੰਪਨੀ ਦੀ ਹਵਾਈ ਉਡਾਣ ਰਾਹੀਂ ਵਾਪਸ ਪਰਤ ਰਹੇ ਨੇ, ਜਹਾਜ਼ ਰਵਾਨਾ ਹੋਣ ਤੋਂ ਪਹਿਲਾਂ ਐੱਸ ਬੀ ਐੱਸ ਪੰਜਾਬੀ ਨਾਲ਼ ਵਿਸ਼ੇਸ਼ ਤੌਰ ਤੇ ਗੱਲਬਾਤ ਕੀਤੀ – “ਇਸ ਹਵਾਈ ਉਡਾਣ ਲਈ ਕਾਫੀ ਜਦੋ-ਜਹਿਦ ਕਰਨੀ ਪਈ ਪਰ ਅਸੀਂ ਖੁਸ਼ ਹਾਂ ਕਿ ਇਨ੍ਹਾਂ ਕੋਸ਼ਿਸ਼ਾਂ ਨੂੰ ਹੁਣ ਬੂਰ ਪਿਆ ਹੈ।
ਅਸੀਂ ਵਿਸ਼ੇਸ਼ ਤੌਰ ਤੇ ਸਾਈਮਨ ਅਤੇ ਡਾ ਜਗਵਿੰਦਰ ਵਿਰਕ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਸਮੁੱਚੇ ਤੌਰ ਤੇ ਇਸ ਕਾਰਜ ਨੂੰ ਸਿਰੇ ਲਾਉਣ ਵਿੱਚ ਮੋਢੀ ਭੂਮਿਕਾ ਨਿਭਾਈ।
“ਮੈਂ ਇਸ ਹਵਾਈ ਸਫ਼ਰ ਲਈ ਤਕਰੀਬਨ 2300 ਡਾਲਰ ਦਿੱਤੇ ਹਨ ਜੋ ਕਿ ਉਹਨਾਂ ਲੋਕਾਂ ਵੱਲੋਂ ਦਿੱਤੇ ਪੈਸਿਆਂ ਨਾਲ਼ੋਂ ਬਹੁਤ ਘੱਟ ਹਨ ਜੋ ਦੱਖਣੀ ਅਮਰੀਕੀ ਮੁਲਕਾਂ ਤੋਂ ਆਸਟ੍ਰੇਲੀਆ ਵਾਪਿਸ ਪਰਤ ਰਹੇ ਹਨ। ਸਾਨੂੰ ਪਤਾ ਲੱਗਿਆ ਹੈ ਕਿ ਕਈ ਮੁਲਕਾਂ ਵਿੱਚੋਂ ਫਸੇ ਹੋਏ ਲੋਕ 6 ਤੋਂ 7,000 ਡਾਲਰ ਵੀ ਹਵਾਈ ਉਡਾਣਾਂ ਲਈ ਦੇਣ ਲਈ ਮਜਬੂਰ ਹੋ ਰਹੇ ਹਨ।"
ਇੰਡੀਆ ਆਸਟ੍ਰੇਲੀਆ ਸਟਰੀਟੀਜਿੱਕ ਅਲਾਇੰਸ ਦੇ ਚੇਅਰਮੈਨ ਡਾ ਜਗਵਿੰਦਰ ਸਿੰਘ ਵਿਰਕ ਨੇ ਐੱਸ ਬੀ ਐੱਸ ਪੰਜਾਬੀ ਨੂੰ ਦੱਸਿਆ – “ਇਹ ਸਭ ਆਸਟ੍ਰੇਲੀਆ ਅਤੇ ਭਾਰਤ ਦੇ ਪ੍ਰਸ਼ਾਸਨਿਕ ਅਧਿਕਾਰੀਆਂ, ਡਿਪਲੋਮੈਟਸ ਤੇ ਪੁਲਿਸ ਕਰਮਚਾਰੀਆਂ ਤੇ ਡਿਪਲੋਮੈਟਸ ਦੇ ਸਾਂਝੇ ਸਹਿਯੋਗ ਨਾਲ ਸੰਭਵ ਹੋ ਸਕਿਆ ਹੈ।
"ਅਸੀਂ ਇਸ ਪ੍ਰਾਈਵੇਟ ਕੰਪਨੀ ਦੇ ਵੀ ਧੰਨਵਾਦੀ ਹਾਂ ਜਿਨ੍ਹਾਂ ਨੇ ਬਹੁਤ ਹੀ ਵਾਜਬ ਮੁੱਲ ਤੇ ਇਹ ਫਲਾਈਟਸ ਫਸੇ ਹੋਏ ਲੋਕਾਂ ਨੂੰ ਉਪਲਬਧ ਕਰਵਾਈਆਂ ਹਨ।"
ਡਾ ਵਿਰਕ ਨੇ ਦੱਸਿਆ ਕਿ ਇੱਕ ਅੰਦਾਜ਼ੇ ਮੁਤਾਬਕ ਇਸ ਵੇਲੇ ਭਾਰਤ ਵਿੱਚ 7,000 ਦੇ ਕਰੀਬ ਆਸਟ੍ਰੇਲੀਅਨ ਲੋਕ ਹਨ ਜਿਹੜੇ ਵਾਪਸ ਪਰਤਣਾ ਚਾਹੁੰਦੇ ਹਨ - “ਹੁਣ ਸਾਡਾ ਧਿਆਨ ਉਨ੍ਹਾਂ ਨੂੰ ਇਨ੍ਹਾਂ ਹਵਾਈ ਉਡਾਣਾਂ ਰਾਹੀਂ ਵਾਪਸ ਲਿਆਉਣ ‘ਤੇ ਹੋਵੇਗਾ।"
ਡਾ ਵਿਰਕ ਅਤੇ ਕੈਪਟਨ ਅਰਵਿੰਦਰ ਪਾਲ ਸਿੰਘ ਨਾਲ਼ ਪੰਜਾਬੀ ਵਿੱਚ ਗੱਲਬਾਤ ਸੁਣਨ ਲਈ ਉੱਪਰ ਫੋਟੋ 'ਤੇ ਆਡੀਓ ਲਿੰਕ ਉੱਤੇ ਕਲਿੱਕ ਕਰੋ...
ਆਸਟ੍ਰੇਲੀਆ ਵਿੱਚ ਜਾਰੀ ਨਿਯਮਾਂ ਤਹਿਤ ਇਹਨਾਂ ਲੋਕਾਂ ਨੂੰ ਆਉਣ ਵਾਲ਼ੇ 14 ਦਿਨਾਂ ਲਈ ਕਿਸੇ ਨਿਰਧਾਰਤ ਰਿਹਾਇਸ਼ ਵਿੱਚ ਕੁਆਰੰਟੀਨ ਵਿੱਚ ਬਿਤਾਉਣੇ ਪੈਣਗੇ।
ਪ੍ਰਬੰਧਕਾਂ ਵੱਲੋਂ ਦੱਸਿਆ ਗਿਆ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਭਾਰਤ ਵਿੱਚ ਫਸੇ ਲੋਕਾਂ ਨੂੰ ਆਸਟ੍ਰੇਲੀਆ ਲਿਆਉਣ ਲਈ ਘੱਟੋ-ਘੱਟ 4 ਹੋਰ ਹਵਾਈ ਉਡਾਣਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।
Comments