12 ਸਾਲ ਦੀ ਮੁਸ਼ੱਕਤ ਬਾਅਦ ਮਿਲਿਆ ਪੰਜਾਬੀ ਵਿਦਿਆਰਥੀ ਨੂੰ ਖੇਤਰੀ ਵੀਜ਼ਾ
ਮੈਲਬੌਰਨ, 27 ਫਰਵਰੀ (ਸਰਤਾਜ ਸਿੰਘ ਧੌਲ)-ਆਸਟ੍ਰੇਲੀਆ 'ਚ ਇਸ ਸਮੇਂ ਪੀ. ਆਰ. ਮਿਲਣ 'ਚ ਕਾਫ਼ੀ ਦਿੱਕਤਾਂ ਆ ਰਹੀਆਂ ਹਨ ਪਰ ਉਥੇ ਪੜ੍ਹਦੇ ਵਿਦਿਆਰਥੀ ਹੌਸਲਾ ਨਹੀਂ ਹਾਰਦੇ। ਅਜਿਹਾ ਹੀ ਇਕ ਪੰਜਾਬੀ ਵਿਦਿਆਰਥੀ ਭੁਪਿੰਦਰ ਸਿੰਘ ਹੈ, ਜਿਸ ਨੂੰ ਇਥੇ ਬਾਰਾਂ ਸਾਲ ਦੀ ਸਖ਼ਤ ਮੁਸ਼ੱਕਤ ਕਰਨ ਦੇ ਬਾਅਦ 55 ਪੁਆਇੰਟਾਂ 'ਤੇ ਵਿਕਟੋਰੀਆ ਰਾਜ ਤੋਂ ਨਾਮਜ਼ਦਗੀ ਮਿਲੀ। ਉਸ ਨੇ 491 ਖੇਤਰੀ ਵੀਜ਼ਾ ਲਈ ਬਿਜਨਸ ਸਪਾਂਸਰਸ਼ਿਪ ਲਈ ਅਰਜ਼ੀ ਦਿੱਤੀ ਸੀ। ਪਿਛਲੇ ਸਾਲ ਨਵੰਬਰ 'ਚ ਸਕਿਲਡ ਵਰਕ ਰਿਜਨਲ ਵੀਜ਼ਾ ਦੇ ਸੱਦੇ ਗਏ ਪਹਿਲੇ ਲੋਕਾਂ 'ਚੋਂ ਉਹ ਵੀ ਹੈ। ਇਹ ਵੀਜ਼ਾ ਯੋਗ ਹੁਨਰਮੰਦ ਕਾਮਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਪੇਂਡੂ ਖੇਤਰਾਂ 'ਚ ਰਹਿਣ ਅਤੇ ਕੰਮ ਕਰਨ ਲਈ ਉਪਲਬਧ ਹੈ। ਉਸ ਨੇ ਦੱਸਿਆ ਕਿ ਉਸ ਦੇ ਕੋਲ ਸਿਰਫ਼ 55 ਪੁਇੰਟ ਹੀ ਸਨ, ਮੈਂ ਬਹੁਤੀ ਆਸ 'ਚ ਨਹੀਂ ਸੀ। 489 ਵੀਜ਼ਾ ਲਈ ਪਹਿਲਾਂ ਦਰਖ਼ਾਸਤ ਦਿੱਤੀ ਸੀ ਪਰ ਉਹ ਵੀਜ਼ਾ ਖ਼ਤਮ ਕਰ ਦਿੱਤਾ ਗਿਆ ਸੀ। ਭੁਪਿੰਦਰ ਸਿੰਘ 2008 'ਚ ਇਥੇ ਆ ਗਿਆ ਸੀ। ਉਸ ਨੇ ਪੀ. ਆਰ. ਲਈ ਕਈ ਤਰ੍ਹਾਂ ਦੀਆਂ ਪੜ੍ਹਾਈਆਂ ਕੀਤੀਆਂ, ਜੋ ਉਹ ਪੜ੍ਹਾਈ ਪੂਰੀ ਕਰਦਾ ਸੀ, ਉਹ ਹੀ ਸੂਚੀ ਤੋਂ ਹਟਾ ਦਿੱਤੀ ਜਾਂਦੀ ਸੀ। ਉਸ ਨੇ ਕਾਫ਼ੀ ਨਿਰਾਸ਼ਾ ਦਾ ਸਾਹਮਣਾ ਵੀ ਕੀਤਾ ਪਰ ਹਾਰ ਨਹੀਂ ਮੰਨੀ। ਇਸ ਵੀਜ਼ੇ ਲਈ ਸਿਰਫ਼ 50 ਅੰਕਾਂ ਦੀ ਜ਼ਰੂਰਤ ਹੁੰਦੀ ਹੈ, ਰਾਜ ਦੀ ਨਾਮਜ਼ਦਗੀ ਤੁਹਾਨੂੰ 65 ਅੰਕਾਂ ਤੱਕ ਪਹੁੰਚਾ ਦਿੰਦੇ ਹਨ। ਇਸ ਵੀਜ਼ੇ ਦੇ ਸਬੰਧ 'ਚ ਇਕ ਮਾਹਿਰ ਦਾ ਕਹਿਣਾ ਹੈ ਕਿ 491 ਵੀਜ਼ਾ ਹੁਨਰਮੰਦ ਕਾਮਿਆਂ ਲਈ ਚੰਗਾ ਮੌਕਾ ਹੋ ਸਕਦਾ ਹੈ, ਜੋ ਖੇਤਰੀ ਵਿਕਟੋਰੀਆ 'ਚ ਜਾਣ ਲਈ ਤਿਆਰ ਹਨ। ਸਰਕਾਰ ਵੀ ਪ੍ਰਵਾਸੀਆਂ ਨੂੰ ਪੇਂਡੂ ਖੇਤਰਾਂ 'ਚ ਭੇਜਣ ਲਈ ਦਬਾਅ ਪਾ ਰਹੀ ਹੈ।
Comments