ਲਗਜ਼ਰੀ ਗੱਡੀਆਂ ਚੋਰੀ ਕਰਨ ਵਾਲਾ 'ਬੀ-ਟੈਕ' ਪਾਸ ਚੋਰ ਕਾਬੂ
ਬੀ-ਟੈਕ ਪਾਸ ਹਰਜੋਤ ਸਿੰਘ ਚੋਰੀ ਦੀਆਂ ਗੱਡੀਆਂ ਨੂੰ ਜਾਅਲੀ ਨੰਬਰ ਲਗਾ ਕੇ ਸਸਤੇ ਰੇਟਾਂ ਟੈ ਵੇਚਦਾ ਸੀ। ਇਸਦੇ ਦੋ ਸਾਥੀ ਫਿਲਹਾਲ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ।

- NEWS18-PUNJABI
- LAST UPDATED:FEB 10, 2020, 6:55 PM IST
- RAJEEV SHARMA NETWORK 18
ਅੰਮ੍ਰਿਤਸਰ ਜਿਲ੍ਹਾ ਪੁਲਿਸ ਨੇ ਲਗਜ਼ਰੀ ਗੱਡੀਆਂ ਚੋਰੀ ਕਰਨ ਵਾਲੇ ਇਕ ਨੌਜਵਾਨ ਨੂੰ ਕਾਬੂ ਕਰਕੇ ਉਸ ਦੇ ਗੈਂਗ ਵਿਚ ਸ਼ਾਮਲ 2 ਹੋਰ ਸਾਥੀਆਂ ਦੇ ਟਿਕਾਣਿਆਂ ਤੋਂ 10 ਲਗਜ਼ਰੀ ਗੱਡੀਆਂ ਬਰਾਮਦ ਕੀਤੀਆਂ ਹਨ।
ਪੁਲਿਸ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਹਰਜੋਤ ਨਾਮ ਦਾ ਹਾਈਟੈਕ ਚੋਰ ਬੀ-ਟੈਕ ਪਾਸ ਹੈ। ਪੁਲਿਸ ਨੇ ਹਰਜੋਤ ਨੂੰ ਨਾਕੇਬੰਦੀ ਦੌਰਾਨ ਚੈਕਿੰਗ ਲਈ ਰੋਕਿਆ ਸੀ। ਹਰਜੋਤ ਉਸ ਵੇਲੇ ਇਨੋਵਾ ਗੱਡੀ ਵਿਚ ਸਵਾਰ ਸੀ। ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਕਿ ਹਰਜੋਤ ਨੇ ਇਨੋਵਾ ਗੱਡੀ ਉਤੇ ਮੋਟਰਸਾਈਕਲ ਦਾ ਨੰਬਰ ਲਗਾਇਆ ਹੈ। ਇਸ ਤੋਂ ਬਾਅਦ ਕੀਤੀ ਗਈ ਪੁੱਛਗਿੱਛ ਵਿੱਚ ਇਹ ਗੱਲ ਸਾਹਮਣੇ ਆਈ ਕਿ ਹਰਜੋਤ ਅਤੇ ਉਸ ਦੇ ਦੋ ਹੋਰ ਸਾਥੀ ਦੀਪ ਸਿੰਘ ਅਤੇ ਹਿੰਮਤ ਸਿੰਘ ਚੋਰੀ ਦੀਆਂ ਗੱਡੀਆਂ ਦੇ ਜਾਅਲੀ ਕਾਗਜ਼ਾਤ ਤਿਆਰ ਕਰਕੇ ਸਸਤੇ ਰੇਟਾਂ ਉਤੇ ਵੇਚਦੇ ਹਨ।
ਹਰਜੋਤ ਕੋਲੋਂ ਪੁਲਿਸ ਨੇ 2 ਇਨੋਵਾ, 1 ਫੌਰਚੂਨਰ, 1 ਸਵਿਫਟ ਅਤੇ 1 ਸਕੌਰਪਿਓ ਗੱਡੀਆਂ ਬਰਾਮਦ ਕੀਤੀਆਂ ਹਨ। ਇਸ ਤੋਂ ਇਲਾਵਾ ਇਸ ਦੇ ਦੂਜੇ ਸਾਥੀਆਂ ਦੇ ਘਰ ਅਤੇ ਦੀਪ ਦੇ ਮੋਟਰ ਗ਼ੈਰਾਜ ਤੋਂ ਵੀ ਕ੍ਰੇਟਾ, ਇਨੋਵਾ, ਬਲੈਰੋ ਸਮੇਤ ਕੁੱਲ 10 ਗੱਡੀਆਂ ਬਰਾਮਦ ਕੀਤੀਆਂ ਹਨ। ਡੀਸੀਪੀ ਮੁਖਵਿੰਦਰ ਸਿੰਘ ਨੇ ਦੱਸਿਆ ਇਨ੍ਹਾਂ ਦੇ ਗੈਂਗ ਵਿੱਚ ਕੁੱਲ 10- 15 ਲੋਕ ਸ਼ਾਮਿਲ ਹਨ। ਫਿਲਹਾਲ ਹਰਜੋਤ ਨੂੰ ਅਦਾਲਤ ਵਿੱਚ ਪੇਸ਼ ਕਰਕੇ 3 ਦਿਨ ਦੇ ਰਿਮਾਂਡ ਉਤੇ ਲਿਆ ਗਿਆ ਹੈ। ਪੁਲਿਸ ਦਾ ਮੰਨਣਾ ਹੈ ਕਿ ਪੁੱਛਗਿੱਛ ਦੌਰਾਨ ਹੋਰ ਗ੍ਰਿਫਤਾਰੀਆਂ ਅਤੇ ਗੱਡੀਆਂ ਬਰਾਮਦ ਹੋਣ ਦੀ ਉਮੀਦ ਹੈ।
Comments