ਕੋਰੋਨਾਵਾਇਰਸ: 'ਖੁਦਕੁਸ਼ੀ ਮਿਸ਼ਨ' ਦਾ ਹਿੱਸਾ ਬਣ ਕੇ ਪੰਜਾਬੀ ਡਾਕਟਰ ਬਣਿਆ ਚੀਨੀਆਂ ਲਈ 'ਹੀਰੋ'

"ਮੈਂ ਕੁਝ ਖ਼ਾਸ ਨਹੀਂ ਕੀਤਾ। ਮੈਂ ਜਿਹੜੀ ਸਹੁੰ ਚੁੱਕੀ ਸੀ ਸਿਰਫ਼ ਉਸ ਦੀ ਪਾਲਣਾ ਕੀਤੀ ਹੈ ਅਤੇ ਮੇਰਾ ਜ਼ਮੀਰ ਇਸ ਤੋਂ ਪਿੱਛੇ ਹਟਣ ਦੀ ਇਜਾਜ਼ਤ ਨਹੀਂ ਦਿੰਦਾ।"
ਅਜਿਹਾ ਕਹਿਣਾ ਹੈ ਡਾ. ਉਸਮਾਨ ਜੰਜੂਆ ਦਾ ਜੋ ਚੀਨ ਵਿਚ ਕੋਰੋਨਾਵਾਇਰਸ ਵਿਰੁੱਧ ਮੁਹਿੰਮ ਵਿਚ ਸ਼ਾਮਲ ਹੋਣ ਵਾਲੇ ਪਹਿਲੇ ਪਾਕਿਸਤਾਨੀ ਵਲੰਟੀਅਰ ਡਾਕਟਰ ਹਨ।
ਡਾ. ਉਸਮਾਨ ਜੰਜੂਆ ਚੀਨ ਦੇ ਹੁਨਾਨ ਇਲਾਕੇ ਦੀ ਚਾਂਗਾਸ਼ਾ ਮੈਡੀਕਲ ਯੂਨੀਵਰਸਿਟੀ 'ਚ ਲੈਕਚਰਰ ਰਹੇ ਹਨ।
ਚੀਨ ਦੇ ਵੁਹਾਨ ਸ਼ਹਿਰ ਵਿੱਚ ਹੀ ਸਭ ਤੋਂ ਪਹਿਲਾਂ ਕੋਰੋਨਾਵਾਇਰਸ ਸਾਹਮਣੇ ਆਇਆ ਸੀ ਅਤੇ ਉਹੀ ਇਲਾਕਾ ਸਭ ਤੋਂ ਵੱਧ ਪ੍ਰਭਾਵਿਤ ਹੈ।
ਦਰਅਸਲ ਵੁਹਾਨ ਵਿੱਚ ਇਸ ਵਾਇਰਸ ਨਾਲ ਨਜਿੱਠਣ ਲਈ ਚੀਨੀ ਡਾਕਟਰਾਂ ਨੂੰ ਆਪਣੀ ਇੱਛਾ ਨਾਲ ਕੰਮ ਕਰਨ ਲਈ ਸੱਦਾ ਭੇਜਿਆ ਗਿਆ ਹੈ ਅਤੇ ਇਸ ਨੂੰ ਮੈਡੀਕਲ ਸਟਾਫ਼ ਲਈ 'ਖੁਦਕੁਸ਼ੀ ਮਿਸ਼ਨ' ਦਾ ਨਾਮ ਦਿੱਤਾ ਗਿਆ ਹੈ।
ਡਾ. ਉਸਮਾਨ ਨੇ ਦੱਸਿਆ ਕਿ ਉਹ ਵੀ ਮੁਹਿੰਮ ਨਾਲ ਜੁੜ ਗਏ। ਉਨ੍ਹਾਂ ਨੇ ਕਿਹਾ, "ਉਹ ਕੀ ਕਰ ਰਹੇ ਹਨ, ਕਿੱਥੇ ਹਨ, ਇਹ ਦੱਸਣ ਦਾ ਉਚਿਤ ਵੇਲਾ ਨਹੀਂ ਹੈ ਤੇ ਇਸ ਦੀ ਇਜਾਜ਼ਤ ਵੀ ਨਹੀਂ ਹੈ।"
ਡਾ. ਉਸਮਾਨ ਦੱਸਦੇ ਹਨ ਕਿ ਚੀਨੀ ਸਰਕਾਰ, ਮੈਡੀਕਲ ਸਟਾਫ ਅਤੇ ਜਨਤਾ ਇਕੱਠੇ ਹੋ ਕੇ ਕੋਰੋਨਾਵਾਇਰਸ ਖ਼ਿਲਾਫ਼ ਲੜ ਰਹੇ ਹਨ।
ਉਹ ਕਹਿੰਦੇ ਹਨ, "ਸਾਰਿਆਂ ਦਾ ਮਨੋਬਲ ਉੱਚਾ ਹੈ। ਇਸ ਜੰਗ 'ਚ ਕੋਈ ਬਦਲ ਨਹੀਂ ਹੈ ਪਰ ਸਾਰੇ ਛੇਤੀ ਹੀ ਕੋਰੋਨਾਵਾਇਰਸ ਨੂੰ ਹਰਾ ਦੇਣਗੇ।"
ਇਸ ਵਿੱਚ ਕੋਈ ਸ਼ੱਕ ਨਹੀਂ ਹੈ ਸ਼ੁਰੂਆਤੀ ਦੌਰ 'ਚ ਮਰੀਜ਼ਾਂ ਦਾ ਇਲਾਜ ਕਰਦਿਆਂ ਮੈਡੀਕਲ ਸਟਾਫ਼ ਵੀ ਪ੍ਰਭਾਵਿਤ ਹੋਇਆ ਸੀ ਪਰ ਹੁਣ ਬਹੁਤ ਕੁਝ ਬਦਲ ਗਿਆ ਹੈ।
ਮੈਡੀਕਲ ਸਟਾਫ ਨੂੰ ਦੱਸਿਆ ਕਿ ਗਿਆ ਹੈ ਕਿ ਮਰੀਜ਼ਾਂ ਦਾ ਇਲਾਜ ਕਰਦਿਆਂ ਕਿਵੇਂ ਸਾਵਧਾਨੀ ਵਰਤੀ ਜਾਵੇ। ਇਸ ਨਾਲ ਹੁਣ ਮੈਡੀਕਲ ਸਟਾਫ ਵਿੱਚ ਇਨਫੈਕਸ਼ਨ ਦੀ ਗੁੰਜਾਇਸ਼ ਬਹੁਤ ਘੱਟ ਹੈ ਅਤੇ ਇਸ ਦੇ ਨਾਲ ਹੀ ਮਰੀਜ਼ਾਂ ਵਿੱਚ ਸੁਧਾਰ ਹੋ ਰਿਹਾ ਹੈ।
ਡਾ. ਉਸਮਾਨ ਕਹਿੰਦੇ ਹਨ ਕਿ ਵਾਇਰਸ ਨਾਲ ਨਜਿੱਠਣ ਲਈ ਚੀਨੀ ਸਰਕਾਰ ਆਪਣੀ ਪੂਰੀ ਵਾਹ ਅਤੇ ਸਰੋਤ ਲਗਾ ਰਹੀ ਹੈ। ਚੀਨ ਛੇਤੀ ਹੀ ਇਸ ਤੋਂ ਪੂਰੀ ਦੁਨੀਆਂ ਨੂੰ ਸੁਰੱਖਿਅਤ ਕਰੇਗਾ।
ਡਾ. ਉਸਮਾਨ ਨੇ ਚੀਨ ਤੋਂ ਹੀ ਮੈਡੀਕਲ ਦੀ ਸਿੱਖਿਆ ਹਾਸਿਲ ਕੀਤੀ ਹੈ।
ਉਹ ਕਹਿੰਦੇ ਹਨ, "ਮੇਰੇ ਚੀਨ ਨਾਲ ਬੇਹੱਦ ਨਜ਼ਦੀਕੀ ਸਬੰਧ ਹਨ। ਇਹ ਮੇਰਾ ਦੂਜਾ ਘਰ ਹੈ। ਮੈਂ ਕਿਸੇ ਮੁਸ਼ਕਿਲ ਦੀ ਘੜੀ ਵਿੱਚ ਚੀਨ ਅਤੇ ਚੀਨੀਆਂ ਨੂੰ ਇਕੱਲਾ ਨਹੀਂ ਛੱਡ ਸਕਦਾ। ਜੇ ਬਹੁਤ ਜ਼ਿਆਦਾ ਨਹੀਂ ਕਰ ਸਕਦਾ ਤਾਂ ਮੈਂ ਜਿਨਾਂ ਕਰ ਸਕਦਾ ਹਾਂ ਉਸ ਤੋਂ ਵੱਧ ਹੀ ਕਰਾਂਗਾ।"
ਕੌਣ ਹਨ ਡਾ. ਉਸਮਾਨ ਜੰਜੂਆ?
ਡਾ. ਉਸਮਾਨ ਜੰਜੂਆ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਜਿਹਲਮ ਇਲਾਕੇ ਦੇ ਦੀਨਾਹ ਤੋਂ ਹਨ।
ਉਨ੍ਹਾਂ ਨੇ ਜਿਹਲਮ ਤੋਂ ਹੀ ਕਾਲਜ ਦੀ ਸਿੱਖਿਆ ਹਾਸਿਲ ਕੀਤੀ ਹੈ ਅਤੇ ਬਾਅਦ ਵਿੱਚ ਉਹ ਸਾਲ 2007 ਵਿੱਚ ਚੀਨ ਦੀ ਚਾਂਗਾਸ਼ਾ ਮੈਡੀਕਲ ਯੂਨੀਵਰਸਿਟੀ ਪੜ੍ਹਾਈ ਲਈ ਚਲੇ ਗਏ। ਉਥੋਂ ਫਿਰ ਉਹ ਸਾਲ 2012 ਵਿੱਚ ਮੈਡੀਕਲ ਡਿਗਰੀ ਹਾਸਿਲ ਕਰ ਕੇ ਮੁੜ ਵਤਨ ਆ ਗਏ।

ਉਸ ਤੋਂ ਬਾਅਦ ਉਨ੍ਹਾਂ ਲਾਹੌਰ ਦੇ ਮਾਓ ਹਸਪਤਾਲ ਵਿੱਚ ਇੱਕ ਸਾਲ ਨੌਕਰੀ ਕੀਤੀ ਅਤੇ ਫਿਰ ਉਹ ਚਾਂਗਾਸ਼ਾ ਮੈਡੀਕਲ ਯੂਨੀਵਰਸਿਟੀ ਤੋਂ ਉੱਚ ਸਿੱਖਿਆ ਹਾਸਿਲ ਕਰਨ ਲਈ ਚੀਨ ਚਲੇ ਗਏ।
ਉੱਚ ਸਿੱਖਿਆ ਹਾਸਿਲ ਕਰਨ ਤੋਂ ਬਾਅਦ ਉਨ੍ਹਾਂ ਚਾਂਗਾਸ਼ਾ ਹਸਪਤਾਲ ਵਿੱਚ ਨੌਕਰੀ ਸ਼ੁਰੂ ਕਰਨ ਦਿੱਤੀ। 2016-17 ਵਿੱਚ ਚਾਂਗਾਸ਼ਾ ਯੂਨੀਵਰਸਿਟੀ ਵਿੱਚ ਹੀ ਡਾਕਟਰੋਲ ਪ੍ਰੋਫੈਸਰ ਵਜੋਂ ਕੰਮ ਕਰਨਾ ਸ਼ੁਰੂ ਕਰਨ ਦਿੱਤਾ ਅਤੇ ਅਜੇ ਵੀ ਕੰਮ ਕਰ ਰਹੇ ਹਨ।
30 ਸਾਲਾ ਡਾ. ਉਸਮਾਨ ਦੇ ਪਿਤਾ ਔਰੰਗਜ਼ੇਬ ਨੇ ਝੇਹਲਮ ਦੇ ਦੀਨਾਹ ਵਿੱਚ ਅਧਿਆਪਕ ਵਜੋਂ 38 ਸਾਲ ਪੜਾਇਆ ਹੈ ਅਤੇ ਉਹ ਪੂਰੇ ਇਲਾਕੇ ਵਿੱਚ 'ਬਾਬਾ ਸਕੂਲ' ਵਜੋਂ ਮਸ਼ਹੂਰ ਹਨ। ਉਨ੍ਹਾਂ ਦੇ ਦੋ ਭਰਾ ਅਤੇ ਇੱਕ ਭੈਣ ਹੈ।
ਡਾ. ਉਸਮਾਨ ਆਪਣੇ ਪਰਿਵਾਰ ਵਿੱਚ ਪਹਿਲੇ ਡਾਕਟਰ ਹਨ ਅਤੇ ਉਨ੍ਹਾਂ ਦੇ ਛੋਟੇ ਭਰਾ ਜਰਮਨੀ ਵਿੱਚ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਹੇ ਹਨ ਅਤੇ ਭੈਣ ਯੂਨੀਵਰਸਿਟੀ ਵਿੱਚ ਪੜ੍ਹ ਰਹੀ ਹੈ।
ਡਾ. ਉਸਮਾਨ ਦੇ ਪਿਤਾ ਦਾ ਕੀ ਕਹਿਣਾ ਹੈ?
ਡਾ. ਉਸਮਾਨ ਦੇ ਪਿਤਾ ਔਰੰਗਜ਼ੇਬ ਨੇ ਬੀਬੀਸੀ ਨੂੰ ਦੱਸਿਆ ਕਿ ਮੈਨੂੰ ਨਹੀਂ ਯਾਦ ਕਿ ਉਹ ਬਚਪਨ ਵਿੱਚ ਕਦੋਂ ਤੋਂ ਉਹ ਡਾਕਟਰ ਬਣਨ ਬਾਰੇ ਸੋਚਦਾ ਸੀ ਪਰ ਇਹ ਉਸ ਦਾ ਅਤੇ ਉਸ ਦੇ ਵੱਡੇ ਭਰਾ ਜਾਵੇਦ ਸਿਕੰਦਰ ਦਾ ਸੁਪਨਾ ਸੀ ਕਿ ਉਹ ਡਾਕਟਰ ਬਣੇ।
ਔਰੰਗਜ਼ੇਬ ਨੇ ਦੱਸਿਆ, "ਉਸਮਾਨ ਨੇ 6-7 ਦਿਨ ਪਹਿਲਾਂ ਫੋਨ ਕੀਤਾ ਸੀ। ਆਮ ਤੌਰ 'ਤੇ ਉਹ ਸਵੇਰੇ ਫੋਨ ਨਹੀਂ ਕਰਦਾ ਅਤੇ ਮੈਂ ਵੀ ਚੀਨ ਵਿੱਚ ਵਾਇਰਸ ਬਾਰੇ ਸੁਣਿਆ ਸੀ। ਉਸ ਨੇ ਮੈਨੂੰ ਕਿਹਾ ਕਿ ਚੀਨ ਅਤੇ ਚੀਨੀਆਂ ਨੂੰ ਮੇਰੀ ਲੋੜ ਹੈ।"
"ਡਾਕਟਰਾਂ ਨਰਸਾਂ ਸਣੇ ਚੀਨ ਦੇ ਮੈਡੀਕਲ ਸਟਾਫ ਨੂੰ ਕੋਰੋਨਾਵਾਇਰਸ ਪ੍ਰਭਾਵਿਤ ਇਲਾਕੇ ਵਿੱਚ ਵਲੰਟੀਅਰ ਵਜੋਂ ਕੰਮ ਕਰਨ ਲਈ ਸੱਦਿਆ ਜਾ ਰਿਹਾ ਹੈ। ਮੈਂ ਵੀ ਇਸ ਮੌਕੇ ਕੰਮ ਕਰਨਾ ਚਾਹੁੰਦਾ ਹਾਂ। ਮੈਨੂੰ ਤੁਹਾਡੀ ਆਗਿਆ ਦੀ ਲੋੜ ਹੈ।"
ਔਰੰਗਜ਼ੇਬ ਨੇ ਕਿਹਾ, "ਮੈਨੂੰ ਉਸ ਵੇਲੇ ਕੁਝ ਸਮਝ ਨਹੀਂ ਆਇਆ ਪਰ ਫਿਰ ਮੈਂ ਕਿਹਾ ਤੁਸੀਂ ਹੁਣ ਡਾਕਟਰ ਹੋ, ਤੁਹਾਨੂੰ ਪਤਾ ਹੈ ਕਿ ਤੁਹਾਡੀ ਡਿਊਟੀ ਕੀ ਹੈ। ਮੇਰੇ ਵੱਲੋਂ ਇਜਾਜ਼ਤ ਹੈ, ਆਪਣੀ ਡਿਊਟੀ ਨਿਭਾਓ।"
ਹੁਣ ਔਰੰਗਜ਼ੇਬ ਨੂੰ ਰੋਜ਼ਾਨਾ ਉਸਮਾਨ ਦਾ ਫੋਨ ਆਉਂਦਾ ਹੈ ਅਤੇ ਉਹ ਆਪਣੀ ਖ਼ੈਰੀਅਤ ਦੱਸਦੇ ਹਨ।
ਡਾ. ਉਸਮਾਨ ਜੰਜੂਆ ਨੂੰ ਚੀਨ ਅਤੇ ਪਾਕਿਸਤਾਨ ਵਿੱਚ 'ਹੀਰੋ' ਕਿਹਾ ਜਾ ਰਿਹਾ ਹੈ।
ਉਹ ਕਹਿੰਦੇ ਹਨ ਕਿ ਜਦੋਂ ਤੋਂ ਉਸਮਾਨ ਬਾਰੇ ਮੀਡੀਆ ਵਿੱਚ ਖ਼ਬਰਾਂ ਆ ਰਹੀਆਂ ਹਨ। ਲੋਕ ਸਾਡੀ ਹੌਸਲਅਫਜ਼ਾਈ ਲਈ ਘਰ ਆ ਰਹੇ ਹਨ ਅਤੇ ਫੋਨ ਵੀ ਵੱਜਦੇ ਰਹਿੰਦੇ ਹਨ।
ਚੀਨ ਵਿੱਚ ਪਾਕਿਸਤਾਨੀ ਅੰਬੈਂਸੀ ਨੇ ਆਪਣੇ ਟਵਿੱਟਰਕ ਹੈਂਡਲ ਤੋਂ ਟਵੀਟ ਕਰ ਕੇ ਡਾ. ਉਸਮਾਨ ਦੀ ਸ਼ਾਨਦਾਰ ਲਫ਼ਜ਼ਾਂ ਵਿੱਚ ਸ਼ਲਾਘਾ ਕੀਤੀ ਹੈ। ਉਨ੍ਹਾਂ ਨੇ ਲਿਖਿਆ ਹੈ, "ਅਸੀਂ ਡਾ. ਉਸਮਾਨ ਦੇ ਉਤਸ਼ਾਹ ਦੀ ਸ਼ਲਾਘਾ ਕਰਦੇ ਹਾਂ।"
Comments