ਮੋਗਾ ਜ਼ਿਲ੍ਹੇ 'ਚ ਦੋ ਪ੍ਰੇਮੀ ਜੋੜਿਆਂ ਵਲੋਂ ਖ਼ੁਦਕੁਸ਼ੀ


ਮੋਗਾ, 7 ਫਰਵਰੀ (ਗੁਰਤੇਜ ਸਿੰਘ)-ਮੋਗਾ ਜ਼ਿਲ੍ਹੇ ਵਿਚ ਵੱਖ-ਵੱਖ ਥਾਵਾਂ 'ਤੇ ਦੋ ਪ੍ਰੇਮੀ ਜੋੜਿਆਂ ਵਲੋਂ ਖੁਦਕੁਸ਼ੀ ਕਰ ਲਈ ਗਈ | ਅੱਜ ਸਵੇਰੇ ਕਸਬਾ ਬੱਧਨੀ ਕਲਾਂ ਅਧੀਨ ਪੈਂਦੇ ਪਿੰਡ ਰਣੀਆਂ ਕੋਲ ਲੰਘਦੀ ਨਹਿਰ ਦੇ ਕੰਢੇ ਲੜਕੇ ਅਤੇ ਲੜਕੀ ਦੀ ਲਾਸ਼ ਦਰਖ਼ਤ ਨਾਲ ਲਟਕਦੀ ਮਿਲੀ | ਮੌਕੇ 'ਤੇ ਪੁੱਜੇ ਡੀ.ਐਸ.ਪੀ. ਮਨਜੀਤ ਸਿੰਘ ਅਤੇ ਥਾਣਾ ਬੱਧਨੀ ਕਲਾਂ ਦੇ ਮੁੱਖ ਅਫ਼ਸਰ ਐਸ.ਆਈ. ਨਵਪ੍ਰੀਤ ਸਿੰਘ ਪੁਲਿਸ ਪਾਰਟੀ ਸਮੇਤ ਪੁੱਜੇ ਤੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਮੋਗਾ ਪੋਸਟ ਮਾਰਟਮ ਲਈ ਭੇਜ ਦਿੱਤਾ | ਖੁਦਕੁਸ਼ੀ ਕਰਨ ਵਾਲਿਆਂ 'ਚ ਨੇਹਾ (18) ਪੁੱਤਰੀ ਸੁਖਵਿੰਦਰ ਕੁਮਾਰ ਵਾਸੀ ਬੱਧਨੀ ਕਲਾਂ ਜੋ 11ਵੀਂ ਕਲਾਸ ਦੀ ਵਿਦਿਆਰਥਣ ਸੀ ਅਤੇ ਲੜਕਾ ਹਰਦੀਪ ਸਿੰਘ ਉਰਫ਼ ਹੈਪੀ (22) ਪੁੱਤਰ ਪਾਲਾ ਸਿੰਘ ਵਾਸੀ ਚੜਿੱਕ ਹਾਲ ਆਬਾਦ ਬੱਧਨੀ ਕਲਾਂ ਜੋ ਆਪਣੇ ਨਾਨਕੇ ਪਿੰਡ ਰਹਿੰਦਾ ਸੀ ਅਤੇ ਟਰੱਕ ਡਰਾਈਵਰ ਵਜੋਂ ਕੰਮ ਕਰਦਾ ਸੀ | ਉਕਤ ਜੋੜੇ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਆਪਣੀ ਇਕ ਵੀਡੀਓ ਵਾਇਰਲ ਕੀਤੀ, ਜਿਸ 'ਚ ਉਨ੍ਹਾਂ ਨੇ ਉਨ੍ਹਾਂ ਦਾ ਅੰਤਿਮ ਸੰਸਕਾਰ ਇਕੱਠਿਆਂ ਕੀਤੇ ਜਾਣ ਬਾਰੇ ਕਿਹਾ | ਦੂਜੀ ਘਟਨਾ 'ਚ ਜ਼ਿਲ੍ਹੇ ਦੇ ਪਿੰਡ ਚੰਦ ਪੁਰਾਣਾ ਟਿੱਬੀਆਂ ਦੇ ਇਕ ਪ੍ਰੇਮੀ ਜੋੜੇ ਨੇ ਪਿੰਡ ਸਿੰਘਾਂਵਾਲਾ ਅਤੇ ਚੰਦ ਪੁਰਾਣਾ ਵਿਚਕਾਰ ਪੈਂਦੇ ਸੂਏ ਕੋਲ ਖੇਤਾਂ 'ਚ ਕੋਈ ਕੀਟਨਾਸ਼ਕ ਦਵਾਈ ਖਾ ਕੇ ਖੁਦਕੁਸ਼ੀ ਕਰ ਲਈ | ਘਟਨਾ ਦੀ ਸੂਚਨਾ ਮਿਲਦਿਆਂ ਹੀ ਐਸ. ਪੀ. (ਡੀ) ਹਰਿੰਦਰਪਾਲ ਸਿੰਘ ਪਰਮਾਰ, ਥਾਣਾ ਸਿਟੀ ਸਾਊਥ ਦੇ ਮੁੱਖ ਅਫ਼ਸਰ ਐਸ. ਆਈ. ਕਰਮਜੀਤ ਸਿੰਘ ਅਤੇ ਥਾਣਾ ਚੜਿੱਕ ਦੇ ਮੁੱਖ ਅਫ਼ਸਰ ਜੈਪਾਲ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ ਤੇ ਘਟਨਾ ਦਾ ਜਾਇਜ਼ਾ ਲਿਆ | ਖੁਦਕੁਸ਼ੀ ਕਰਨ ਵਾਲਿਆਂ 'ਚ ਰਮਨਦੀਪ ਕੌਰ (18) ਪੁੱਤਰੀ ਜਗਰਾਜ ਸਿੰਘ ਵਾਸੀ ਚੰਦ ਪੁਰਾਣਾ ਟਿੱਬੀਆਂ ਜੋ ਦਸਵੀਂ ਦੀ ਵਿਦਿਆਰਥਣ ਸੀ, ਜਦ ਕਿ ਰਾਜਪ੍ਰੀਤ ਸਿੰਘ ਉਰਫ਼ ਰਾਜੂ (23) ਪੁੱਤਰ ਬਲਦੇਵ ਸਿੰਘ ਵਾਸੀ ਚੰਦ ਪੁਰਾਣਾ ਟਿੱਬੀਆਂ ਜੋ ਇਕ ਬਾਉਂਸਰ ਵਜੋਂ ਕੰਮ ਕਰਦਾ ਸੀ | ਮਿ੍ਤਕਾਂ ਦੇ ਪਰਿਵਾਰਾਂ ਨੇ ਦੱਸਿਆ ਕਿ ਉਹ ਦੋਵੇਂ ਰਾਤ ਕਰੀਬ 9 ਵਜੇ ਤੋਂ ਗ਼ਾਇਬ ਸਨ | ਗੌਰਤਲਬ ਹੈ ਕਿ ਉਕਤ ਜੋੜੇ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਸ਼ਗਨਾਂ ਵਾਲੇ ਕੱਪੜੇ ਪਹਿਨੇ ਹੋਏ ਸਨ | ਲੜਕੀ ਨੇ ਸ਼ਗਨਾਂ ਵਾਲਾ ਸੂਟ ਪਹਿਨਣ ਤੋਂ ਇਲਾਵਾ ਚੂੜਾ ਵੀ ਪਾਇਆ ਹੋਇਆ ਸੀ ਤੇ ਲੜਕੇ ਦੇ ਗੁੱਟਾਂ 'ਤੇ ਸ਼ਗਨਾਂ ਵਾਲੇ ਗਾਨੇ ਬੰਨ੍ਹੇ ਹੋਏ ਸਨ |
Comments