background of Canadian political leader Sr. Jagmeet Singh
ਸੇਵਾ ਸਿੰਘ ਠੀਕਰੀਵਾਲਾ ਦੇ ਪੜਪੋਤੇ ਜਗਮੀਤ ਸਿੰਘ ਦਾ NDP ਦੇ ਕੌਮੀ ਆਗੂ ਬਣਨ ਤੱਕ ਦਾ ਸਫ਼ਰ

ਕੈਨੇਡਾ ਦੇ ਐੱਨਡੀਪੀ ਆਗੂ ਜਗਮੀਤ ਸਿੰਘ ਬ੍ਰਿਟਿਸ਼ ਕੋਲੰਬੀਆ ਦੇ ਬਰਨਬੀ ਦੱਖਣੀ ਇਲਾਕੇ ਤੋਂ ਜਿੱਤੇ ਹਨ।
ਕੈਨੇਡੀਅਨ ਫੈਡਰਲ ਚੋਣਾਂ ਵਿੱਚ ਜਿੱਤ ਤੋਂ ਬਾਅਦ ਜਗਮੀਤ ਸਿੰਘ ਨੇ ਟਵੀਟ ਕਰਦਿਆਂ ਲੋਕਾਂ ਦਾ ਧੰਨਵਾਦ ਵੀ ਕੀਤਾ।
ਉਧਰ ਦੂਜੇ ਪਾਸੇ ਆਪਣੇ ਭਾਸ਼ਣ ਵਿੱਚ ਜਗਮੀਤ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਲਿਬਰਲ ਪਾਰਟੀ ਨੂੰ ਉਨ੍ਹਾਂ ਦੀ ਸਰਕਾਰ ਦੀ ਜਿੱਤ 'ਤੇ ਵਧਾਈ ਦਿੱਤੀ।

ਜਗਮੀਤ ਸਿੰਘ ਕਿਸੇ ਘੱਟ-ਗਿਣਤੀ ਭਾਈਚਾਰੇ ਦਾ ਪਹਿਲਾ ਚਿਹਰਾ ਹੈ ਜੋ ਦੇਸ਼ ਦੀ ਫੈਡਰਲ ਪਾਰਟੀ ਦਾ ਮੋਢੀ ਬਣਿਆ ਹੈ।
ਖੱਬੇ-ਪੱਖੀ ਪਾਰਟੀ ਦੇ ਤਿੰਨ ਉਮੀਦਵਾਰਾਂ ਨੂੰ ਹਰਾ ਕੇ ਜਗਮੀਤ ਸਿੰਘ ਪਾਰਟੀ ਦੇ ਆਗੂ ਚੁਣੇ ਗਏ ਸਨ।

ਜਗਮੀਤ ਸਿੰਘ ਕੈਨੇਡਾ ਦੀ ਪ੍ਰਮੁੱਖ ਸਿਆਸੀ ਧਿਰ 'ਨਿਊ ਡੈਮੋਕਰੇਟਿਕ ਪਾਰਟੀ' ਦੇ ਕੱਦਾਵਰ ਆਗੂ ਹਨ।
ਪਾਰਟੀ ਪ੍ਰਧਾਨਗੀ ਦੀ ਚੋਣ ਦੌਰਾਨ ਕੁਝ ਲੋਕਾਂ ਵੱਲੋਂ ਉਨ੍ਹਾਂ ਦੀ ਰੈਲੀ ਵਿਚ ਪਹੁੰਚ ਕੇ ਉਨ੍ਹਾਂ ਖਿਲਾਫ਼ ਨਸਲੀ ਟਿੱਪਣੀਆਂ ਕਰਨ ਕਰਕੇ ਉਹ ਮੁੜ ਚਰਚਾ ਵਿਚ ਆ ਗਏ ਸਨ।
ਠੀਕਰੀਵਾਲਾ ਦੇ ਪੜਪੋਤੇ ਹਨ ਜਗਮੀਤ ਸਿੰਘ
ਜਗਮੀਤ ਸਿੰਘ ਭਾਰਤ ਦੀ ਅਜ਼ਾਦੀ ਦੌਰਾਨ ਚੱਲਣ ਵਾਲੀਆਂ ਲਹਿਰਾਂ ਵਿਚੋਂ ਇਕ ਪਰਜਾ ਮੰਡਲ ਲਹਿਰ ਦੇ ਪ੍ਰਮੁੱਖ ਆਗੂ ਸੇਵਾ ਸਿੰਘ ਠੀਕਰੀਵਾਲਾ ਦੇ ਪੜਪੋਤੇ ਹਨ।
ਸੇਵਾ ਸਿੰਘ ਠੀਕਰੀਵਾਲਾ ਨੇ ਪਟਿਆਲਾ ਰਿਆਸਤ ਅਤੇ ਅੰਗਰੇਜ਼ ਹਕੂਮਤ ਖਿਲਾਫ਼ ਲੜਾਈ ਲੜੀ ਸੀ
ਉਹ ਭਾਰਤ ਦੇ ਇਤਿਹਾਸ ਵਿੱਚ ਸਭ ਤੋਂ ਲੰਮਾ ਮਰਨ ਵਰਤ ਰੱਖ ਕੇ ਜਾਨ ਵਾਰਨ ਵਾਲੇ ਆਗੂ ਸਨ।

ਜਗਮੀਤ ਸਿੰਘ ਦੇ ਪਿਤਾ ਪੇਸ਼ੇ ਵਜੋਂ ਡਾਕਟਰ ਸਨ ਪਰ ਉਹ ਕੈਨੇਡਾ ਚਲੇ ਗਏ ਅਤੇ ਉਥੇ ਹੀ 2 ਜਨਵਰੀ 1979 ਨੂੰ ਜਗਮੀਤ ਸਿੰਘ ਦਾ ਜਨਮ ਹੋਇਆ ਸੀ।
ਨਸਲੀ ਵਿਤਕਰਿਆਂ ਨੇ ਹੀ ਬਣਾਇਆ ਆਗੂ
ਜਗਮੀਤ ਸਿੰਘ ਬਚਪਨ ਵਿਚ ਜਦੋਂ ਸਕੂਲ ਜਾਂਦੇ ਸਨ ਤਾਂ ਉਨ੍ਹਾਂ ਨਾਲ ਪੜ੍ਹਨ ਵਾਲੇ ਬੱਚੇ ਉਨ੍ਹਾਂ ਦੀ ਭੂਰੀ ਚਮੜੀ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨ ਕਰਦੇ ਸਨ।
ਉਹ ਉਸ ਨੂੰ ਪੁੱਛਦੇ ਸਨ, ''ਤੇਰੀ ਚਮੜੀ ਭੂਰੀ ਕਿਉਂ ਹੈ? ਕੀ ਤੂੰ ਨਹਾਉਂਦਾ ਨਹੀਂ ਹੈਂ, ਤੂੰ ਆਪਣੇ ਵਾਲ ਕਿਉਂ ਨਹੀਂ ਕੱਟਦਾ?''
ਜਗਮੀਤ ਖੁਦ ਮੀਡੀਆ ਨਾਲ ਮੁਲਾਕਾਤਾਂ ਦੌਰਾਨ ਦੱਸਦੇ ਹਨ ਕਿ ਉਹ ਕਈ ਵਾਰ ਤਾਂ ਬੱਚਿਆਂ ਨਾਲ ਲੜ ਪੈਂਦਾ ਸੀ।
ਆਪਣੇ ਅਤੇ ਦੂਜੇ ਲੋਕਾਂ ਨਾਲ ਹੋਣ ਵਾਲੀ ਇਸ ਬੇਇਨਸਾਫੀ ਨੇ ਉਸਦੀ ਸੋਚ ਨੂੰ ਇਕ ਕਾਰਕੁੰਨ ਦਾ ਰੂਪ ਦੇ ਦਿੱਤਾ ਅਤੇ ਉਹ ਆਪਣੇ ਭਾਈਚਾਰੇ ਅਤੇ ਦੂਜੇ ਲੋਕਾਂ ਦੇ ਹਿੱਤਾਂ ਲਈ ਲੜਨ ਲੱਗ ਪਿਆ।
ਪੇਸ਼ੇ ਵਜੋਂ ਕ੍ਰਿਮੀਨਲ ਵਕੀਲ
ਜਗਮੀਤ ਸਿੰਘ ਪੇਸ਼ੇ ਵਜੋਂ ਕ੍ਰਿਮੀਨਲ ਵਕੀਲ ਹਨ। ਉਨ੍ਹਾਂ ਨੇ ਭਾਰਤ ਵਿਚ ਸਿੱਖ ਵਿਰੋਧੀ ਕਤਲੇਆਮ, ਕੈਨੇਡਾ ਵਿਚ ਟਿਊਸ਼ਨ ਫੀਸ ਵਿਰੋਧੀ ਲਹਿਰ ਅਤੇ ਜੰਗ ਵਿਰੋਧੀ ਮੋਰਚੇ ਲਾਏ।

ਉਹ ਦੁਨੀਆਂ ਭਰ ਵਿੱਚ ਅਮਨ ਸ਼ਾਂਤੀ ਦੇ ਮੁਦੱਈ ਹਨ। ਉਨ੍ਹਾਂ ਦੀ ਇਸੇ ਸੋਚ ਅਤੇ ਸੰਘਰਸ਼ ਕਾਰਨ ਮਨੁੱਖੀ ਅਧਿਕਾਰ ਸੰਗਠਨਾਂ ਨੇ ਉਨ੍ਹਾਂ ਨੂੰ ਸਿਆਸਤ ਵਿੱਚ ਆਉਣ ਲਈ ਪ੍ਰੇਰਿਤ ਕੀਤਾ।
ਯੂਥ ਆਈਕਨ ਹਨ ਜਗਮੀਤ ਸਿੰਘ
ਓਨਟਾਰੀਓ ਦੀ ਬਰੈਮਲੀ ਗੋਰ ਮਾਲਟਨ ਰਾਈਡਿੰਗ ਤੋਂ ਵਿਧਾਇਕ ਜਗਮੀਤ ਸਿੰਘ 2011 ਤੋਂ ਲਗਾਤਾਰ ਚੋਣ ਜਿੱਤ ਰਹੇ ਹਨ।
ਇਸ ਸਮੇਂ ਓਨਟਾਰੀਓ ਅਸੈਂਬਲੀ ਵਿਚ ਵਿਰੋਧੀ ਧਿਰ ਦੇ ਉਪ ਨੇਤਾ ਹਨ।
2013 ਵਿੱਚ ਉਨ੍ਹਾਂ ਨੂੰ ਇਕ ਮੀਡੀਆ ਸੰਗਠਨ ਵਲੋਂ ਕੀਤੇ ਗਏ ਅਧਿਐਨ ਦੌਰਾਨ ਕੈਨੇਡਾ ਦੇ 5 ਨੌਜਵਾਨ ਸਿਤਾਰਿਆਂ ਵਿਚੋਂ ਇੱਕ ਚੁਣਿਆ ਗਿਆ।

ਉਹ ਪਹਿਲੇ 10 ਕੈਨੇਡੀਅਨ ਵਿਅਕਤੀਆਂ ਵਿਚ ਸ਼ਾਮਲ ਕੀਤੇ ਗਏ, ਜਿਹੜੇ ਆਪਣੇ ਪਹਿਰਾਵੇ ਕਾਰਨ ਸੋਹਣੇ ਦਿਸਦੇ ਹਨ।
ਉਨ੍ਹਾਂ ਦਾ ਨਾਂ ਕੈਨੇਡਾ ਦੇ 25 ਸਭ ਤੋਂ ਵੱਧ ਸਟਾਈਲਿਸ਼ ਵਿਅਕਤੀਆਂ ਵਿਚ ਵੀ ਆਉਂਦਾ ਹੈ।
ਭਾਰਤ ਨੇ ਨਹੀਂ ਦਿੱਤਾ ਸੀ ਵੀਜ਼ਾ
ਜਗੀਮਤ ਸਿੰਘ ਭਾਵੇਂ ਬਚਪਨ ਵਿਚ ਪਟਿਆਲਾ ਰਹਿ ਚੁੱਕੇ ਹਨ ਅਤੇ ਉਹ ਭਾਰਤ ਆਉਂਦੇ ਜਾਂਦੇ ਰਹੇ ਹਨ,
ਪਰ ਆਪਣੇ ਕਾਲਜ ਸਮੇਂ ਦੌਰਾਨ ਉਨ੍ਹਾਂ ਭਾਰਤ ਵਿਚ ਸਿੱਖ ਵਿਰੋਧੀ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਮੁਹਿੰਮ ਚਲਾਈ।
ਤਤਕਾਲੀ ਵਪਾਰ ਮੰਤਰੀ ਕਮਲ ਨਾਥ ਖਿਲਾਫ ਟੋਰਾਂਟੋ ਵਿਚ ਵੱਡਾ ਮੁਜ਼ਾਹਰਾ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਨੂੰ 2013 ਵਿਚ ਭਾਰਤ ਆਉਣ ਦਾ ਵੀਜ਼ਾ ਨਹੀਂ ਦਿੱਤਾ ਗਿਆ। ਜਿਸ ਦਾ ਕਾਫੀ ਵਿਵਾਦ ਉਠਿਆ ਸੀ।
ਬਦਲਿਆ ਇਤਿਹਾਸ
ਐਨ. ਡੀ. ਪੀ. ਦੇ ਕੌਮੀ ਪ੍ਰਧਾਨ ਦੀ ਚੋਣ ਲੜੇ ਜਗਮੀਤ ਸਿੰਘ ਦਾ ਮੁਕਾਬਲਾ ਕਾਫੀ ਸਖ਼ਤ ਸੀ, ਪਰ ਉਹ ਅੰਗਰੇਜ਼ੀ, ਪੰਜਾਬੀ, ਫਰੈਂਚ ਅਤੇ ਹੋਰ ਕਈ ਭਾਸ਼ਾਵਾਂ ਬੋਲਦੇ ਹੋਣ ਕਾਰਨ ਅਤੇ ਇਕ ਚਰਚਿਤ ਵਕੀਲ ਤੇ ਨੌਜਵਾਨ ਆਗੂ ਵਜੋਂ ਲੋਕਾਂ ਦਾ ਆਕਰਸ਼ਣ ਰਹੇ।

ਆਪਣੇ ਹਲਕੇ ਵਿੱਚ ਸਾਈਕਲ 'ਤੇ ਘੁੰਮਣਾ, ਆਮ ਲੋਕਾਂ ਦੇ ਹੱਕਾਂ ਲਈ ਡਟ ਕੇ ਖੜ੍ਹਨ ਵਾਲੇ ਜਗਮੀਤ ਇਹ ਚੋਣ ਜਿੱਤ ਕੇ ਕਿਸੇ ਕੈਨੇਡੀਅਨ ਸਿਆਸੀ ਪਾਰਟੀ ਦੇ ਕੌਮੀ ਪ੍ਰਧਾਨ ਬਣਨ ਵਾਲੇ ਪਹਿਲੇ ਗੈਰ ਗੋਰੇ ਸਿਆਸਤਦਾਨ ਬਣ ਗਏ ਹਨ। Copied by bbc punjabi thanks.
Comments