ਧਾਰਮਿਕ ਆਗੂ ਸੈਕਸ ਲਈ ਕੱਚੇ ਵਿਆਹਾਂ ਰਾਹੀਂ ਕੁੜੀਆਂ ਦੀ ਕਰ ਰਹੇ ਹਨ ਦਲਾਲੀ
ਇਰਾਕ 'ਚ ਧਾਰਮਿਕ ਆਗੂ ਸੈਕਸ ਲਈ ਕੱਚੇ ਵਿਆਹਾਂ ਰਾਹੀਂ ਕੁੜੀਆਂ ਦੀ ਕਰ ਰਹੇ ਹਨ ਦਲਾਲੀ - BBC Investigation

ਇਰਾਕ ਵਿੱਚ ਧਾਰਮਿਕ ਆਗੂਆਂ ਵਲੋਂ ਛੋਟੀ ਉਮਰ ਦੀਆਂ ਕੁੜੀਆਂ ਨੂੰ ਸੈਕਸ ਲਈ ਭੇਜਿਆ ਜਾ ਰਿਹਾ ਹੈ। ਇਹ ਖੁਲਾਸਾ ਬੀਬੀਸੀ ਨਿਊਜ਼ ਅਰਬੀ ਦੀ ਸ਼ੀਆ ਪ੍ਰਥਾ ਤਹਿਤ ਅਸਥਾਈ "ਪਲੇਜ਼ਰ ਮੈਰਿਜ" (ਸੈਕਸ ਲਈ ਵਿਆਹ) ਦੀ ਜਾਂਚ ਵਿੱਚ ਸਾਹਮਣੇ ਆਇਆ ਹੈ।
ਇਰਾਕ ਦੀਆਂ ਕੁਝ ਅਹਿਮ ਮਸਜਿਦਾਂ ਨੇੜੇ ਮੌਲਵੀਆਂ ਵਲੋਂ ਚਲਾਏ ਜਾਂਦੇ ਵਿਆਹ ਦਫ਼ਤਰਾਂ ਦੀ ਅੰਡਰਕਵਰ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਬਹੁਤ ਸਾਰੇ ਮੌਲਵੀ ਥੋੜ੍ਹੇ ਸਮੇਂ ਲਈ ਵਿਆਹ ਕਰਵਾਉਣ ਲਈ ਤਿਆਰ ਸਨ। ਕਈ ਵਾਰ ਉਹ ਸਿਰਫ਼ ਇੱਕ ਘੰਟੇ ਤੋਂ ਵੀ ਘੱਟ ਸਮੇਂ ਲਈ ਵਿਆਹ ਕਰਵਾਉਣ ਨੂੰ ਰਾਜ਼ੀ ਸਨ ਉਹ ਵੀ ਸਿਰਫ਼ ਸੈਕਸ ਲਈ। ਕੁਝ ਮੌਲਵੀ ਇਸ ਸੀਮਾਬੱਧੀ ਵਿਆਹ ਲਈ 9 ਸਾਲ ਦੀਆਂ ਕੁੜੀਆਂ ਨੂੰ ਦੇਣ ਲਈ ਵੀ ਤਿਆਰ ਸਨ।
ਉਹ ਇਸ ਪਲੇਜ਼ਰ ਮੈਰਿਜ ਦੇ ਲਈ ਔਰਤਾਂ ਤੇ ਘੱਟ ਉਮਰ ਦੀਆਂ ਕੁੜੀਆਂ ਦੇਣ ਲਈ ਵੀ ਰਾਜ਼ੀ ਸਨ। ਡਾਕੂਮੈਂਟਰੀ ਵਿੱਚ ਦਿਖਾਇਆ ਗਿਆ ਹੈ ਕਿ ਇਹ ਧਾਰਮਿਕ ਆਗੂ ਦਲਾਲ ਦਾ ਕੰਮ ਕਰ ਰਹੇ ਸਨ।
ਪਲੈਜ਼ਰ ਮੈਰਿਜ
ਪਲੇਜ਼ਰ ਮੈਰਿਜ (ਮਜ਼ੇ ਜਾਂ ਸੈਕਸ ਲਈ ਵਿਆਹ) - ਨਿਕਾਹ ਮੁਤਾਹ - ਇੱਕ ਵਿਵਾਦਤ ਧਾਰਮਿਕ ਪਰੰਪਰਾ ਹੈ ਜਿਸ ਦੇ ਤਹਿਤ ਸ਼ੀਆ ਮੁਸਲਮਾਨ ਆਰਜ਼ੀ ਵਿਆਹ ਕਰਵਾਉਂਦੇ ਹਨ ਜਿਸ ਲਈ ਔਰਤ ਨੂੰ ਪੈਸੇ ਦਿੱਤੇ ਜਾਂਦੇ ਹਨ। ਸੁੰਨੀ ਬਹੁਗਿਣਤੀ ਦੇਸਾਂ ਵਿਚ "ਮੀਸਿਆਰ" ਵਿਆਹ ਵੀ ਅਜਿਹੀ ਹੀ ਪਰੰਪਰਾ ਹੈ।
ਇਹ ਪ੍ਰਥਾ ਸਫ਼ਰ ਦੌਰਾਨ ਇੱਕ ਮਰਦ ਨੂੰ ਆਪਣੇ ਨਾਲ ਇੱਕ ਪਤਨੀ ਲੈ ਕੇ ਜਾਣ ਤੋਂ ਸ਼ੁਰੂ ਹੋਈ ਸੀ ਪਰ ਅੱਜ-ਕੱਲ੍ਹ ਇਸ ਦੀ ਵਰਤੋਂ ਜਿਨਸੀ ਸਬੰਧ ਬਣਾਉਣ ਲਈ ਹੁੰਦੀ ਹੈ।
ਇਸ ਪਰੰਪਰਾਂ ਬਾਰੇ ਮੁਸਲਮਾਨ ਵਿਦਵਾਨਾਂ ਦੀ ਵੱਖੋ-ਵੱਖਰੀ ਰਾਇ ਹੈ। ਕੁਝ ਮਾਹਿਰ ਕਹਿੰਦੇ ਹਨ ਕਿ ਇਹ ਵੇਸਵਾ-ਪ੍ਰਥਾ ਨੂੰ ਜਾਇਜ਼ ਠਹਿਰਾਉਂਦਾ ਹੈ। ਉੱਥੇ ਹੀ ਇਸ ਬਾਰੇ ਚਰਚਾ ਹੋ ਰਹੀ ਹੈ ਕਿ ਇੰਨੇ ਘੱਟ ਸਮੇਂ ਵਾਲੇ ਵਿਆਹ ਨੂੰ ਵਿਆਹ ਕਿਵੇਂ ਕਿਹਾ ਜਾ ਸਕਦਾ ਹੈ।
ਬੀਬੀਸੀ ਦੀ ਇਰਾਕੀ ਅਤੇ ਬਰਤਾਨਵੀ ਟੀਮ ਨੇ 11 ਮਹੀਨਿਆਂ ਦੀ ਪੜਤਾਲ ਕੀਤੀ। ਇਸ ਦੌਰਾਨ ਮੌਲਵੀਆਂ ਨਾਲ ਅੰਡਰਕਵਰ ਗੱਲਬਾਤ ਕੀਤੀ ਗਈ ਅਤੇ ਉਨ੍ਹਾਂ ਔਰਤਾਂ ਨਾਲ ਸੰਪਰਕ ਕੀਤਾ ਗਿਆ ਜਿਨ੍ਹਾਂ ਦਾ ਜਿਨਸੀ ਸ਼ੋਸ਼ਣ ਕੀਤਾ ਜਾਂਦਾ ਸੀ ਤੇ ਨਾਲ ਹੀ ਉਨ੍ਹਾਂ ਵਿਅਕਤੀਆਂ ਨਾਲ ਗੱਲਬਾਤ ਕੀਤੀ ਗਈ ਜਿਨ੍ਹਾਂ ਨੇ "ਮਜ਼ੇ ਲਈ ਲਾੜੀ" ਵਾਸਤੇ ਮੌਲਵੀਆਂ ਨੂੰ ਭੁਗਤਾਨ ਕੀਤਾ ਸੀ।
15 ਸਾਲ ਤੱਕ ਜੰਗ ਦੀ ਮਾਰ ਝੱਲਦਿਆਂ ਇਰਾਕ ਵਿੱਚ ਕਰੀਬ 10 ਲੱਖ ਔਰਤਾਂ ਦੇ ਵਿਧਵਾ ਹੋਣ ਦੇ ਕਿਆਸ ਲਗਾਏ ਜਾ ਰਹੇ ਹਨ ਅਤੇ ਬਹੁਤ ਸਾਰੀਆਂ ਬੇਘਰ ਹੋ ਗਈਆਂ ਹਨ। ਬੀਬੀਸੀ ਦੀ ਟੀਮ ਨੇ ਦੇਖਿਆ ਹੈ ਕਿ ਬਹੁਤ ਸਾਰੀਆਂ ਔਰਤਾਂ ਅਤੇ ਕੁੜੀਆਂ ਗਰੀਬੀ ਕਾਰਨ ਅਜਿਹੇ ਵਿਆਹ ਨੂੰ ਕਬੂਲ ਕਰ ਲੈਂਦੀਆਂ ਹਨ।
ਕਿੱਥੇ ਹੁੰਦੇ ਹਨ ਅਜਿਹੇ ਵਿਆਹ
ਡਾਕੂਮੈਂਟਰੀ ਦੀ ਟੀਮ ਨੂੰ ਇਹ ਸਬੂਤ ਮਿਲੇ ਹਨ ਕਿ ਅਜਿਹੇ ਵਿਆਹ ਜ਼ਿਆਦਾਤਰ ਇਰਾਕ ਦੀਆਂ ਦੋ ਸਭ ਤੋਂ ਪਵਿੱਤਰ ਥਾਵਾਂ 'ਤੇ ਹੁੰਦੇ ਹਨ।
ਮਿਸਾਲ ਵਜੋਂ, ਉਨ੍ਹਾਂ ਨੇ ਖਦੀਮੀਆ, ਬਗਦਾਦ ਵਿੱਚ 10 ਮੌਲਵੀਆਂ ਨਾਲ ਗੱਲਬਾਤ ਕੀਤੀ ਜੋ ਕਿ ਸ਼ੀਆ ਮੁਸਲਮਾਨਾਂ ਲਈ ਸਭ ਤੋਂ ਅਹਿਮ ਮਸਜਿਦ ਹੈ।
ਉਨ੍ਹਾਂ ਵਿੱਚੋਂ ਅੱਠ ਨੇ ਕਿਹਾ ਸੀ ਕਿ ਉਹ 'ਪਲੇਜ਼ਰ ਮੈਰਿਜ' ਕਰਵਾਉਣਗੇ ਜਦ ਕਿ ਅੱਧੇ ਮੌਲਵੀਆਂ ਨੇ ਕਿਹਾ ਕਿ ਉਹ 12-13 ਸਾਲ ਦੀਆਂ ਕੁੜੀਆਂ ਦੀ ਪਲੇਜ਼ਰ ਮੈਰਿਜ ਕਰਾਵਾਉਂਦੇ ਹਨ।

ਟੀਮ ਨੇ ਵਿਸ਼ਵ ਦੇ ਸਭ ਤੋਂ ਵੱਡੇ ਸ਼ੀਆ ਤੀਰਥ ਅਸਥਾਨ ਕਰਬਲਾ ਵਿਖੇ ਚਾਰ ਮੌਲਵੀਆਂ ਤੱਕ ਵੀ ਪਹੁੰਚ ਕੀਤੀ। ਉਨ੍ਹਾਂ ਵਿਚੋਂ ਦੋ ਜਵਾਨ ਕੁੜੀਆਂ ਨਾਲ ਪਲੇਜ਼ਰ ਮੈਰਿਜ ਲਈ ਸਹਿਮਤ ਹੋਏ।
ਚਾਰੇ ਮੌਲਵੀਆਂ ਨੂੰ ਗੁਪਤ ਤਰੀਕੇ ਨਾਲ ਰਿਕਾਰਡ ਕੀਤਾ ਗਿਆ ਸੀ। ਤਿੰਨ ਨੇ ਕਿਹਾ ਕਿ ਉਹ ਔਰਤ ਮੁਹੱਈਆ ਕਰਵਾਉਣਗੇ ਜਦ ਕਿ ਚਾਰ ਵਿੱਚੋਂ ਦੋ ਨੇ ਕਿਹਾ ਕਿ ਉਹ ਜਵਾਨ ਕੁੜੀਆਂ ਦੇਣਗੇ।
ਬਗਦਾਦ ਦੇ ਇੱਕ ਮੌਲਵੀ ਸਈਅਦ ਰਾਅਦ ਨੇ ਬੀਬੀਸੀ ਦੀ ਅੰਡਰਕਵਰ ਰਿਪੋਰਟਰ ਨੂੰ ਦੱਸਿਆ ਕਿ ਸ਼ਰੀਆ ਕਾਨੂੰਨ ਦੇ ਤਹਿਤ ਮਜ਼ੇ ਲਈ ਵਿਆਹ 'ਤੇ ਕੋਈ ਸਮਾਂ ਸੀਮਾ ਨਹੀਂ ਰੱਖੀ ਗਈ ਹੈ।
"ਇੱਕ ਮਰਦ ਜਿੰਨੀਆਂ ਮਰਜ਼ੀ ਔਰਤਾਂ ਨਾਲ ਵਿਆਹ ਕਰਵਾ ਸਕਦਾ ਹੈ। ਤੁਸੀਂ ਅੱਧੇ ਘੰਟੇ ਲਈ ਕੁੜੀ ਨਾਲ ਵਿਆਹ ਕਰਵਾ ਸਕਦੇ ਹੋ ਅਤੇ ਜਿਵੇਂ ਹੀ ਇਹ ਖ਼ਤਮ ਹੋ ਜਾਵੇਗੀ, ਤੁਰੰਤ ਹੀ ਤੁਸੀਂ ਦੂਜੀ ਕੁੜੀ ਨਾਲ ਵਿਆਹ ਕਰਵਾ ਸਕਦੇ ਹੋ।"
9 ਸਾਲ ਤੋਂ ਵੱਧ ਕੁੜੀ ਲਈ ਕੋਈ ਮੁਸ਼ਕਿਲ ਨਹੀਂ
ਜਦੋਂ ਪੱਤਰਕਾਰ ਨੇ ਸਈਅਦ ਰਾਅਦ ਨੂੰ ਪੁੱਛਿਆ ਕਿ ਕੀ ਕਿਸੇ ਬੱਚੀ ਨਾਲ ਪਲੇਜ਼ਰ ਮੈਰਿਜ ਕਰਵਾਉਣਾ ਮਨਜ਼ੂਰ ਹੈ, ਤਾਂ ਮੌਲਵੀ ਨੇ ਉੱਤਰ ਦਿੱਤਾ, " ਸਾਵਧਾਨ ਰਹੋ ਕਿ ਉਹ ਆਪਣਾ ਕੁਆਰਾਪਣ ਨਹੀਂ ਗੁਆਏ।"
ਉਸ ਨੇ ਅੱਗੇ ਕਿਹਾ, "ਤੁਸੀਂ ਉਸ ਨਾਲ 'ਫੌਰਪਲੇਅ' ਕਰ ਸਕਦੇ ਹੋ, ਉਸ ਦੇ ਨਾਲ ਲੇਟ ਸਕਦੇ ਹੋ, ਉਸ ਦੇ ਸਰੀਰ, ਉਸ ਦੀ ਛਾਤੀ ਨੂੰ ਛੂਹ ਸਕਦੇ ਹੋ ... ਤੁਸੀਂ ਉਸ ਨਾਲ ਸੈਕਸ ਨਹੀਂ ਕਰ ਸਕਦੇ ਪਰ ਐਨਲ ਸੈਕਸ ਕਰ ਸਕਦੇ ਹੋ।"

ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਜੇ ਕੁੜੀ ਜ਼ਖਮੀ ਹੋ ਗਈ ਤਾਂ ਕੀ ਹੋਏਗਾ। ਮੌਲਵੀ ਨੇ ਤੁਰੰਤ ਜਵਾਬ ਦਿੱਤਾ, "ਇਹ ਤੁਹਾਡੇ ਅਤੇ ਉਸ ਦੇ ਵਿਚਕਾਰ ਹੈ ਕੀ ਉਹ ਦਰਦ ਸਹਿ ਸਕਦੀ ਹੈ ਜਾਂ ਨਹੀਂ।"
ਕਰਬਲਾ ਦੇ ਇੱਕ ਮੌਲਵੀ ਸ਼ੇਖ ਸਾਲਵੀ ਨੂੰ ਗੁਪਤ ਕੈਮਰੇ 'ਤੇ ਰਿਪੋਰਟਰ ਨੇ ਪੁੱਛਿਆ ਕਿ ਕੀ ਇੱਕ 12 ਸਾਲਾਂ ਕੁੜੀ ਮੁਤਾਹ ਲਈ ਮਨਜ਼ੂਰ ਹੋਵੇਗੀ?
ਉਸ ਨੇ ਜਵਾਬ ਦਿੱਤਾ, "ਹਾਂ, 9 ਸਾਲ ਤੋਂ ਵੱਧ ਉਮਰ ਦੀ ਕੁੜੀ ਨਾਲ ਕੋਈ ਸਮੱਸਿਆ ਨਹੀਂ ਹੈ। ਸ਼ਰੀਆ ਅਨੁਸਾਰ ਇਸ ਵਿੱਚ ਕੋਈ ਸਮੱਸਿਆ ਨਹੀਂ ਹੈ।" ਸਈਅਦ ਰਾਅਦ ਵਾਂਗ ਉਸ ਨੇ ਕਿਹਾ ਕਿ ਇੱਕੋ ਮਸਲਾ ਇਹ ਹੈ ਕਿ ਕੀ ਕੁੜੀ ਕੁਆਰੀ ਹੈ। ਜੇ ਨਾਬਾਲਗ ਨੂੰ ਮਨਜ਼ੂਰ ਹੈ ਤਾਂ ਫੋਰਪਲੇਅ ਅਤੇ ਐਨਲ ਸੈਕਸ ਦੀ ਇਜਾਜ਼ਤ ਹੈ। ਬਾਅਦ ਵਿੱਚ ਉਨ੍ਹਾਂ ਨੇ ਕਿਹਾ, "ਜੋ ਤੁਸੀਂ ਕਰਨਾ ਚਾਹੁੰਦੇ ਹੋ ਉਹ ਕਰੋ।"
ਫੋਨ 'ਤੇ ਵਿਆਹ
ਪਲੇਜ਼ਰ ਮੈਰਿਜ ਦਾ ਤਰੀਕਾ ਕੀ ਹੈ ਇਹ ਜਾਂਚਣ ਲਈ ਰਿਪੋਰਟਰ ਨੇ ਸਈਅਦ ਰਾਅਦ ਨੂੰ ਇੱਕ 13 ਸਾਲ ਦੀ ਸ਼ਿਆਮਾ ਨਾਮ ਦੀ ਕੁੜੀ ਨਾਲ ਵਿਆਹ ਕਰਵਾਉਣ ਲਈ ਕਿਹਾ। ਅਸਲ ਵਿੱਚ ਉਸ ਕੁੜੀ ਦੀ ਭੂਮਿਕਾ ਬੀਬੀਸੀ ਦੀ ਹੀ ਇੱਕ ਸਹਿਯੋਗੀ ਨੇ ਨਿਭਾਈ ਸੀ।

ਸਈਅਦ ਰਾਅਦ ਨੇ ਨਾ ਤਾਂ ਉਸ ਕੁੜੀ ਨਾਲ ਅਤੇ ਨਾ ਹੀ ਪਰਿਵਾਰ ਨਾਲ ਗੱਲ ਕਰਨ ਜਾਂ ਮਿਲਣ ਬਾਰੇ ਕਿਹਾ।
ਇੱਕ ਟੈਕਸੀ ਵਿੱਚ ਅੰਡਰਕਵਰ ਰਿਪੋਰਟਰ ਨਾਲ ਬੈਠ ਕੇ ਉਹ ਫੋਨ ਉੱਤੇ ਵਿਆਹ ਕਰਵਾਉਣ ਲਈ ਰਾਜ਼ੀ ਹੋ ਗਿਆ।
ਉਸ ਨੇ ਕੁੜੀ ਨੂੰ ਪੁੱਛਿਆ, "ਸ਼ਾਇਮਾ, ਕੀ ਤੁਸੀਂ ਇਸ ਨਾਲ ਵਿਆਹ ਕਰਵਾਉਣ ਲਈ ਰਾਜ਼ੀ ਹੋ, ਇਹ ਇੱਕ ਦਿਨ ਲਈ ਬਦਲੇ ਵਿੱਚ 1,50,000 ਦਿਨਾਰ ਦੇਣ ਲਈ ਰਾਜ਼ੀ ਹੈ।"
ਅਖੀਰ ਵਿੱਚ ਉਸ ਨੇ ਕਿਹਾ, "ਹੁਣ ਤੁਹਾਡਾ ਵਿਆਹ ਹੋ ਗਿਆ ਹੈ ਤੇ ਇਕੱਠੇ ਹੋਣਾ ਹਲਾਲ ਹੈ।"
ਉਸ ਨੇ ਇਸ ਕੰਮ ਲਈ ਅੰਡਰਕਵਰ ਰਿਪੋਰਟ ਤੋਂ 200 ਡਾਲਰ ਲਏ ਤੇ ਕਾਲਪਨਿਕ 13 ਸਾਲਾ ਕੁੜੀ ਲਈ ਕੋਈ ਚਿੰਤਾ ਜ਼ਾਹਿਰ ਨਹੀਂ ਕੀਤੀ।
ਧਾਰਮਿਕ ਪਰਦਾ
ਅਜਨਬੀ ਲੋਕਾਂ ਨਾਲ ਸਰੀਰਕ ਸਬੰਧ ਬਨਾਉਣ ਵਿੱਚ ਨਿਕਾਹ ਮੁਤਾ ਦਾ ਇਸਤੇਮਾਲ ਕਰਨ ਵਾਲੇ ਇੱਕ ਵਿਆਹੁਤਾ ਵਿਅਕਤੀ ਨੇ ਬੀਬੀਸੀ ਨੂੰ ਦੱਸਿਆ, "ਇੱਕ 12 ਸਾਲਾਂ ਦੀ ਬੱਚੀ ਦਾ ਵਧੇਰੇ ਮੁੱਲ ਦਿੱਤਾ ਜਾਂਦਾ ਹੈ ਕਿਉਂਕਿ ਉਹ ਅਜੇ ਵੀ 'ਤਾਜ਼ਾ' ਹੈ। ਪਰ ਉਹ ਮਹਿੰਗੀ ਹੋਵੇਗੀ, ਕਰੀਬ 500 ਡਾਲਰ, 700 ਡਾਲਰ, ਜਾਂ 800 ਡਾਲਰ ਦੀ ਮਿਲੇਗੀ, ਉਸ ਨਾਲ ਵਿਆਹ ਸਿਰਫ਼ ਮੌਲਵੀ ਹੀ ਕਰਵਾ ਸਕਦਾ ਹੈ।"
ਉਸ ਦਾ ਮੰਨਣਾ ਹੈ ਕਿ ਇਸ ਲਈ ਉਨ੍ਹਾਂ ਨੂੰ ਧਾਰਮਿਕ ਮਾਨਤਾ ਪ੍ਰਾਪਤ ਹੈ। ਮੌਲਵੀਆਂ ਮੁਤਾਬਕ "ਜੇ ਕੋਈ ਧਾਰਮਿਕ ਵਿਅਕਤੀ ਤੁਹਾਨੂੰ ਦੱਸਦਾ ਹੈ ਕਿ ਪਲੇਜ਼ਰ ਮੈਰਿਜ ਹਲਾਲ ਹੈ, ਤਾਂ ਇਹ ਪਾਪ ਨਹੀਂ ਮੰਨਿਆ ਜਾਂਦਾ।"

ਇਰਾਕ ਵਿੱਚ ਔਰਤਾਂ ਨੂੰ ਆਸਰਾ ਦੇਣ ਵਾਲੀ ਮਹਿਲਾ ਅਧਿਕਾਰ ਕਾਰਕੁਨ ਯਾਨਾਰ ਮੁਹੰਮਦ ਦਾ ਕਹਿਣਾ ਹੈ ਕਿ ਔਰਤਾਂ ਨੂੰ ਮਨੁੱਖ ਨਹੀਂ, ਇੱਕ 'ਵਪਾਰਕ ਸਮਾਨ' ਵਾਂਗ ਸਮਝਿਆ ਜਾਂਦਾ ਹੈ।
ਯਾਨਾਰ ਮੁਹੰਮਦ ਦਾ ਕਹਿਣਾ ਹੈ, "ਇੱਕ ਖਾਸ ਤਰੀਕੇ ਨਾਲ ਸੌਦੇ ਦੀ ਇਜਾਜ਼ਤ ਹੈ। ਪਰ ਕੁਆਰੇਪਣ ਨੂੰ ਬਚਾ ਕੇ ਰੱਖਿਆ ਜਾਂਦਾ ਹੈ ਤਾਂ ਭਵਿੱਖ ਵਿੱਚ ਕਰਨਾ ਹੈ। ਵੱਡੀ ਕਮਾਈ ਹੋਵੇ, ਵੱਡੀ ਕਮਾਈ ਦਾ ਭਾਵ ਹੈ ਵਿਆਹ।"
ਯਾਨਾਰ ਮੁਤਾਬਕ, ''ਜਦੋਂ ਕੁੜੀ ਦਾ ਕੁਆਰਾਪਣ ਖ਼ਤਮ ਹੋ ਜਾਂਦਾ ਹੈ ਤਾਂ ਉਹ ਵਿਆਹ ਦੇ ਲਾਇਕ ਨਹੀਂ ਸਮਝੀ ਜਾਂਦੀ ਅਤੇ ਆਪਣੇ ਹੀ ਪਰਿਵਾਰ ਵਲੋਂ ਕਤਲ ਕੀਤੇ ਜਾਣ ਦਾ ਖਤਰਾ ਵੀ ਹੁੰਦਾ ਹੈ ਕਿਉਂਕਿ ਉਹ ਪਰਿਵਾਰ ਲਈ ਬੇਇੱਜ਼ਤੀ ਦਾ ਸਬੱਬ ਬਣਦੀ ਹੈ। ਹਮੇਸ਼ਾ ਕੁੜੀਆਂ ਨੂੰ ਇਸਦੀ ਕੀਮਤ ਚੁਕਾਉਣੀ ਪੈਂਦੀ ਹੈ।"
ਕੀ ਇਹ ਦਲਾਲੀ ਨਹੀਂ
ਡਾਕੂਮੈਂਟਰੀ ਵਿੱਚ ਮੌਲਵੀਆਂ ਨੂੰ ਗੁਪਤ ਢੰਗ ਨਾਲ ਰਿਕਾਰਡ ਕੀਤਾ ਗਿਆ ਹੈ ਜਿਸ ਵਿਚ ਉਹ ਕਹਿੰਦੇ ਹਨ ਕਿ ਉਹ ਜਵਾਨ ਕੁੜੀਆਂ ਨੂੰ ਖਰੀਦਣ ਲਈ ਤਿਆਰ ਸਨ।
ਇਸ ਵਿੱਚ ਇੱਕ ਨਾਬਾਲਗ ਦਾ ਵੀ ਬਿਆਨ ਹੈ ਜਿਸ ਨੇ ਇਲਜ਼ਾਮ ਲਾਇਆ ਕਿ ਉਸ ਦੀ ਦਲਾਲੀ ਇੱਕ ਮੌਲਵੀ ਨੇ ਕੀਤੀ ਸੀ।
ਟੀਮ ਨੇ ਗੁਪਤ ਤੌਰ 'ਤੇ ਇੱਕ ਧਾਰਮਿਕ ਆਗੂ ਨੂੰ ਰਿਕਾਰਡ ਕੀਤਾ ਜਿਸ ਨੇ ਅੰਡਰਕਵਰ ਰਿਪੋਰਟਰ ਨੂੰ ਇੱਕ ਜਵਾਨ ਕੁੜੀ ਮਿਲਾਈ ਜੋ ਕਿ 24 ਘੰਟਿਆਂ ਲਈ ਪਲੇਜ਼ਰ ਮੈਰਿਜ ਲਈ ਲਿਆਂਦੀ ਸੀ। ਇਸ ਤਰ੍ਹਾਂ ਧਾਰਮਿਕ ਆਗੂ ਇੱਕ ਦਲਾਲ ਵਾਂਗ ਕੰਮ ਕਰ ਰਿਹਾ ਸੀ।
ਜਦੋਂ ਅੰਡਰਕਵਰ ਪੱਤਰਕਾਰ ਨੇ ਪਲੇਜ਼ਰ ਮੈਰਿਜ ਤੋਂ ਇਨਕਾਰ ਕਰ ਦਿੱਤਾ, ਤਾਂ ਮੌਲਵੀ ਨੇ ਸੁਝਾਅ ਦਿੱਤਾ ਕਿ ਸ਼ਾਇਦ ਉਨ੍ਹਾਂ ਨੂੰ ਕੋਈ ਨਾਬਾਲਗ ਪਸੰਦ ਆਵੇ ਅਤੇ ਉਨ੍ਹਾਂ ਲਈ ਨਾਬਾਲਗ ਲੱਭਣ ਲਈ ਪੁੱਛਿਆ।
ਕੀ ਹੈ ਪ੍ਰਤੀਕਿਰਿਆ
ਲੰਡਨ ਵਿੱਚ ਜਲਾਵਤਨ ਇਰਾਕ ਦੇ ਸਾਬਕਾ ਸ਼ੀਆ ਧਰਮਗੁਰੂ ਗੈਥ ਤਾਮਿਮੀ ਨੇ ਮੌਲਵੀਆਂ ਦੀ ਨਿੰਦਾ ਕੀਤੀ ਤੇ ਕਿਹਾ, ''ਛੋਟੀ ਉਮਰ ਦੀਆਂ ਕੁੜੀਆਂ ਨਾਲ ਪਲੇਜ਼ਰ ਮੈਰਿਜ ਨੂੰ ਮਨਜ਼ੂਰੀ ਇੱਕ ਜੁਰਮ ਹੈ ਜਿਸਦੀ ਕਾਨੂੰਨ ਤਹਿਤ ਸਜ਼ਾ ਤੈਅ ਹੋਵੇ।"

ਕੁਝ ਇਰਾਕੀ ਸ਼ੀਆ ਧਾਰਮਿਕ ਆਗੂਆਂ ਨੇ ਲਿਖਿਆ ਹੈ ਕਿ ਇਸਲਾਮੀ ਕਾਨੂੰਨ ਬੱਚਿਆਂ ਨਾਲ ਜਿਨਸੀ ਹਰਕਤਾਂ ਦੀ ਇਜਾਜ਼ਤ ਦਿੰਦਾ ਹੈ।
ਤਾਮਿਮੀ ਨੇ ਸ਼ੀਆ ਆਗੂਆਂ ਨੂੰ ਇਸ ਪ੍ਰਥਾ ਦੀ ਨਿੰਦਾ ਕਰਨ ਦੀ ਅਪੀਲ ਕੀਤੀ।
ਬੀਬੀਸੀ ਨਿਊਜ਼ ਅਰਬੀ ਦੁਆਰਾ ਦੋ ਧਾਰਮਿਕ ਆਗੂਆਂ ਨੂੰ ਗੁਪਤ ਰੂਪ ਵਿੱਚ ਰਿਕਾਰਡ ਕੀਤਾ ਗਿਆ ਸੀ ਜੋ ਕਿ ਖੁਦ ਨੂੰ ਅਯਾਤੁੱਲਾਹ ਸਿਸਤਾਨੀ ਦੇ ਸਮਰਥਕ ਦੱਸਦੇ ਹਨ ਜੋ ਕਿ ਸ਼ੀਆ ਇਸਲਾਮ ਵਿੱਚ ਸੀਨੀਅਰ ਮੰਨੇ ਜਾਂਦੇ ਹਨ।
ਹਾਲਾਂਕਿ ਬੀਬੀਸੀ ਨੂੰ ਇੱਕ ਬਿਆਨ ਵਿੱਚ ਅਯਾਤੁੱਲਾਹ ਨੇ ਕਿਹਾ, "ਜੇ ਅਜਿਹਾ ਕੁਝ ਹੋ ਰਿਹਾ ਹੈ, ਜਿਵੇਂ ਤੁਸੀਂ ਕਹਿ ਰਹੇ ਹੋ ਤਾਂ ਅਸੀਂ ਉਨ੍ਹਾਂ ਦੀ ਨਿੰਦਾ ਕਰਦੇ ਹਾਂ। ਅਸਥਾਈ ਵਿਆਹ ਨੂੰ ਸੈਕਸ ਵੇਚਣ ਦੇ ਸਾਧਨ ਵਜੋਂ ਵਰਤਣ ਦੀ ਇਜਾਜ਼ਤ ਨਹੀਂ ਹੈ ਜਿਸ ਨਾਲ ਔਰਤਾਂ ਦੇ ਮਿਆਰ ਅਤੇ ਮਨੁੱਖਤਾ ਨੂੰ ਸੱਟ ਲੱਗਦੀ ਹੈ।"
ਇੱਕ ਇਰਾਕੀ ਸਰਕਾਰ ਦੇ ਬੁਲਾਰੇ ਨੇ ਬੀਬੀਸੀ ਅਰਬੀ ਨੂੰ ਦੱਸਿਆ, "ਜੇ ਔਰਤਾਂ ਪੁਲਿਸ ਕੋਲ ਜਾ ਕੇ ਧਾਰਮਿਕ ਆਗੂਆਂ ਦੀ ਸ਼ਿਕਾਇਤ ਨਹੀਂ ਕਰਦੀਆਂ ਤਾਂ ਅਧਿਕਾਰੀਆਂ ਲਈ ਕਾਰਵਾਈ ਕਰਨਾ ਔਖਾ ਹੈ।"
Comments