ਗੁਰਦਾਸ ਮਾਨ ਵਿਵਾਦ: ਕੀ ਕਹਿ ਰਹੇ ਹਨ ਬੁੱਧੀਜੀਵੀ, ਲੇਖਕ, ਸਿਆਸਤਦਾਨ ਅਤੇ ਮਨੋਰੰਜਨ ਜਗਤ ਦੇ ਲੋਕ
Image copyrightFB/GURDAS MAAN
ਗਾਇਕ ਗੁਰਦਾਸ ਮਾਨ ਵੱਲੋਂ ਭਾਰਤ ਲਈ ਇੱਕ ਭਾਸ਼ਾ ਹੋਣ ਦੇ ਬਿਆਨ ਅਤੇ ਕੈਨੇਡਾ ਵਿੱਚ ਉਨ੍ਹਾਂ ਖਿਲਾਫ ਵਿਰੋਧ ਕਰਨ ਵਾਲੇ ਲੋਕਾਂ ਨੂੰ ਅਪਸ਼ਬਦ ਕਹਿਣ ਤੋਂ ਬਾਅਦ ਭਾਸ਼ਾ ਦੀ ਮਰਿਆਦਾ ਅਤੇ ਭਾਸ਼ਾ ਨਾਲ ਜੁੜੇ ਮੁੱਦਿਆਂ 'ਤੇ ਚਰਚਾ ਛਿੜ ਗਈ ਹੈ।
ਬੁੱਧੀਜੀਵੀਆਂ, ਲੇਖਕਾਂ, ਸਿਆਸਤਦਾਨਾਂ ਅਤੇ ਮਨੋਰੰਜਨ ਜਗਤ ਦੇ ਲੋਕਾਂ ਦਾ ਇਸ ਬਾਰੇ ਕੀ ਕਹਿਣਾ ਹੈ। ਆਓ ਜਾਣਦੇ ਹਾਂ -
ਸੁਰਜੀਤ ਪਾਤਰ
ਪੰਜਾਬੀ ਦੇ ਸਿਰਮੌਰ ਲੇਖਕ ਅਤੇ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਸੁਰਜੀਤ ਪਾਤਰ ਨੇ ਇੱਕ ਨਿਊਜ਼ ਚੈਨਲ ਗੱਲ ਕਰਦਿਆਂ ਕਿਹਾ -
''ਉਸ ਦਾ ਭੋਲਾਪਣ ਹੋਵੇ ਜਾਂ ਉਸ ਦੀ ਅਸਪਸ਼ਟਤਾ ਹੋਵੇ...ਪਰ ਉਹ ਗਲਤੀ ਹੈ ਤੇ ਮੈਂ ਸਮਝਦਾ ਹਾਂ ਕਿ ਜੇ ਮੈਂ ਉਨ੍ਹਾਂ ਦੀ ਥਾਂ ਹੁੰਦਾ ਤਾਂ ਕਹਿੰਦਾ ਕਿ ਮੇਰੇ ਤੋਂ ਗੱਲ ਕਹੀ ਗਈ ਅਤੇ ਜਿਸ ਬਾਰੇ ਮੈਂ ਪੂਰਾ ਸਪਸ਼ਟ ਨਹੀਂ ਸੀ ਤੇ ਮੈਂ ਉਹਦੇ ਲਈ ਖਿਮਾ ਦਾ ਜਾਚਕ ਹਾਂ।
ਮੈਨੂੰ ਲਗਦਾ ਹੈ ਕਿ ਜਿਹੜੀ ਗੱਲ ਉਨ੍ਹਾਂ ਨੇ ਕਹੀ ਹੈ ਉਹ ਉਸ ਬਾਰੇ ਸਪਸ਼ਟ ਨਹੀਂ ਸੀ ਕਿਉਂਕਿ ਰਾਸ਼ਟਰ ਭਾਸ਼ਾ ਜਾਂ ਸਪੰਰਕ ਭਾਸ਼ਾ ਹੋਣ 'ਚ ਜਿਹੜਾ ਫਰਕ ਹੁੰਦਾ ਹੈ, ਮੈਨੂੰ ਲਗਦਾ ਹੈ ਉੱਥੇ ਉਨ੍ਹਾਂ ਦਾ ਭੁਲੇਖਾ ਜਾਂ ਭਰਮ ਹੈ।
ਡੌਲੀ ਗੁਲੇਰੀਆ
ਬੀਬੀਸੀ ਨਾਲ ਗੱਲ ਕਰਦਿਆਂ ਪੰਜਾਬੀ ਗਾਇਆ ਡੌਲੀ ਗੁਲੇਰੀਆ ਨੇ ਖੁੱਲ੍ਹ ਕੇ ਇਸ ਬਾਰੇ ਆਪਣੀ ਰਾਇ ਰੱਖੀ -
''ਗੁਰਦਾਸ ਮਾਨ ਜੋ ਸਾਡਾ ਆਇਕੌਨ ਹੈ, ਪੰਜਾਬੀ ਦੀ ਅਗਵਾਈ ਕਰਨ ਵਾਲਾ ਹੈ...ਉਸ ਦਾ ਕੋਈ ਗ਼ਲਤ ਮੰਤਵ ਨਹੀਂ ਸੀ ਇਸ ਬਾਰੇ ਗੱਲ ਕਰਨ ਸਮੇਂ।
ਉਸ ਨੇ ਸਹਿਜ ਸੁਭਾਅ ਇੱਕ ਚੰਗਾ ਵਿਚਾਰ ਦਿੱਤਾ ਕਿ ਪੂਰੇ ਹਿੰਦੁਸਤਾਨ ਦੀ ਇੱਕ ਭਾਸ਼ਾ ਕਿਉਂ ਨਾ ਹੋਵੇ...ਸਾਡੇ ਹਰ ਸੂਬੇ ਦੀ ਵੱਖ-ਵੱਖ ਭਾਸ਼ਾ ਹੋਵੇ ਠੀਕ ਹੈ, ਕਿਉਂਕਿ ਅਸੀਂ ਭਾਰਤ ਵਿੱਚ ਵੱਖ-ਵੱਖ ਭਾਸ਼ਾਵਾਂ ਵਾਲੇ ਲੋਕ ਹਾਂ।
ਅਸੀਂ ਇਹ ਨਹੀਂ ਕਹਿ ਸਕਦੇ ਕਿ ਸਿਰਫ਼ ਹਿੰਦੀ ਹੀ ਬੋਲੋ, ਘਰ ਆ ਕੇ ਤਾਂ ਸਾਨੂੰ ਪੰਜਾਬੀ ਬੋਲਣੀ ਪਏਗੀ।''
ਗੁਰਪ੍ਰੀਤ ਘੁੱਗੀ
ਪੰਜਾਬੀ ਅਦਾਕਾਰ ਅਤੇ ਕੁਝ ਸਮੇਂ ਲਈ ਆਮ ਆਦਮੀ ਪਾਰਟੀ ਦਾ ਹਿੱਸਾ ਰਹੇ ਗੁਰਪ੍ਰੀਤ ਘੁੱਗੀ ਨੇ ਕਿਹਾ ਹੈ, ''ਹੋ ਸਕਦਾ ਹੈ ਕਿ ਇਸ ਬਾਰੇ ਉਨ੍ਹਾਂ ਦੇ ਦਿਮਾਗ 'ਚ ਦ੍ਰਿਸ਼ਟੀਕੋਣ ਹੋਰ ਹੋਵੇ ਤੇ ਉਹ ਕਿਸੇ ਹੋਰ ਸੰਦਰਭ 'ਚ ਗੱਲ ਕਰ ਰਹੇ ਹੋਣ ਅਤੇ ਗਲਤੀ ਕਰ ਗਏ ਹੋਣ।''
''ਇਸ ਬਾਰੇ ਮੁਆਫ਼ੀ ਮੰਗਣੀ ਬਣਦੀ ਸੀ ਪਰ ਇਸ ਦੀ ਬਜਾਇ ਮੰਚ ਤੋਂ ਉਨ੍ਹਾਂ ਦੂਜੀ ਗਲਤੀ ਕਰ ਦਿੱਤੀ, ਉਹ ਲੋਕਾਂ ਦੇ ਦਿਲਾਂ 'ਚ ਦਰਦ ਵਧਾ ਕੇ ਗਈ।''
ਰਾਜਾ ਵੜਿੰਗ ਤੇ ਬਿਕਰਮ ਮਜੀਠੀਆ ਦਾ ਪ੍ਰਤੀਕਰਮ
ਕਾਂਗਰਸੀ ਆਗੂ ਅਤੇ ਗਿੱਦੜਬਾਹਾ ਤੋਂ ਵਿਧਾਇਕ ਰਾਜਾ ਵੜਿੰਗ ਗੁਰਦਾਸ ਮਾਨ ਦੇ ਖ਼ਾਸਮ ਖ਼ਾਸ ਮੰਨੇ ਜਾਂਦੇ ਹਨ। ਜੱਗਬਾਣੀ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ -
''ਪਿਛਲੇ 50 ਸਾਲਾਂ ਤੋਂ ਪੰਜਾਬੀ ਮਾਂ-ਬੋਲੀ ਦੀ ਲੜਾਈ ਗੁਰਦਾਸ ਮਾਨ ਲੜ ਰਿਹਾ ਹੈ। ਪੰਜਾਬੀ ਮਾਂ-ਬੋਲੀ ਨੂੰ ਦੁਨੀਆਂ ਦੇ ਕੋਨੇ-ਕੋਨੇ 'ਚ ਉਹ ਬੰਦਾ ਲੈ ਕੇ ਗਿਆ। ਗੁਰਦਾਸ ਮਾਨ ਨੇ ਕਦੇ ਕਿਸੇ ਭਾਸ਼ਾ ਦੀ ਨਿਖੇਧੀ ਨਹੀਂ ਕੀਤੀ।''
ਸ਼੍ਰੋਮਣੀ ਅਕਾਲੀ ਦਲਦੇ ਆਗੂ ਬਿਕਰਮਜੀਤ ਸਿੰਘ ਮਜੀਠੀਆ ਨੇ ਚੰਡੀਗੜ੍ਹ 'ਚ ਮੀਡੀਆ ਨਾਲ ਮੁਖਾਤਬ ਹੁੰਦਿਆ ਇਸ ਬਾਰੇ ਕਿਹਾ -
''ਅਸੀਂ ਜਦੋਂ ਸਕੂਲ-ਕਾਲਜ 'ਚ ਸੀ ਤਾਂ ਗੁਰਦਾਸ ਮਾਨ ਨੂੰ ਪੰਜਾਬੀ ਗੀਤ ਹੀ ਗਾਉਂਦੇ ਸੁਣਿਆ ਹੈ। ਉਨ੍ਹਾਂ ਮੂੰਹੋ 'ਪੰਜਾਬੀ, ਮਾਂ-ਬੋਲੀ' ਕਈ ਵਾਰ ਇਸ ਬਾਰੇ ਗੱਲ ਸੁਣੀ। ਜੋ ਮੈਂ ਹਮੇਸ਼ਾ ਸੁਣਦਾ ਆਇਆ ਹਾਂ ਮੇਰੇ ਦਿਮਾਗ ਵਿੱਚ ਤਾਂ ਉਹੀ ਹੈ।''
''ਜੇ ਨਵੀਂ ਗੱਲ ਕੋਈ ਮਾਨ ਸਾਹਿਬ ਨੇ ਕੀਤੀ ਹੈ ਤਾਂ ਸਾਡੇ ਸਮਝਣ 'ਚ ਫਰਕ ਰਹਿ ਗਿਆ ਜਾਂ ਉਨ੍ਹਾਂ ਦੇ ਦੱਸਣ 'ਚ ਫਰਕ ਰਹਿ ਗਿਆ...ਇਸ ਬਾਰੇ ਤਾਂ ਉਹ ਦੱਸ ਸਕਦੇ ਹਨ। ਪੰਜਾਬੀ ਵਾਸਤੇ ਉਨ੍ਹਾਂ ਦਾ ਯੋਗਦਾਨ ਨਹੀਂ ਭੁਲਾਇਆ ਜਾ ਸਕਦਾ।''
Image copyrightGETTY IMAGES
ਨਾਟਕਕਾਰ, ਪ੍ਰਸ਼ੰਸਕ ਤੇ ਵੀਡੀਓ ਡਾਇਰੈਕਟਰ ਦੀ ਰਾਇ
ਪਾਲੀ ਭੁਪਿੰਦਰ ਸਿੰਘ
ਪੰਜਾਬੀ ਤੇ ਹਿੰਦੀ ਭਾਸ਼ਾ ਨੂੰ ਲੈ ਕੇ ਛਿੜੀ ਚਰਚਾ ਵਿਚਾਲੇ ਪੰਜਾਬੀ ਨਾਟਕਕਾਰ ਪਾਲੀ ਭੁਪਿੰਦਰ ਸਿੰਘ ਨੇ ਆਪਣੀ ਫੇਸਬੁੱਕ ਵਾਲ 'ਤੇ ਤਫ਼ਸੀਲ ਵਿੱਚ 'ਹਿੰਦੀ ਨਾਲ ਨਫ਼ਰਤ ਨਹੀਂ, ਪੰਜਾਬੀ ਨਾਲ ਪਿਆਰ ਹੈ, ਬੱਸ' ਸਿਰਲੇਖ ਹੇਠਾਂ ਇਸ ਮੁੱਦੇ ਉੱਤੇ ਆਪਣੀ ਗੱਲ ਰੱਖੀ ਹੈ। ਇਸੇ ਲਿਖਤ ਵਿੱਚੋਂ ਕੁਝ ਅੰਸ਼ ਇਸ ਤਰ੍ਹਾਂ ਹਨ -
''ਪਹਿਲੀ ਗੱਲ ਤਾਂ ਇਹ ਸਮਝ ਲੈਣੀ ਚਾਹੀਦੀ ਹੈ ਕਿ ਸਾਡੇ ਦੇਸ਼ ਦੀ ਕੋਈ ਰਾਸ਼ਟਰ ਭਾਸ਼ਾ ਨਹੀਂ ਹੈ। ਹਿੰਦੀ ਵੀ ਨਹੀਂ। ਸੰਵਿਧਾਨ ਦੇ 17ਵੇਂ ਭਾਗ ਵਿੱਚ ਦਰਜ ਆਰਟੀਕਲ 343 ਦਾ ਪਹਿਲਾਂ ਪੁਆਇੰਟ ਸਪਸ਼ਟ ਕਹਿੰਦਾ ਹੈ ਕਿ ਦੇਵਨਾਗਰੀ ਲਿਪੀ ਵਿੱਚ ਹਿੰਦੀ ਸਿਰਫ਼ ਦੇਸ਼ ਵਿੱਚ ਸਰਕਾਰੀ ਕੰਮ-ਕਾਜ ਦੀ ਭਾਸ਼ਾ ਹੈ।
''ਅੱਜ ਹਰਿਆਣੇ ਤੇ ਹਿਮਾਚਲ ਵਾਲੇ ਪੰਜਾਬੀ ਦੀਆਂ ਉਪਬੋਲੀਆਂ ਬਾਂਗਰੂ ਤੇ ਡੋਗਰੀ ਬੋਲਦੇ ਹਨ ਪਰ ਕਹਿੰਦੇ ਹਰਿਆਣਵੀ ਤੇ ਹਿਮਾਚਲੀ ਹਨ।''
''ਸੋ ਜਦੋਂ ਅਮਿਤ ਸ਼ਾਹ ਹੁਰੀ 'ਇੱਕ ਰਾਸ਼ਟਰ ਇੱਕ ਭਾਸ਼ਾ' ਦੀ ਧਮਕੀ ਦਿੰਦੇ ਹਨ ਤਾਂ ਇਸਦਾ ਸਿੱਧਾ ਜਿਹਾ ਮਤਲਬ ਹੈ ਕਿ ਉਹ ਦੇਸ਼ ਦੇ ਸੰਵਿਧਾਨ ਨੂੰ ਬਦਲਣ ਦੀ ਧਮਕੀ ਦੇ ਰਹੇ ਹਨ। ਜੇ ਪੰਜਾਬੀ ਆਪਣੀ ਸੱਭਿਆਚਾਰਕ ਅਤੇ ਭਾਸ਼ਾਈ ਪਛਾਣ ਲਈ ਅਮਿਤ ਸ਼ਾਹ ਦੇ ਬਿਆਨ ਨੂੰ ਇੱਕ ਖਤਰੇ ਵਜੋਂ ਲੈ ਰਹੇ ਹਨ ਤਾਂ ਇਹ ਗੱਲ ਨਵੇਂ ਬਣੇ ਦੇਸ਼-ਭਗਤਾਂ ਨੂੰ ਵੀ ਸਮਝ ਲੈਣੀ ਚਾਹੀਦੀ ਹੈ ਅਤੇ ਗੁਰਦਾਸ ਮਾਨ ਨੂੰ ਵੀ।''
ਸੋਨੂੰ ਸੇਠੀ ਦੇ ਵਿਚਾਰ
ਗੁਰਦਾਸ ਮਾਨ ਦੇ ਪ੍ਰਸ਼ੰਸਕ ਅਤੇ ਸੇਠੀ ਢਾਬੇ ਵਾਲੇ ਸੋਨੂੰ ਸੇਠੀ ਨੇ ਵੀ ਇੱਕ ਵੀਡੀਓ ਰਾਹੀਂ ਗੁਰਦਾਸ ਮਾਨ ਦੇ ਹੱਕ ਵਿੱਚ ਗੱਲ ਕੀਤੀ ਹੈ।
End of Facebook post by Sethi Dhaba
ਨੌਜਵਾਨ ਵੀਡੀਓ ਡਾਇਰੈਕਟਰ ਸਟਾਲਿਨਵੀਰ ਸਿੰਘ ਦੇ ਵਿਚਾਰ
ਪੰਜਾਬੀ ਗੀਤਾਂ ਦੇ ਵੀਡੀਓ ਡਾਇਰੈਕਟਰ ਅਤੇ ਮਰਹੂਮ ਪੰਜਾਬੀ ਗੀਤਕਾਰ ਪਰਗਟ ਸਿੰਘ ਦੇ ਪੁੱਤਰ ਸਟਾਲਿਨਵੀਰ ਨੇ ਵੀ ਤਫ਼ਸੀਲ ਵਿੱਚ ਇੱਕ ਪੋਸਟ ਆਪਣੀ ਫੇਸਬੁੱਕ ਵਾਲ 'ਤੇ ਸਾਂਝੀ ਕੀਤੀ ਹੈ।
ਇਸ ਵਿੱਚ ਉਹ ਗੁਰਦਾਸ ਮਾਨ ਵੱਲੋਂ ਗਾਏ ਗਏ ਗੀਤਾਂ ਅਤੇ ਉਨ੍ਹਾਂ ਦੇ ਪੰਜਾਬੀ ਗਾਇਕੀ ਵਿੱਚ ਯੋਗਦਾਨ ਦਾ ਜ਼ਿਕਰ ਕਰਦਿਆਂ ਕਰਿਦਿਆਂ ਕਹਿੰਦੇ ਹਨ ਕਿ ਗੁਰਦਾਸ ਮਾਨ ਦੇ ਮੁਹੋਂ ਅਪਸ਼ਬਦ ਦੀ ਉਮੀਦ ਨਹੀਂ ਕੀਤੀ ਗਈ ਸੀ।
ਕੀ ਹੈ ਮਾਮਲਾ?
ਕੈਨੇਡਾ ਟੂਰ ਦੌਰਾਨ ਰੈੱਡ ਐੱਫ਼ਐੱਮ ਰੇਡੀਓ ਦੇ ਇੱਕ ਸ਼ੋਅ ਵਿੱਚ 'ਇੱਕ ਰਾਸ਼ਟਰ, ਇੱਕ ਭਾਸ਼ਾ' ਬਾਰੇ ਗੱਲਬਾਤ ਦੌਰਾਨ ਉਨ੍ਹਾਂ ਦੇ ਬਿਆਨ ਤੋਂ ਬਾਅਦ ਮੁਖ਼ਾਲਫ਼ਤ ਦੇਖਣ ਨੂੰ ਮਿਲੀ।
ਕੈਨੇਡਾ ਦੇ ਕਈ ਸ਼ਹਿਰਾਂ ਵਿੱਚ ਹੱਥਾਂ 'ਚ ਬੈਨਰ ਤੇ ਪੋਸਟਰ ਲਏ ਲੋਕਾਂ ਵੱਲੋਂ ਉਨ੍ਹਾਂ ਖ਼ਿਲਾਫ਼ ਰੋਸ ਮੁਜ਼ਾਹਰੇ ਵੀ ਹੋਏ।
ਇਸ ਤੋਂ ਬਾਅਦ ਵੈਨਕੂਵਰ ਵਿੱਚ ਇੱਕ ਸ਼ੋਅ ਗੁਰਦਾਸ ਮਾਨ ਖ਼ਿਲਾਫ਼ ਨਾਅਰੇ ਲਗਾਉਂਦੇ ਲੋਕਾਂ ਨੂੰ ਗੁਰਦਾਸ ਮਾਨ ਨੇ ਕੁਝ ਅਪਸ਼ਬਦ ਕਹੇ ਤਾਂ ਮਾਮਲਾ ਅੱਗੇ ਵੱਧ ਗਿਆ।
Bbc thanks
Comments