ਪਤੀ ਬਣਿਆ ਸੀ ਪਿਆਰ ‘ਚ ਰੋੜਾ , ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਕੀਤੀ ਪਤੀ ਦੀ ਹੱਤਿਆ

ਪਤੀ ਬਣਿਆ ਸੀ ਪਿਆਰ ‘ਚ ਰੋੜਾ , ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਕੀਤੀ ਪਤੀ ਦੀ ਹੱਤਿਆ:ਹਾਜੀਪੁਰ : ਮੁਕੇਰੀਆਂ ਦੇ ਕਸਬਾ ਹਾਜੀਪੁਰ ਵਿਚ ਪਤਨੀ ਵੱਲੋਂ ਆਪਣੇ ਪ੍ਰੇਮੀ ਨਾਲ ਮਿਲ ਕੇ ਪਤੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਉਸਦੀ ਲਾਸ਼ ਟੋਭੇ ‘ਚੋਂ ਬਰਾਮਦ ਹੋਈ ਹੈ। ਜਿਸ ਤੋਂ ਬਾਅਦ ਥਾਣਾ ਹਾਜੀਪੁਰ ਪੁਲਿਸ ਨੇ ਮ੍ਰਿਤਕ ਦੀ ਪਤਨੀ ਅਤੇ ਉਸ ਦੇ ਕਥਿਤ ਪ੍ਰੇਮੀ ਨੂੰ ਨਾਮਜ਼ਦ ਕਰਕੇ ਮਾਮਲਾ ਦਰਜ ਕਰ ਲਿਆ ਹੈ।

ਇਸ ਸਬੰਧੀ ਮ੍ਰਿਤਕ ਦੀ ਪਤਨੀ ਪਰਮਜੀਤ ਕੌਰ ਦੇ ਬਿਆਨ ਦੇ ਆਧਾਰ ‘ਤੇ ਥਾਣਾ ਹਾਜੀਪੁਰ ‘ਚ ਕਤਲ ਦਾ ਮੁਕੱਦਮਾ ਦਰਜ ਕੀਤਾ ਗਿਆ ਸੀ ਪਰ ਥਾਣਾ ਹਾਜੀਪੁਰ ਪੁਲਸ ਵੱਲੋਂ ਕੀਤੀ ਛਾਣਬੀਣ ਤੋਂ ਬਾਅਦ ਇਸ ਮਾਮਲੇ ਪਿੱਛੇ ਕਹਾਣੀ ਕੁਝ ਹੋਰ ਹੀ ਸਾਹਮਣੇ ਆਈ ਹੈ। ਪੁਲਿਸ ਜਾਂਚ ‘ਚ ਪਤਾ ਲੱਗਾ ਕਿ ਮ੍ਰਿਤਕ ਦੀ ਪਤਨੀ ਦਾ ਇਸ ਮਾਮਲੇ ‘ਚ ਹੱਥ ਹੈ। ਜਿਸ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਔਰਤ ਨੂੰ ਕਾਬੂ ਕਰ ਲਿਆ ਹੈ।

ਇਸ ਸਬੰਧੀ ਡੀਐਸਪੀ ਰਵਿੰਦਰ ਸਿੰਘ ਅਤੇ ਥਾਣਾ ਇੰਚਾਰਜ ਲੋਮੇਸ਼ ਸ਼ਰਮਾ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਕਿਸ਼ਨ ਕੁਮਾਰ, ਜੋ ਕਿ ਜਲਧੰਰ ‘ਚ ਬਿਜਲੀ ਬੋਰਡ ‘ਚ ਲਾਇਨਮੈਨ ਦੀ ਨੌਕਰੀ ਕਰਦਾ ਸੀ। ਉਸ ਦੀ ਪਤਨੀ ਪਰਮਜੀਤ ਕੌਰ ਦੇ ਇਕ ਵਿਅਕਤੀ ਰਾਜ ਕੁਮਾਰ ਉਰਫ ਰਾਜੂ ਵਾਸੀ ਆਸਫਪੁਰ ਥਾਣਾ ਹਾਜੀਪੁਰ ਨਾਲ ਨਾਜਾਇਜ਼ ਸੰਬੰਧ ਸਨ ਅਤੇ ਇਹ ਦੋਵੇਂ ਕਿਸ਼ਨ ਕੁਮਾਰ ਨੂੰ ਆਪਣੇ ਰਸਤੇ ‘ਚ ਰੋੜਾ ਸਮਝਦੇ ਸਨ। ਇਨ੍ਹਾਂ ਦੋਵਾਂ ਨੇ ਗਿਣੀ ਮਿੱਥੀ ਸਾਜ਼ਿਸ਼ ਤਹਿਤ ਬੀਤੇ ਦਿਨੀਂ ਰਾਤ ਨੂੰ ਸੁੱਤੇ ਪਏ ਕਿਸ਼ਨ ਕੁਮਾਰ ਦੇ ਸਿਰ ‘ਚ ਘੋਟਨਾ ਮਾਰ ਕੇ ਹੱਤਿਆ ਕਰ ਦਿੱਤੀ ਸੀ।

ਇਸ ਮਗਰੋਂ ਦੋਵਾਂ ਨੇ ਕਿਸ਼ਨ ਕੁਮਾਰ ਦੀ ਲਾਸ਼ ਨੂੰ ਨਜ਼ਦੀਕ ਛੱਪੜ ‘ਚ ਟੋਆ ਪੁੱਟ ਕੇ ਦੱਬ ਦਿੱਤਾ ਪਰ ਥਾਣਾ ਹਾਜੀਪੁਰ ਪੁਲਸ ਦਾ ਸ਼ੱਕ ਮ੍ਰਿਤਕ ਵਿਅਕਤੀ ਦੀ ਪਤਨੀ ‘ਤੇ ਟਿੱਕਿਆ ਹੋਇਆ ਸੀ। ਇਸੇ ਤਹਿਤ ਜਦ ਥਾਣਾ ਹਾਜੀਪੁਰ ਪੁਲਸ ਨੇ ਪਰਮਜੀਤ ਕੌਰ ਨੂੰ ਹਿਰਾਸਤ ‘ਚ ਲੈ ਕੇ ਸਖਤੀ ਨਾਲ ਪੁੱਛ-ਪੜਤਾਲ ਕੀਤੀ ਤਾਂ ਉਸ ਨੇ ਨੇ ਆਪਣਾ ਸਾਰਾ ਗੁਨਾਹ ਕਬੂਲ ਕਰ ਲਿਆ। ਉਨ੍ਹਾਂ ਦੱਸਿਆ ਕਿ ਪੁਲਿਸ ਰਾਜ ਕੁਮਾਰ ਨੂੰ ਜਲਦ ਹਿਰਾਸਤ ‘ਚ ਲੈ ਲਵੇਗੀ।
-PTCNews
-PTCNews
Comments