ਸਕੂਲਾਂ 'ਚ ਕੰਮ ਕਰ ਰਹੇ ਅਧਿਆਪਕਾਂ ਤੇ ਕਰਮਚਾਰੀਆਂ ਉੱਪਰ ਪੱਤਰਕਾਰੀ ਕਰਨ ਤੇ ਰੋਕ
ਕਰਮਚਾਰੀਆਂ ਨੂੰ ਪੱਤਰਕਾਰੀ ਲਈ ਦਫ਼ਤਰ ਮੁੱਖੀ ਵਲੋਂ ਦਿੱਤੀਆਂ ਪ੍ਰਵਾਨਗੀਆਂ ਵੀ ਕੀਤੀਆਂ ਰੱਦ
ਐੱਸ. ਏ. ਐੱਸ. ਨਗਰ, 13 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ) - ਸਿੱਖਿਆ ਵਿਭਾਗ ਪੰਜਾਬ ਵੱਲੋਂ ਕਿਸੇ ਅਧਿਕਾਰੀ ਤੋਂ ਪ੍ਰਵਾਨਗੀ ਲੈ ਕੇ ਪੱਤਰਕਾਰੀ ਕਰ ਰਹੇ ਸਰਕਾਰੀ ਸਕੂਲਾਂ ਦੇ ਕਈ ਅਧਿਆਪਕਾਂ ਤੇ ਕਰਮਚਾਰੀਆਂ ਉੱਪਰ ਪ੍ਰਕਾਸ਼ਨ ਜਾਂ ਇਲੈੱਕਟ੍ਰਾਨਿਕ ਮੀਡੀਆ ਦੇ ਸੰਪਾਦਨ ਜਾਂ ਪ੍ਰਬੰਧਕ ਵਿਚ ਕੰਮ ਕਰਨ 'ਤੇ ਪੂਰੀ ਤਰਾਂ ਰੋਕ ਲਗਾਉਂਦਿਆਂ ਅਜਿਹੇ ਕਰਮਚਾਰੀਆਂ ਨੂੰ ਕਿਸੇ ਦਫ਼ਤਰ ਦੇ ਮੁਖੀ ਵੱਲੋਂ ਦਿੱਤੀ ਪ੍ਰਵਾਨਗੀ ਵੀ ਤੁਰੰਤ ਰੱਦ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਡੀ.ਪੀ.ਆਈ. ਸੈਕੰਡਰੀ ਦਫ਼ਤਰ ਦੇ ਸਹਾਇਕ ਡਾਇਰੈਕਟਰ ਕੋਆਰਡੀਨੇਟਰ ਵਲੋਂ ਪੰਜਾਬ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਐਲੀਮੈਂਟਰੀ ਤੇ ਸੈਕੰਡਰੀ ਅਤੇ ਸਮੂਹ ਸਕੂਲ ਮੁਖੀਆਂ ਨੂੰ ਪੱਤਰ ਲਿਖ ਕੇ ਪੰਜਾਬ ਸਰਕਾਰੀ ਕਰਮਚਾਰੀ ਆਚਰਣ ਨਿਯਮਾਵਲੀ 1966 ਦੇ ਨਿਯਮ 8 ਦਾ ਹਵਾਲਾ ਦੇ ਕੇ ਕਿਹਾ ਗਿਆ ਹੈ ਕਿ ਕੋਈ ਵੀ ਸਰਕਾਰੀ ਕਰਮਚਾਰੀ ਨਿਰਧਾਰਿਤ ਅਥਾਰਿਟੀ ਦੀ ਪੂਰਵ ਪ੍ਰਵਾਨਗੀ ਤੋਂ ਬਿਨਾਂ ਕਿਸੇ ਵੀ ਅਖ਼ਬਾਰ ਜਾਂ ਹੋਰ ਸਮੇਂ ਦੇ ਪ੍ਰਕਾਸ਼ਨ ਜਾਂ (ਇਲੈੱਕਟ੍ਰਾਨਿਕ ਮੀਡੀਆ) ਦੇ ਸੰਪਾਦਨ ਜਾਂ ਪ੍ਰਬੰਧਨ ਵਿਚ ਪੂਰੀ ਤਰਾਂ ਜਾਂ ਅੰਸ਼ਿਕ ਤੌਰ ਤੇ ਸੰਚਾਲਨ ਵਿਚ ਹਿੱਸਾ ਨਹੀਂ ਲੈ ਸਕਦਾ ਜਾਂ ਆਪਣੇ ਜਾਂ ਗੁਮਨਾਮ ਤੌਰ ਤੇ ਜਾਂ ਕਿਸੇ ਹੋਰ ਵਿਅਕਤੀ ਦੇ ਨਾਮ ਤੇ ਕਿਸੇ ਰੇਡੀਉ ਪ੍ਰਸਾਰਨ, ਅਖ਼ਬਾਰ ਵਿਚ ਕਿਸੇ ਕਿਸਮ ਦਾ ਆਰਟੀਕਲ ਪ੍ਰਕਾਸ਼ਿਤ ਨਹੀਂ ਕਰਵਾ ਸਕਦਾ। ਇਸ ਨਿਯਮ ਤੋਂ ਕੇਵਲ ਨਿਰੋਲ ਸਾਹਿੱਤਿਕ, ਕਲਾਤਮਕ ਜਾਂ ਵਿਗਿਆਨਿਕ ਚਰਿੱਤਰ ਲਿਖਤ ਨੂੰ ਹੀ ਛੋਟ ਹੈ।
Comments