ਕਮੀਜ਼ ਦੀ ਕਰੀਜ਼ ਕੀ ਖ਼ਰਾਬ ਹੋਈ, ਪਤੀ ਨੇ ਪ੍ਰੈੱਸ ਦੇ ਨਿਸ਼ਾਨ ਮੇਰੇ ਸਰੀਰ 'ਤੇ ਪਾ ਦਿੱਤੇ'

ਕਈ ਔਰਤਾਂ ਘਰੇਲੂ ਹਿੰਸਾ ਦਾ ਸ਼ਿਕਾਰ ਹੁੰਦੀਆਂ ਹਨ। ਵਲੇਰੀ, ਨੈਨਸੀ ਅਤੇ ਵਿਕਟੋਰੀਆਂ ਉਨ੍ਹਾਂ 19 ਲੱਖ ਲੋਕਾਂ ਵਿੱਚ ਸ਼ੁਮਾਰ ਹਨ ਜੋ ਇੰਗਲੈਂਡ ਅਤੇ ਵੇਲਜ਼ ਵਿੱਚ ਘਰੇਲੂ ਹਿੰਸਾ ਦਾ ਸ਼ਿਕਾਰ ਹੋਈਆਂ ਹਨ।
ਇਹ ਹਿੰਸਾ ਮਾਨਸਿਕ ਅਤੇ ਸਰੀਰਕ ਦੋਵੇਂ ਤਰ੍ਹਾਂ ਦੀ ਹੀ ਹੋ ਸਕਦੀ ਹੈ ਜੋ ਕਿ ਜੀਵਨ ਸਾਥੀ, ਭੈਣ-ਭਰਾ, ਮਾਪੇ ਜਾਂ ਬੱਚੇ ਕਰ ਸਕਦੇ ਹਨ। ਇਹ ਚਾਰ ਔਰਤਾਂ ਆਪਣੇ ਹੀ ਘਰ ਵਿੱਚ ਹੀ ਅਸੁਰੱਖਿਅਤ ਰਹਿਣ ਦੀ ਤਰਜਮਾਨੀ ਕਰਦੀਆਂ ਹਨ। ਇਨ੍ਹਾਂ ਔਰਤਾਂ ਨੇ ਆਪਣੇ ਨਿੱਜੀ ਤਜਰਬੇ ਬੀਬੀਸੀ ਨਾਲ ਸਾਂਝੇ ਕੀਤੇ।
ਇਹ ਵੀ ਪੜ੍ਹੋ:
- ਲਾਂਘੇ ਲਈ ਬਣਾਉਣਾ ਹੋਵੇਗਾ 4 ਕਿਲੋਮੀਟਰ ਦਾ ਪੁਲ
- ਅਮਰੀਕਾ ਦੀਆਂ ਕੌਮਾਂਤਰੀ ਸੰਗਠਨਾਂ ਨੂੰ ਧਮਕੀਆਂ
- ਨਵੇਂ ਬੇਅਦਬੀ ਬਿੱਲ ਦੇ ਵਿਰੋਧ ਦਾ ਅਸਲ ਕਾਰਨ
ਮੇਰੇ ਪਤੀ ਨੇ ਮੈਨੂੰ ਪ੍ਰੈਸ ਨਾਲ ਸਾੜਿਆ - ਵਲੇਰੀ
ਮੇਰਾ ਰੋਜ਼ਾਨਾ ਨੇਮ ਰਹਿੰਦਾ ਸੀ-ਸਵੇਰੇ ਪੰਜ ਵਜੇ ਉੱਠ ਕੇ ਉਸ ਦੇ ਉੱਠਣ ਤੋਂ ਪਹਿਲਾਂ ਹਰ ਚੀਜ਼ ਤਿਆਰ ਕਰਨੀ। ਮੈਨੂੰ ਯਾਦ ਹੈ ਕਿ ਮੈਂ ਉਸ ਲਈ ਘਰ ਨੂੰ ਬਿਲਕੁਲ ਸਹੀ ਕਰਨ ਵਿੱਚ ਕਾਫੀ ਸਮਾਂ ਲਗਾਉਂਦੀ ਸੀ।
ਮੇਰਾ ਦੋ ਵਾਰ ਵਿਆਹ ਹੋਇਆ ਅਤੇ ਦੋਹਾਂ ਹੀ ਰਿਸ਼ਤਿਆਂ ਵਿੱਚ ਮੈਂ ਕਾਬੂ ਕਰਨ, ਬਦਸਲੂਕੀ ਅਤੇ ਹਿੰਸਾ ਦਾ ਸਾਹਮਣਾ ਕੀਤਾ।
ਇੱਕ ਦਿਨ ਮੇਰੇ ਪਹਿਲੇ ਪਤੀ ਦੀ ਕਮੀਜ਼ ਦੀ ਇੱਕ ਕਰੀਜ਼ 'ਤੇ ਪ੍ਰੈਸ ਨਾ ਹੋਣ ਕਾਰਨ ਉਸ ਨੇ ਗਰਮ ਪ੍ਰੈਸ ਨਾਲ ਮੈਨੂੰ ਸਾੜਿਆ।

ਮੇਰੇ ਦੂਜੇ ਪਤੀ ਨੇ ਮੈਨੂੰ ਪੌੜੀਆਂ ਤੋਂ ਧੱਕਾ ਦੇ ਦਿੱਤਾ ਸੀ ਅਤੇ ਮੈਨੂੰ ਬੇਹੋਸ਼ੀ ਵਿੱਚ ਹੀ ਛੱਡ ਕੇ ਕੰਮ 'ਤੇ ਚਲਾ ਗਿਆ। ਮੇਰੇ ਬਹੁਤ ਸਾਰੇ ਦਾਗ, ਦਰਦ ਹਨ।
ਮੇਰਾ ਛੁਟਕਾਰਾ ਸੌਖਾ ਨਹੀਂ ਸੀ ਕਿਉਂਕਿ ਮੇਰੇ ਬੱਚੇ ਸਨ। ਮੈਂ ਨਵਾਂ ਘਰ ਨਹੀਂ ਖਰੀਦ ਸਕਦੀ ਸੀ। ਮੈਂ ਖੁਦ ਨੂੰ ਨਿਗੂਣਾ ਸਮਝਿਆ।
ਮੈਨੂੰ ਲੱਗਿਆ ਕਿ ਮੈਂ ਦੋਸਤਾਂ ਅਤੇ ਲੋਕਾਂ ਨਾਲ ਘੁਲਣ-ਮਿਲਣ ਦੇ ਯੋਗ ਨਹੀਂ ਹਾਂ ਇਸ ਲਈ ਮੈਂ ਕਿਸੇ ਨਾਲ ਕੋਈ ਸਬੰਧ ਨਹੀਂ ਰੱਖਿਆ। ਮੈਂ ਨੌਜਵਾਨ ਹੁੰਦਿਆਂ ਕਾਫ਼ੀ ਆਤਮ-ਵਿਸ਼ਵਾਸ ਵਾਲੀ ਤੇ ਮਸ਼ਹੂਰ ਸੀ। ਇਹ ਸਭ ਇੱਕਦਮ ਹੀ ਖ਼ਤਮ ਹੋ ਗਿਆ।
ਤੁਹਾਡਾ ਜੀਵਨ ਸਾਥੀ ਤੁਹਾਨੂੰ ਇੰਨਾ ਕਮਜ਼ੋਰ ਮਹਿਸੂਸ ਕਰਵਾਉਂਦਾ ਹੈ ਕਿ ਤੁਹਾਨੂੰ ਲਗਦਾ ਹੈ ਕਿ ਤੁਸੀਂ ਕਿਸੇ ਚੀਜ਼ ਦੇ ਯੋਗ ਨਹੀਂ ਹੋ। ਤੁਹਾਨੂੰ ਲਗਦਾ ਹੈ ਜੋ ਤੁਹਾਨੂੰ ਮਿਲ ਰਿਹਾ ਹੈ ਉਹ ਸਹੀ ਹੈ। ਉਹ ਤੁਹਾਨੂੰ ਜਿਵੇਂ ਦਾ ਬਣਾਉਣਾ ਚਾਹੁੰਦੇ ਹਨ ਤੁਸੀਂ ਉਸੇ ਤਰ੍ਹਾਂ ਹੀ ਬਣ ਜਾਂਦੇ ਹੋ।

ਲੋਕ ਸਮਝ ਨਹੀਂ ਸਕਦੇ ਕਿ ਕੋਈ ਆਪਣੇ ਨਾਲ ਇਸ ਤਰ੍ਹਾਂ ਹੁੰਦਾ ਕਿਵੇਂ ਝੱਲ ਸਕਦਾ ਹੈ ਅਤੇ ਬਦਸਲੂਕੀ ਕਰਨ ਵਾਲੇ ਨੂੰ ਕੁਝ ਕਹਿੰਦਾ ਵੀ ਨਹੀਂ ਹੈ। ਦਿਮਾਗ ਨੂੰ ਕਾਬੂ ਕਰਨ ਵਿੱਚ ਕਈ ਸਾਲ ਲਗਾਏ ਜਾਂਦੇ ਹਨ।
ਮੈਨੂੰ ਪਤਾ ਹੈ ਕਿ ਮੈਂ ਮਜ਼ਬੂਤ ਹਾਂ ਕਿਉਂਕਿ ਮੈਂ ਹਾਲੇ ਵੀ ਇੱਥੇ ਹਾਂ। ਮੈਂਨੂੰ ਆਪਣੇ ਜ਼ਖਮਾਂ 'ਤੇ ਮਾਣ ਮਹਿਸੂਸ ਹੁੰਦਾ ਹੈ। ਮੈਨੂੰ ਕੋਈ ਸ਼ਰਮ ਨਹੀਂ ਹੈ ਜੋ ਮੈਂ ਕੀਤਾ ਹੈ ਅਤੇ ਮੈਂ ਜਿਸ ਵਿੱਚੋਂ ਲੰਘੀ ਹਾਂ।
ਗੁਆਂਢੀਆਂ ਨੇ ਕਦੇ ਸਾਰ ਨਹੀਂ ਲਈ - ਰਸ਼ੈਲ
ਸਭ ਤੋਂ ਵੱਧ ਦੁਖ ਦੇਣ ਵਾਲੀ ਗੱਲ ਇਹ ਸੀ ਕਿ ਮੇਰੇ ਆਲੇ-ਦੁਆਲੇ ਲੋਕ ਕੱਟੜ ਜਿਊਜ਼ ਭਾਈਚਾਰੇ ਨਾਲ ਸਬੰਧਤ ਸਨ। ਉਨ੍ਹਾਂ ਨੇ ਮੇਰੇ ਨਾਲ ਬਦਸਲੂਕੀ ਹੁੰਦਿਆਂ ਦੇਖੀ ਪਰ ਕਦੇ ਮੇਰੇ ਲਈ ਖੜੇ ਨਹੀਂ ਹੋਏ। ਉਨ੍ਹਾਂ ਨੇ ਕਦੇ ਮੈਨੂੰ ਜਾਂ ਮੇਰੇ ਬੱਚਿਆਂ ਨੂੰ ਨਹੀਂ ਪੁੱਛਿਆ ਕਿ ਮੈਂ ਠੀਕ ਹਾਂ।
ਸਾਡਾ ਵਿਆਹ ਟੁੱਟਣ ਵਾਲਾ ਸੀ ਤਾਂ ਮੈਂ ਦੂਜੇ ਕਮਰੇ ਵਿੱਚ ਸੌਣਾ ਸ਼ੁਰੂ ਕਰ ਦਿੱਤਾ। ਮੈਂ ਇੰਨੀ ਡਰੀ ਹੋਈ ਸੀ ਕਿ ਮੈਂ ਲੰਮੇ ਵੀ ਨਹੀਂ ਪੈਂਦੀ ਸੀ। ਮੈਂ ਸਾਰੀ ਰਾਤ ਸੋਫੇ 'ਤੇ ਹੀ ਬੈਠੀ ਰਹਿੰਦੀ ਸੀ। ਫਿਰ ਵੀ ਉਹ ਸੈਕਸ ਲਈ ਜ਼ੋਰ ਪਾਉਂਦਾ ਸੀ। ਮੈਂ ਨਾਂਹ ਨਹੀਂ ਕਹਿ ਸਕਦੀ ਸੀ। ਮੈਨੂੰ ਉਸ ਦੇ ਕਮਰੇ ਵਿੱਚ ਜਾਣਾ ਹੀ ਪੈਂਦਾ ਸੀ।
ਮੈਂ ਉੱਠਦੀ ਸੀ, ਨਹਾਉਂਦੀ ਸੀ ਅਤੇ ਖੁਦ ਨੂੰ ਰਗੜਦੀ ਸੀ ਅਤੇ ਇਹ ਸੋਚਦੀ ਸੀ ਕਿ ਕੁਝ ਵੀ ਨਹੀਂ ਹੋਇਆ ਅਤੇ ਇਸੇ ਤਰ੍ਹਾਂ ਦਿਨ ਲੰਘਦੇ ਗਏ।

ਹਾਲਾਂਕਿ ਮੈਂ ਘਰ ਬਦਲ ਲਿਆ ਹੈ ਪਰ ਹਾਲੇ ਵੀ ਕਈ ਚੀਜ਼ਾਂ ਹਨ ਜਿਨ੍ਹਾਂ ਦਾ ਅਸਰ ਮੇਰੇ 'ਤੇ ਰਹਿੰਦਾ ਹੈ। ਉਸ ਦਾ ਅਸਰ ਮੇਰੇ ਦਿਮਾਗ 'ਤੇ ਇੰਨਾ ਜ਼ਿਆਦਾ ਹੈ ਕਿ ਮੈਂ ਹਾਲੇ ਵੀ ਉਹ ਚੀਜ਼ਾਂ ਉਸੇ ਤਰ੍ਹਾਂ ਕਰਦੀ ਹਾਂ ਜਿਵੇਂ ਉਹ ਚਾਹੁੰਦਾ ਸੀ।
ਇਹ ਵੀ ਪੜ੍ਹੋ:
- ਇੱਥੋਂ ਦੇ ਹਰ ਬਾਸ਼ਿੰਦੇ ਨੂੰ ਆਪ੍ਰੇਸ਼ਨ ਕਰਵਾਉਣਾ ਪੈਂਦਾ ਹੈ
- 'ਦੁਨੀਆਂ ਦਾ ਸਭ ਤੋਂ ਇਕੱਲਾ ਆਦਮੀ'
- ਕੀ ਭਰੂਣ ਨੂੰ ਵੀ ਜਿਉਣ ਦਾ ਅਧਿਕਾਰ ਹੈ
ਹਰ ਚੀਜ਼ 'ਤੇ ਉਸ ਦਾ ਹੀ ਕਾਬੂ ਸੀ। ਅਲਮਾਰੀ ਵਿੱਚ ਡੱਬਿਆਂ 'ਤੇ ਲੇਬਲ ਜ਼ਰੂਰੀ ਸੀ, ਬਿਲਕੁਲ ਸਾਹਮਣੇ, ਸਿੱਧਾ। ਹਰੇਕ ਚੀਜ਼ ਸਿੱਧੀ, ਬਿਲਕੁਲ ਸਹੀ।
17 ਸਾਲਾਂ ਬਾਅਦ ਮੈਂ ਸ਼ਰਮਿੰਦਾ ਹੋਣਾ ਛੱਡ ਦਿੱਤਾ। ਅਚਾਨਕ ਮੈਨੂੰ ਪਤਾ ਲੱਗਿਆ ਕਿ ਮੇਰੀ ਆਵਾਜ਼ ਦੀ ਅਹਿਮੀਅਤ ਹੈ। ਇਸੇ ਕਾਰਨ ਮੈਨੂੰ ਤਾਕਤ ਮਿਲੀ ਅਤੇ ਮੈਨੂੰ ਅਹਿਸਾਸ ਹੋਇਆ ਕਿ ਪੀੜਤ ਨਹੀਂ ਹਾਂ ਸਗੋਂ ਬਚ ਨਿਕਲੀ ਹਾਂ।
ਮੈਂ ਗਰਭਵਤੀ ਸੀ, ਫਿਰ ਵੀ ਮੈਨੂੰ ਧੱਕਾ ਮਾਰਿਆ - ਨੈਨਸੀ
ਪਹਿਲਾਂ ਮੈਨੂੰ ਚੰਗਾ ਲਗਦਾ ਸੀ ਕਿ ਉਹ ਰੋਜ਼ਾਨਾ ਮੈਨੂੰ ਮਿਲਣ ਆਉਂਦਾ ਹੈ ਜਾਂ ਜਦੋਂ ਲੋਕਾਂ ਨਾਲ ਬਾਹਰ ਹੋਵਾਂ ਤਾਂ ਹਮੇਸ਼ਾਂ ਮੈਸੇਜ ਕਰਦਾ ਹੈ। ਫਿਰ ਜਦੋਂ ਮੈਂ ਗਰਭਵਤੀ ਹੋਈ ਤਾਂ ਮੈਨੂੰ ਯਾਦ ਹੈ ਉਸ ਨੇ ਧੱਕਾ ਮਾਰਿਆ ਸੀ। ਮੈਂ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ। ਮੈਂ ਇਸ਼ਾਰਿਆਂ ਨੂੰ ਸਮਝ ਹੀ ਨਹੀਂ ਸਕੀ।
ਫਿਰ ਧੱਕੇ ਝਟਕਿਆਂ ਵਿੱਚ ਬਦਲ ਗਏ। ਮੈਂ ਫਿਰ ਵੀ ਕੁਝ ਨਹੀਂ ਕੀਤਾ। ਮੈਨੂੰ ਪਤਾ ਨਹੀਂ ਸੀ ਕੀ ਕਰਨਾ ਚਾਹੀਦਾ ਹੈ। ਮੈਂ ਇਸ ਤੋਂ ਪਹਿਲਾਂ ਕਦੇ ਇਸ ਹਾਲਤ ਵਿੱਚ ਨਹੀਂ ਰਹੀ, ਕਿਸੇ ਨੇ ਪਹਿਲਾਂ ਮੈਨੂੰ ਕਦੇ ਨਹੀਂ ਮਾਰਿਆ ਸੀ। ਮੈਨੂੰ ਸਮਝ ਹੀ ਨਹੀਂ ਆਇਆ ਕਿ ਇਹ ਹਿੰਸਾ ਸੀ, ਬਦਸਲੂਕੀ ਸੀ।

ਮੈਂ ਉਹ ਦਿਨ ਕਦੇ ਵੀ ਨਹੀਂ ਭੁੱਲ ਸਕਦੀ ਜਦੋਂ ਉਸ ਨੇ ਆਖਿਰੀ ਵਾਰੀ ਮੇਰੇ ਨਾਲ ਹਿੰਸਾ ਕੀਤੀ। ਉਹ ਇੰਨਾ ਜ਼ਿਆਦਾ ਹਿੰਸਕ ਸੀ ਜਿੰਨਾ ਪਹਿਲਾਂ ਕਦੇ ਨਹੀਂ ਹੋਇਆ ਸੀ। ਉਸ ਨੇ ਮੈਨੂੰ ਕੁੱਟਿਆ, ਥੱਪੜ ਮਾਰੇ, ਧੱਕੇ ਮਾਰੇ, ਲੱਤਾਂ ਮਾਰੀਆਂ ਅਤੇ ਅਖੀਰ ਵਿੱਚ ਉਹ ਮੀਟ ਵੱਢਣ ਵਾਲਾ ਦਾਤਰ ਲੈ ਆਇਆ ਤੇ ਮੇਰੇ ਗਲੇ 'ਤੇ ਰੱਖ ਦਿੱਤਾ।
ਮੈਂ ਗਲੀ ਵਿੱਚ ਭੱਜ ਗਈ ਅਤੇ ਇੱਕ ਪਬ ਦੇ ਟਾਇਲੇਟ ਵਿੱਚ ਲੁਕ ਗਈ। ਉਸ ਨੇ ਮੇਰਾ ਪਿੱਛਾ ਕੀਤਾ ਪਰ ਉਸ ਦੇ ਦੋ ਰਾਹ ਸਨ। ਮੈਂ ਨਿਕਲ ਕੇ ਘਰ ਭੱਜ ਗਈ ਅਤੇ ਸੋਚਿਆ ਕਿ ਸੁਰੱਖਿਅਤ ਹਾਂ ਪਰ ਉਹ ਘਰ ਵਾਪਸ ਆ ਗਿਆ। ਫਿਰ ਮੈਨੂੰ ਪੁਲਿਸ ਨੂੰ ਫੋਨ ਕਰਨਾ ਪਿਆ।
ਇਹ ਹਾਦਸਾ ਕਦੇ ਭੁੱਲਿਆ ਨਹੀਂ ਜਾ ਸਕਦਾ। ਤੁਸੀਂ ਇਸ ਨਾਲ ਨਜਿੱਠਣਾ ਤੇ ਆਮ ਵਾਂਗ ਜ਼ਿੰਦਗੀ ਜਿਉਣੀ ਸਿੱਖ ਲੈਂਦੇ ਹੋ।
ਉਸ ਤੋਂ ਬਾਅਦ ਮੈਂ ਕਦੇ ਵੀ ਕਿਸੇ ਮਰਦ ਨਾਲ ਇਕੱਲੇ ਰਹਿਣਾ ਪਸੰਦ ਨਹੀਂ ਕਰਦੀ। ਹਾਲਾਂਕਿ ਮੈਨੂੰ ਪਤਾ ਹੈ ਕਿ ਉਹ ਸਾਰੇ ਹੀ ਇੱਕੋ ਜਿਹੇ ਨਹੀਂ ਹੁੰਦੇ। ਮੈਨੂੰ ਸ਼ਾਇਦ ਜ਼ਿੰਦਗੀ ਵਿੱਚ ਕੋਈ ਹੋਰ ਵੀ ਮਿਲ ਜਾਂਦਾ ਪਰ ਮੈਂ ਦੁਬਾਰਾ ਉਸ ਹਾਲਾਤ ਵਿੱਚ ਨਹੀਂ ਪੈਣਾ ਚਾਹੁੰਦੀ।
ਵਿਕਟੋਰੀਆ
ਮੈਂ ਦੋ ਵੱਖ-ਵੱਖ ਲੋਕਾਂ ਰਾਹੀਂ ਘਰੇਲੂ ਹਿੰਸਾ ਦੀ ਸ਼ਿਕਾਰ ਹੋਈ ਹਾਂ। ਮੈਂ ਜਿੰਨੇ ਵੀ ਸਾਲ ਉਸ ਰਿਸ਼ਤੇ ਵਿੱਚ ਸੀ ਮੈਨੂੰ ਅਹਿਸਾਸ ਹੋਇਆ ਕਿ ਮੈਂ ਬੇਕਾਰ ਅਤੇ ਇਕੱਲੀ ਹਾਂ। ਉਸ ਨੇ ਮੇਰਾ ਦਿਮਾਗ ਬਦਲ ਦਿੱਤਾ ਸੀ, ਕਾਬੂ ਕਰ ਲਿਆ ਸੀ ਤੇ ਮੈਨੂੰ ਖ਼ਤਮ ਕਰ ਦਿੱਤਾ ਸੀ। ਮੈਨੂੰ ਲੱਗਿਆ ਕਿ ਸਾਰੀ ਮੇਰੀ ਹੀ ਗਲਤੀ ਹੈ।

ਮੇਰੇ ਪਹਿਲੇ ਪਤੀ ਨੇ ਹਥੌੜੀ ਫੜੀ ਅਤੇ ਘਰ ਭੰਨ ਦਿੱਤਾ-ਦਰਵਾਜ਼ੇ ਖਿੜਕੀਆਂ ਸਭ ਤੋੜ ਦਿੱਤੇ ਅਤੇ ਫਿਰ ਮੇਰੇ ਤੇ ਮੇਰੇ ਬੱਚੇ ਵੱਲ ਵਧਿਆ।
ਅਸੀਂ ਪੁੱਤਰ ਦੇ ਕਮਰੇ ਵਿੱਚ ਗਏ ਅਤੇ ਮੈਂ ਆਪਣੇ ਪੁੱਤਰ ਨੂੰ ਆਪਣੇ ਸਰੀਰ ਨਾਲ ਢੱਕ ਲਿਆ ਤਾਂਕਿ ਬਚਾ ਸਕਾਂ।
ਮੇਰਾ ਪਤੀ ਮੇਰੇ ਸਿਰ 'ਤੇ ਹਥੌੜੇ ਨਾਲ ਹਮਲਾ ਕਰਨ ਦੀ ਤਿਆਰੀ ਵਿੱਚ ਸੀ। ਮੇਰੇ 11 ਸਾਲਾ ਬੱਚੇ ਨੇ ਉਸ ਨੂੰ ਮੁੱਕਾ ਮਾਰਿਆ। ਮੈਨੂੰ ਯਾਦ ਹੈ ਮੇਰੇ ਪੁੱਤਰ ਨੇ ਮੇਰੀ ਜ਼ਿੰਦਗੀ ਬਚਾਈ।
ਇਹ ਵੀ ਪੜ੍ਹੋ:
- '....ਤਿਉਹਾਰ ਨਹੀਂ ਇਹ ਹਿੰਸਾ ਹੈ'
- 'ਮਾਂ ਨੇ ਕਿਹਾ ਸੀ ਉਹ ਤਿੱਤਲੀ ਬਣੇਗੀ'
- ਔਰਤਾਂ ਹਿੰਸਾ ਸਹਿ ਕੇ ਵੀ ਨਹੀਂ ਤੋੜਦੀਆਂ ਰਿਸ਼ਤਾ, ਪੜ੍ਹੋ ਕਿਉਂ
ਜਦੋਂ ਮੈਂ ਹਸਪਤਾਲ 'ਚੋਂ ਬਾਹਰ ਆਈ ਮੈਂ ਖੁਦਕੁਸ਼ੀ ਕਰਨ ਜਾ ਰਹੀ ਸੀ। ਉਦੋਂ ਹੀ ਮੇਰੇ ਪੁੱਤਰ ਦਾ ਮੈਸੇਜ ਆਇਆ:
"ਮਾਂ ਕਿਰਪਾ ਕਰਕੇ ਘਰ ਆ ਜਾਓ, ਮੈਨੂੰ ਤੁਹਾਡੀ ਲੋੜ ਹੈ।"
ਮੈਨੂੰ ਲਗਦਾ ਹੈ ਕਿ ਜੇ ਮੇਰਾ ਬੱਚਾ ਨਾ ਹੁੰਦਾ ਤਾਂ ਮੈਂ ਇੱਥੇ ਨਹੀਂ ਹੋਣਾ ਸੀ।
ਅੱਜ ਤੱਕ ਮੈਨੂੰ ਥੈਰੇਪੀ ਦੀ ਲੋੜ ਹੈ ਕਿਉਂਕਿ ਮੈਨੂੰ ਉਹ ਡਰਾਉਣੇ ਸੁਪਨੇ ਆਉਂਦੇ ਹਨ। ਮੈਂ ਚਾਹੁੰਦੀ ਹਾਂ ਕਿ ਮੈਂ ਸੌਂ ਸਕਾਂ ਅਤੇ ਅੱਖਾਂ ਬੰਦ ਕਰਨ ਤੋਂ ਨਾ ਡਰਾਂ।
ਪੰਜਾਬ ਦਾ ਵੀ ਇਹੀ ਹਾਲ
ਉਕਤ ਕਹਾਣੀਆਂ ਭਾਵੇਂ ਬ੍ਰਿਟੇਨ ਦੀਆਂ ਹਨ ਪਰ ਪੰਜਾਬ ਵੀ ਘਰੇਲੂ ਹਿੰਸਾ ਤੋਂ ਬਚਿਆ ਨਹੀਂ ਹੈ। ਨੈਸ਼ਨਲ ਕਰਾਇਮ ਬਿਊਰੋ ਦੇ ਅੰਕੜੇ ਇਸ ਤੱਥ ਦੀ ਮੁੰਹ ਬੋਲਦੀ ਤਸਵੀਰ ਪੇਸ਼ ਕਰਦੇ ਹਨ।
ਸਾਲ 2016 ਦੇ ਅੰਕੜਿਆਂ ਮੁਤਾਬਕ ਪੰਜਾਬ ਵਿਚ ਦਹੇਜ ਲਈ 80 ਕੁੜੀਆਂ ਨੂੰ ਮਾਰੇ ਜਾਣ ਦੇ ਮਾਮਲੇ ਸਾਹਮਣੇ ਆਏ ਹਨ। ਜਦਕਿ ਦਹੇਜ ਰੋਕੂ ਐਕਟ ਤਹਿਤ ਹਿੰਸਾ ਦੇ 5 ਮਾਮਲੇ ਦਰਜ ਕੀਤੇ ਗਏ।ਇਸੇ ਤਰ੍ਹਾਂ ਘਰੇਲੂ ਹਿੰਸਾ ਰੋਕੂ ਐਕਟ -2005 ਤਹਿਤ ਵੀ 2 ਮਾਮਲੇ ਦਰਜ ਕੀਤੇ ਗਏ ਸਨ।
Comments