ਵਿਦਿਆਰਥੀ ਤੇ ਹੋਇਆ ਹਮਲਾ; ਭਾਰਤ ਵਾਪਸ ਜਾਣ ਨੂੰ ਕਿਹਾ ਹਮਲਾਵਰਾਂ ਨੇ
ਵਿਦਿਆਰਥੀ ਤੇ ਹੋਇਆ ਹਮਲਾ; ਭਾਰਤ ਵਾਪਸ ਜਾਣ ਨੂੰ ਕਿਹਾ ਹਮਲਾਵਰਾਂ ਨੇ
ਊਬਰ ਈਟਸ ਵਾਸਤੇ ਖਾਣਾ ਪਹੁੰਚਾਉਣ ਵਾਲੇ ਡਰਾਇਵਰ ਨਾਲ ਮੈਲਬਰਨ ਵਿੱਚ ਦੇਰ ਰਾਤ ਸਮੇਂ ਅਚਾਨਕ ਹੋਈ ਕੁੱਟਮਾਰ ਤੋਂ ਬਾਅਦ ਇਹ ਵਿਦਿਆਰਥੀ ਭਾਰੀ ਸਦਮੇ ਵਿੱਚ ਹੈ ਅਤੇ ਹੁਣ ਦੇਸ਼ ਛੱਡ ਜਾਣ ਬਾਰੇ ਸੋਚ ਰਿਹਾ ਹੈ।
ਮੈਲਬਰਨ ਵਿੱਚ ਮੀਡੀਆ ਦੀ ਪੜਾਈ ਕਰ ਰਹੇ 19 ਸਾਲਾਂ ਦੇ ਬ੍ਰਿਜੇਸ਼ ਧੀਮਾਨ ਦਾ ਕਹਿਣਾ ਹੈ ਕਿ 22 ਨਵੰਬਰ ਨੂੰ ਜਦੋਂ ਉਹ ਮੈਲਬਰਨ ਤੋਂ ਸਿਰਫ 4 ਕਿਲੋਮੀਟਰ ਬਾਹਰ ਕੋਲਿੰਗਵੁੱਡ ਵਿੱਚ ਇਕ ਡਲਿਵਰੀ ਕਰਨ ਗਿਆ ਤਾਂ ਉਸ ਦੇ ਸਕੂਟਰ ਨੂੰ ਇਕ ਕਾਰ ਨੇ ਟੱਕਰ ਮਾਰੀ। ਉਸ ਤੋਂ ਬਾਅਦ ਤਿੰਨ 'ਗੋਰੇ ਵਿਅਕਤੀਆਂ 'ਨੇ ਉਸ ਉੱਤੇ ਹਮਲਾ ਕਰ ਦਿੱਤਾ, ਅਤੇ ਨਾਲ ਹੀ ਉਸ ਨੂੰ ਭਾਰਤ ਵਾਪਸ ਜਾਣ ਦੀਆਂ ਧਮਕੀਆਂ ਵੀ ਦਿੱਤੀਆਂ।
ਸ਼੍ਰੀ ਧੀਮਾਨ ਨੇ ਐਸ ਬੀ ਐਸ ਪੰਜਾਬੀ ਨੂੰ ਦਸਿਆ ਕਿ, ‘ਉਹਨਾਂ ਹਮਲਾਵਰਾਂ ਵਿੱਚੋਂ ਇਕ ਨੇ ਮੇਰੀ ਗਰਦਨ ਤੇ ਚਾਕੂ ਨਾਲ ਵਾਰ ਵੀ ਕੀਤਾ ਪਰ ਮੈਂ ਇਕ ਮੋਟੀ ਜੈਕੇਟ ਪਾਈ ਹੋਈ ਸੀ, ਇਸ ਲਈ ਮੇਰਾ ਬਚਾਅ ਹੋ ਗਿਆ। ਉਹਨਾਂ ਨੇ ਮੈਨੂੰ 15-20 ਮਿੰਟ ਲਗਾਤਾਰ ਮਾਰਿਆ ਕੁੱਟਿਆ ਅਤੇ ਇਸ ਸਮੇਂ ਦੌਰਾਨ ਕੋਈ ਵੀ ਮੇਰੀ ਮਦਦ ਲਈ ਉੱਥੇ ਨਹੀਂ ਪਹੁੰਚਿਆ’।
ਉਸ ਦਾ ਕਹਿਣਾ ਹੈ ਕਿ ਹਮਲਾਵਰਾਂ ਦੀ ਉਮਰ 15 ਤੋਂ 20 ਸਾਲਾਂ ਦੇ ਦਰਮਿਆਨ ਸੀ।
'ਜਦੋਂ ਮੈਂ ਉਹਨਾਂ ਨੂੰ ਪੁਛਿਆ ਕਿ ਉਹ ਮੈਨੂੰ ਕਿਉਂ ਮਾਰ ਰਹੇ ਹਨ, ਤਾਂ ਉਹਨਾਂ ਵਿੱਚੋਂ ਇਕ ਨੇ ਕਿਹਾ ਕਿ ਆਸਟ੍ਰੇਲੀਆ ਉਹਨਾਂ ਦਾ ਮੁਲਕ ਹੈ ਅਤੇ ਮੈਂ ਇੱਥੋਂ ਦਫਾ ਹੋ ਜਾਵਾਂ’।
ਸ਼੍ਰੀ ਧੀਮਾਨ ਦੇ ਸ਼ਰੀਰ ਤੇ ਕੁੱਝ ਜਖਮ ਆਏ ਹਨ ਅਤੇ ਇੱਕ ਅੱਖ ਵੀ ਬੁਰੀ ਤਰਾਂ ਨਾਲ ਸੁੱਜ ਕੇ ਬੰਦ ਹੋ ਗਈ ਸੀ।
‘ਮੈਨੂੰ ਲਗਦਾ ਹੈ ਕਿ ਉਹਨਾਂ ਵਿੱਚੋਂ ਇਕ ਨੇ ਕਾਰ ਵਿੱਚੋਂ ਪਿਸਤੌਲ ਵੀ ਕੱਢੀ ਸੀ, ਪਰ ਮੈਂ ਇਹ ਪੂਰੇ ਯਕੀਨ ਨਾਲ ਨਹੀਂ ਕਹਿ ਸਕਦਾ।'
'ਉਹਨਾਂ ਨੇ ਮੇਰੀਆਂ ਸਾਰੀਆਂ ਕੀਮਤੀ ਵਸਤਾਂ ਖੋਹਣ ਦੀ ਕੋਸ਼ਿਸ਼ ਕੀਤੀ ਪਰ ਕਿਸਮਤ ਨਾਲ ਮੇਰਾ ਮੋਬਾਈਲ ਉਹਨਾਂ ਕੋਲੋਂ ਉੱਥੇ ਹੀ ਡਿਗ ਪਿਆ ਅਤੇ ਮੈਂ ਬਾਅਦ ਵਿੱਚ ਉਸ ਨੂੰ ਚੁੱਕ ਕੇ ਪੁਲਿਸ ਨੂੰ ਫੋਨ ਕੀਤਾ ਜੋ ਕਿ ਤੁਰੰਤ ਹੀ ਉੱਥੇ ਅਪੜ ਗਈ।'
ਉੱਤਰੀ ਭਾਰਤ ਦੇ ਸੂਬੇ ਹਰਿਆਣਾ ਦੇ ਕੈਥਲ ਜਿਲੇ ਤੋਂ ਇੱਥੇ ਡਿਜੀਟਲ ਮੀਡੀਆ ਦੀ ਪੜਾਈ ਕਰਨ ਆਏ ਸ਼੍ਰੀ ਧੀਮਾਨ ਨੇ ਕਿਹਾ ਕਿ, ‘ਮੈਂ ਇਸ ਹਮਲੇ ਨਾਲ ਬਹੁਤ ਦਹਿਸ਼ਤ ਵਿੱਚ ਹਾਂ। ਮੈਂ ਆਪਣੇ ਮਾਤਾ ਪਿਤਾ ਨਾਲ ਭਾਰਤ ਗਲ ਕਰਕੇ ਸਲਾਹ ਲੈ ਰਿਹਾ ਹਾਂ ਕਿ ਮੈਂ ਇੱਥੋਂ ਕਿਸੇ ਹੋਰ ਸੁਰੱਖਿਅਤ ਦੇਸ਼, ਜਿਵੇਂ ਕੈਨੇਡਾ ਵਿੱਚ ਚਲਾ ਜਾਵਾਂ’।
‘ਮੈਨੂੰ ਹਾਲੇ ਵੀ ਲਗਦਾ ਹੈ ਕਿ ਮੇਰੇ ਹਮਲਾਵਾਰ ਮੇਰਾ ਪਿੱਛਾ ਕਰ ਰਹੇ ਹਨ’।
ਮੈਲਬਰਨ ਪੁਲਿਸ ਵਲੋਂ ਕੇਸ ਦਰਜ ਕਰਕੇ ਤਹਿਕੀਕਾਤ ਕੀਤੀ ਜਾ ਰਹੀ ਹੈ।
Comments