ਓ ਸੀ ਆਈ ਬਾਰੇ ਭੰਬਲਭੂਸਾ ਜਾਰੀ – ਕਈ ਯਾਤਰੀਆਂ ਵਲੋਂ ਕਾਨੂੰਨੀ ਕਾਰਵਾਈ ਕਰਨ ਦਾ ਵਿਚਾਰ
ਉਹਨਾਂ ਕਈ ਆਸਟ੍ਰੇਲੀਅਨ ਨਾਗਰਿਕਾਂ ਜਿਨਾਂ ਕੋਲ ਭਾਰਤ ਦਾ ਉਮਰ ਭਰ ਦਾ ‘ਓਵਰਸੀਜ਼ ਸਿਟੀਜ਼ਨ ਆਫ ਇੰਡੀਆ’ ਨਾਮੀ ਕਾਰਡ ਹੈ, ਨੂੰ ਭਾਰਤ ਜਾਣ ਲਈ ਜਹਾਜ ਚੜਨੋਂ ਰੋਕਿਆ ਜਾ ਰਿਹਾ ਹੈ। ਇਹਨਾਂ ਵਿੱਚੋਂ ਕਈਆਂ ਵਲੋਂ ਕਾਨੂੰਨੀ ਸਲਾਹ ਲਈ ਜਾ ਰਹੀ ਹੈ। ਇਸੀ ਦੌਰਾਨ, ਕਈ ਅਜਿਹੇ ਯਾਤਰੀਆਂ ਨੇ ਆਪਣੇ ਦੁਖੜੇ ਐਸ ਬੀ ਐਸ ਪੰਜਾਬੀ ਨਾਲ ਸਾਂਝੇ ਕੀਤੇ ਹਨ, ਅਤੇ ਹਾਈ ਕਮਿਸ਼ਨ ਆਫ ਇੰਡੀਆ, ਵੀ ਐਫ ਐਸ ਗਲੋਬਲ ਸਰਵਿਸਿਸ ਅਤੇ ਮਲੇਸ਼ੀਅਨ ਏਅਰ-ਲਾਈਨਜ਼ ਨੇ ਵੀ ਸਾਂਝ ਬਣਾਈ ਹੈ ।
ਉਹਨਾਂ ਐਸ ਬੀ ਐਸ ਪੰਜਾਬੀ ਨੂੰ ਦਸਿਆ ਕਿ, ‘ਮਲੇਸ਼ੀਅਨ ਏਅਰਲਾਈਨਸ ਦੇ ਸਟਾਫ ਨੇ ਮੈਨੂੰ ਜਹਾਜ ਚੜਨ ਤੋਂ ਇਸ ਕਰਕੇ ਰੋਕ ਦਿੱਤਾ ਕਿਉਂਕਿ ਮੇਰਾ ਓ ਸੀ ਆਈ ਨਵਿਆਇਆ ਹੋਇਆ ਨਹੀਂ ਸੀ। ਏਅਰਲਾਈਨ ਨੇ ਇਸ ਬਾਬਤ ਇਕ ਕੰਪਿਊਟਰ ਤੋਂ ਟਾਈਪ ਕੀਤਾ ਹੋਇਆ ਦਸਤਾਵੇਜ਼ ਵੀ ਮੈਨੂੰ ਦਿੱਤਾ। ਮੈਂ ਉਹਨਾਂ ਨੂੰ ਇਹ ਦਲੀਲ ਵੀ ਦਿੱਤੀ ਕਿ ਮੈਂ ਇਸੀ ਤਰਾਂ ਪਹਿਲਾਂ ਵੀ ਭਾਰਤ ਦੀ ਯਾਤਰਾ ਕਰ ਚੁਕਿਆ ਹਾਂ, ਪਰ ਉਹਨਾਂ ਤੇ ਕੋਈ ਅਸਰ ਨਹੀਂ ਹੋਇਆ’।
ਮਲੇਸ਼ੀਅਨ ਏਅਰਲਾਈਨ ਵਲੋਂ ਜਿਹੜੇ ਦਸਤਾਵੇਜ਼ ਦੀ ਪਾਲਣਾ ਕੀਤੀ ਜਾ ਰਹੀ ਹੈ ਉਹ, ਭਾਰਤ ਸਰਕਾਰ ਵਲੋਂ ਦਿਤੀਆਂ ਗਈਆਂ ਹਿਦਾਇਤਾਂ ਦੇ ਐਨ ਉਲਟ ਹੈ। ਮਲੇਸ਼ੀਅਨ ਏਅਰਲਾਈਨ ਅਨੁਸਾਰ ਹਰ ਉਹ ਵਿਅਕਤੀ ਜੋ ਕਿ ਪੰਜਾਹਾਂ ਸਾਲਾਂ ਦੀ ਉਮਰ ਦਾ ਹੋਣ ਤੋਂ ਬਾਅਦ ਆਪਣਾ ਪਾਸਪੋਰਟ ਨਵਿਆਂਉਂਦਾ ਹੈ, ਉਸ ਨੂੰ ਹਰ ਵਾਰ ਆਪਣੇ ਓ ਸੀ ਆਈ ਨੂੰ ਵੀ ਨਵਿਆਉਣ ਦੀ ਲੋੜ ਹੈ, ਪਰ ਇਸ ਬਾਬਤ ਹਾਈ ਕਮਿਸ਼ਨਰ ਆਫ ਇੰਡੀਆ ਵੱਲੋਂ ਕਈ ਸਫਾਈਆਂ ਵੀ ਦਿਤੀਆਂ ਗਈਆਂ ਹਨ ਕਿ ਇਸ ਨੂੰ ਸਿਰਫ ਇਕੋ ਵਾਰ ਹੀ ਨਵਿਆਉਣ ਦੀ ਲੋੜ ਹੈ।
ਡਾ ਸਿੰਘ ਦੇ ਟਰੈਵਲ ਏਜੈਂਟ ਨੂੰ ਵੀ ਮਲੇਸ਼ੀਅਨ ਏਅਰਲਾਈਨਸ ਨੇ ਹਿਦਾਇਤ ਭੇਜੀ ਹੈ ਕਿ ‘ਆਸਟ੍ਰੇਲੀਅਨ ਲੋਕਾਂ ਦੇ ਪਾਸਪੋਰਟ ਅਤੇ ਓ ਸੀ ਆਈ ਇਕ ਦੂਜੇ ਨਾਲ ਮੇਲ ਖਾਂਦੇ ਹੋਣੇ ਚਾਹੀਦੇ ਹਨ। ਅਗਰ ਅਜਿਹਾ ਨਹੀਂ ਹੈ, ਤਾਂ ਯਾਤਰੀਆਂ ਨੂੰ ਨਵੇਂ ਓ ਸੀ ਆਈ ਦੀ ਲੋੜ ਹੋਵੇਗੀ ਜਾਂ ਫੇਰ ਆਪਣਾ ਵੀਜ਼ਾ ਲੈ ਕਿ ਹੀ ਜਾ ਸਕਦੇ ਹਨ’। ਪਾਰ ਇਹ ਗੱਲ ਵੀ ਭਾਰਤ ਸਰਕਾਰ ਵੱਲੋਂ ਜਾਰੀ ਹਿਦਾਇਤਾਂ ਦੇ ਵਿਪ੍ਰੀਤ ਹੈ ।
‘ਮੈਨੂੰ ਈ-ਵੀਜ਼ਾ ਲੈਣ ਦੀ ਸਲਾਹ ਦਿੱਤੀ ਗਈ ਸੀ, ਜੋ ਕਿ ਮੈਂ ਲੈ ਲਿਆ ਸੀ। ਪਰ ਜਦੋਂ ਮੈਂ ਸਿੰਗਾਪੁਰ ਏਅਰਲਾਈਨਜ਼ ਦੀ ਉੜਾਨ ਨਾਲ ਭਾਰਤ ਗਿਆ ਤਾਂ ਉਹਨਾਂ ਨੇ ਮੇਰਾ ਪਾਸਪੋਰਟ, ਅਤੇ ਉਹੀ ਵਾਲਾ ਓ ਸੀ ਆਈ ਸਵੀਕਾਰ ਕਰ ਲਿਆ। ਜਦ ਕਿ ਮਲੇਸ਼ੀਅਨ ਏਅਰ-ਲਾਈਨਜ਼ ਨੇ ਅਜਿਹਾ ਨਹੀਂ ਮੰਨਿਆ’।
‘ਅਤੇ ਜਦੋਂ ਮੈਂ ਇਹੀ ਮਸਲਾ ਦਿੱਲੀ ਹਵਾਈ ਅੱਡੇ ਤੇ ਸਥਿਤ ਇਮੀਗ੍ਰੇਸ਼ਨ ਵਿਭਾਗ ਕੋਲ ਉਠਾਇਆ ਤਾਂ ਉਹਨਾਂ ਕਿਹਾ ਕਿ ਓ ਸੀ ਆਈ ਦੇ ਨਿਯਮਾਂ ਵਿੱਚ ਕੋਈ ਵੀ ਤਬਦੀਲੀ ਨਹੀਂ ਕੀਤੀ ਗਈ ਹੈ। ਅਤੇ ਓ ਸੀ ਆਈ ਨੂੰ ਪੰਜਾਹਾਂ ਸਾਲਾਂ ਤੋਂ ਬਾਅਦ ਨਵਿਆਉਣ ਤੋਂ ਬਾਅਦ ਮੁੜ ਦੁਬਾਰਾ ਨਵਿਆਉਣ ਦੀ ਲੋੜ ਨਹੀਂ ਹੁੰਦੀ’।
ਕੈਨਬਰਾ ਵਾਪਸ ਪਰਤਣ ਤੋਂ ਬਾਅਦ ਡਾ ਸਿੰਘ ਚਾਹੁੰਦੇ ਹਨ ਕਿ ਕੋਈ ਤਾਂ ਇਸ ਮਸਲੇ ਬਾਰੇ ਸਾਫ ਸਾਫ ਦੱਸੇ।
ਉਹਨਾਂ ਕਿਹਾ ਕਿ, ‘ਮੈਨੂੰ ਕੁੱਲ ਮਿਲਾ ਕੇ 6000 ਡਾਲਰ ਦਾ ਨੁਕਸਾਨ ਹੋਈਆ ਹੈ, ਜਿਨਾਂ ਵਿੱਚ $1800 ਦੀਆਂ ਟਿਕਟਾਂ, ਬਸ ਦੀ ਯਾਤਰਾ ਅਤੇ ਮੇਰੀਆਂ ਛੁੱਟੀਆਂ ਆਦਿ ਸ਼ਾਮਲ ਹਨ । ਮੈਂ ਇਸ ਬਾਰੇ ਕਾਨੂੰਨੀ ਕਾਰਵਾਈ ਕਰਾਂਗਾ’।
ਅਤੇ ਅਜਿਹਾ ਹੀ ਕਈ ਹੋਰ ਯਾਤਰੀਆਂ ਵਲੋਂ ਵੀ ਕਿਹਾ ਜਾ ਰਿਹਾ ਹੈ।
ਅਕਤੂਬਰ ਮਹੀਨੇ ਵਿੱਚ ਐਸ ਬੀ ਐਸ ਪੰਜਾਬੀ ਵਲੋਂ ਮਲੇਸ਼ੀਅਨ ਏਅਰਲਾਈਨਜ਼ ਨੂੰ ਇਸ ਮਸਲੇ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਕੀਤੀ ਬੇਨਤੀ ਦੇ ਜਵਾਬ ਵਿੱਚ ਹੁਣ ਸਿਰਫ ਐਨਾ ਹੀ ਕਿਹਾ ਗਿਆ ਕਿ, ‘ਸਾਨੂੰ ਜਵਾਬ ਵਿੱਚ ਦੇਰੀ ਹੋਣ ਦਾ ਅਫਸੋਸ ਹੈ। ਪਰ ਯਾਤਰੀਆਂ ਦੀ ਗੋਪਨੀਅਤਾ ਨੂੰ ਵਿਚਾਰਦੇ ਹੋਏ, ਅਸੀਂ ਇਸ ਸਮੇਂ ਕੋਈ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਨਹੀਂ ਕਰ ਸਕਦੇ’।
ਇਸੀ ਤਰਾਂ ਦੇ ਤਜਰਬੇ ਬਾਰੇ, ਸਿਡਨੀ ਦੇ ਰਹਿਣ ਵਾਲੇ ਰਮਿੰਦਰ ਧਾਲੀਵਾਲ ਨੇ ਵੀ ਐਸ ਬੀ ਐਸ ਪੰਜਾਬੀ ਨੂੰ ਦਸਿਆ ਕਿ ਉਹਨਾਂ ਦੇ ਮਾਪਿਆਂ ਨੂੰ ਵੀ ਕੈਥੇ ਪੈਸਿਫਿਕ ਦੇ ਜਹਾਜ ਚੜਨੋ ਰੋਕ ਦਿੱਤਾ ਗਿਆ ਸੀ।
'ਮੇਰੇ ਮਾਤਾ-ਪਿਤਾ ਜੋ ਕਿ 55 ਅਤੇ 57 ਸਾਲਾਂ ਦੇ ਹਨ ਕੋਲ ਓ ਸੀ ਆਈ ਕਾਰਡ ਹੈ, ਅਤੇ ਉਹਨਾਂ ਦਾ ਪਾਸਪੋਰਟ ਹਾਲੇ ਕਈ ਸਾਲਾਂ ਬਾਅਦ ਹੀ ਨਵਿਆਉਣਾ ਹੈ।'
ਕੈਥੇ ਪੈਸੀਫਿਕ ਨੇ ਉਹਨਾਂ ਦੇ ਮਾਪਿਆਂ ਨੂੰ ਇਹ ਵੀ ਦਸਿਆ ਕਿ ਇਸ ਭੰਬਲਭੂਸੇ ਕਾਰਨ ਕਈ ਲੋਗ ਹੋਂਗ ਕੌਂਗ ਵਿੱਚ ਹੀ ਫਸੇ ਹੋਏ ਹਨ।
‘ਬੇਸ਼ਕ ਮੇਰੇ ਮਾਪਿਆਂ ਦਾ ਮਾਲੀ ਨੁਕਸਾਨ ਤਾਂ ਬਹੁਤ ਜਿਆਦਾ ਨਹੀਂ ਹੋਈਆ ਹੈ ਪਰ ਕਿਸਮਤ ਨਾਲ ਉਹਨਾਂ ਨੂੰ ਭਾਰਤ ਜਾਣ ਦੀ ਕੋਈ ਕਾਹਲੀ ਨਹੀਂ ਸੀ’, ਦਸਿਆ ਰਮਿੰਦਰ ਨੇ।
ਵਿਭਾਗ ਦੀਆਂ ਹਦਾਇਤਾਂ ਮੁਤਾਬਕ ਉਪਰਲੇ ਦੋਹਾਂ ਹੀ ਕੇਸਾਂ ਵਿੱਚ ਓ ਸੀ ਆਈ ਨੂੰ ਦੁਬਾਰਾ ਨਵਿਆਉਣ ਦੀ ਕੋਈ ਲੋੜ ਨਹੀਂ ਸੀ।
ਕਿਉਂਕਿ ਇਸ ਮਸਲੇ ਬਾਰੇ ਹਾਲੇ ਵੀ ਸਥਿਤੀ ਸਾਫ ਨਹੀਂ ਹੋ ਪਾਈ ਹੈ, ਐਸ ਬੀ ਐਸ ਪੰਜਾਬੀ ਨੇ ਇੰਡੀਅਨ ਹਾਈ ਕਮਿਸ਼ਨ ਨੂੰ ਕਈ ਪ੍ਰਸ਼ਨ ਪੁਛੇ :
1. ਕਿ ਤੁਸੀਂ ਕੋਈ ਵਧੇਰੀ ਕਾਰਵਾਈ ਕਰੋਗੇ ?
2. ਅਕਤੂਬਰ ਮਹੀਨੇ ਦੌਰਾਨ ਕਿੰਨੇ ਈ-ਵੀਜ਼ਾ ਪ੍ਰਦਾਨ ਕੀਤੇ ਗਏ ਸਨ ਅਤੇ ਇਹਨਾਂ ਵਿੱਚੋਂ ਕਿੰਨਿਆਂ ਕੋਲ ਓ ਸੀ ਆਈ ਵੀ ਸੀ?
3. ਭਾਈਚਾਰੇ ਵਲੋਂ ਮੰਗ ਕੀਤੀ ਜਾ ਰਹੀ ਹੈ ਕਿ ਓ ਸੀ ਆਈ ਦੇ ਨਿਯਮ ਨਰਮ ਕੀਤੇ ਜਾਣੇ ਚਾਹੀਦੇ ਹਨ। ਅਗਰ ਇਸ ਦਾ ਨਾਮ ਹੀ ‘ਲਾਈਫ-ਲੋਂਗ’ ਵੀਜ਼ਾ ਹੈ ਤਾਂ ਫੇਰ ਇਸ ਨੂੰ ਨਵਿਆਉਣ ਦੀ ਕੀ ਲੋੜ ਹੈ?
ਇਹਨਾਂ ਸਵਾਲਾਂ ਦੇ ਜਵਾਬ ਵਿੱਚ ਹਾਈ ਕਮਿਸ਼ਨਰ ਦਫਤਰ ਵਲੋਂ ਕਿਹਾ ਗਿਆ ਹੈ ਕਿ, ‘ਵਿਭਾਗ ਵਲੋਂ ਏਅਰ ਲਾਈਨਜ਼ ਨੂੰ ਮੁੜ ਦੋਬਾਰਾ ਤੋਂ ਹਦਇਤਾਂ ਜਾਰੀ ਕਰ ਦਿੱਤੀਆਂ ਗਈਆਂ ਤਾਂ ਕਿ ਜਿਹੜੇ ਲੋਕਾਂ ਕੋਲ ਵੈਧ ਓ ਸੀ ਆਈ ਹੈ, ਉਹਨਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ’।
ਇਕ ਹੋਰ ਅਚੰਭੇ ਵਾਲਾ ਕੇਸ ਹੈ ਮੋਮੀਤਾ ਗੁਹਾ ਦਾ – ਇਸ ਦੇ ਛੇ ਸਾਲਾਂ ਬੇਟੇ ਕੋਲ 2014 ਤੋਂ ਓ ਸੀ ਆਈ ਹੈ, ਅਤੇ ਹਾਲ ਵਿੱਚ ਹੀ ਉਸ ਦਾ ਪਾਸਪੋਰਟ ਨਵਿਆਇਆ ਗਿਆ ਸੀ।
'ਮੈਂ ਕਿਸੇ ਵੀ ਝੰਜਟ ਤੋਂ ਬਚਣ ਲਈ ਉਸ ਦੇ ਪਾਸਪੋਰਟ ਤੇ ਓ ਸੀ ਆਈ ਦੀ ਸਟੈਂਪ ਲਗਵਾਉਣ ਲਈ ਵੀ ਐਫ ਐਸ ਦੇ ਦਫਤਰ ਸਾਰੇ ਦਸਤਾਵੇਜ਼ ਲੈ ਕਿ ਗਈ।'
ਪਰ ਹੈਰਾਨੀ ਦੀ ਗਲ ਇਹ ਹੋਈ ਕਿ ਉਥੇ ਇਸ ਦੇ ਬੇਟੇ ਦੇ ਓ ਸੀ ਆਈ ਦਾ ਕੋਈ ਰਿਕਾਰਡ ਹੀ ਨਹੀਂ ਲਭਿਆ।
ਅਗਲੀਆਂ ਪ੍ਰੇਸ਼ਾਨੀਆਂ ਤੋਂ ਬਚਣ ਲਈ ਸ੍ਰੀਮਤੀ ਗੁਹਾ ਆਪਣੇ ਬੇਟੇ ਲਈ ਈ-ਵੀਜ਼ਾ ਲੈਣ ਦੀ ਸੋਚ ਰਹੀ ਹੈ।
ਐਸ ਬੀ ਐਸ ਵਲੋਂ ਇਸ ਮਾਮਲੇ ਲਈ ਸਫਾਈ ਮੰਗੇ ਜਾਣ ਤੇ ਵੀ ਐਫ ਐਸ ਦੇ ਜਤਿਨ ਵਿਆਸ ਨੇ ਦਸਿਆ ਕਿ, ‘ਅਸੀਂ ਆਪਣੇ ਕੋਲ ਰਿਕਾਰਡ ਇਕ ਮਿਥੇ ਸਮੇਂ ਤੋਂ ਜਿਆਦਾ ਨਹੀਂ ਰਖਦੇ। ਦਸਤੇਵਜ਼ੀ ਖਾਮੀਆਂ ਨੂੰ ਅਸੀਂ ਹਰੇਕ ਕੇਸ ਦੇ ਅਨੁਸਾਰ ਹੀ ਹਲ ਕਰਦੇ ਹਾਂ’।
ਰਮਿੰਦਰ ਧਾਲੀਵਾਲ ਨੇ ਐਸ ਬੀ ਐਸ ਪੰਜਾਬੀ ਨੂੰ ਦਸਿਆ ਕਿ ਇਸ ਸਮੇਂ ਬਹੁਤ ਸਾਰੇ ਲੋਗ ਛੁੱਟੀਆਂ ਹੋਣ ਕਾਰਨ ਭਾਰਤ ਦੀ ਯਾਤਰਾ ਕਰਦੇ ਹਨ, ਅਤੇ ਇਸ ਭੰਬਲਭੂਸੇ ਕਾਰਨ ਬਹੁਤਿਆਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ।
Comments