ਯੂਨੀਕ ਇੰਟਰਨੈਸ਼ਨਲ ਕਾਲਜ 'ਤੇ ਅਦਾਲਤ ਨੇ ਠੋਕਿਆ ਚਾਲੀ ਲੱਖ ਡਾਲਰ ਦਾ ਜੁਰਮਾਨਾ
ਸਿਡਨੀ ਨਿਵਾਸੀ ਅਮਰਜੀਤ ਖੇਲਾ ਦੀ ਮਲਕੀਅਤ ਵਾਲੇ ਯੂਨੀਕ ਇੰਟਰਨੈਸ਼ਨਲ ਕਾਲਜ ਉੱਤੇ ਕੁਝ ਵਿਦਿਆਰਥੀਆਂ ਨੂੰ ਔਨਲਾਈਨ ਕੋਰਸਾਂ ਵਿੱਚ ਦਾਖ਼ਲ ਕਰਨ ਸਮੇਂ ਗੁੰਮਰਾਹ ਕਰਨ ਦਾ ਦੋਸ਼ ਅਦਾਲਤ ਵਿੱਚ ਸਾਬਿਤ ਹੋਇਆ ਹੈ। ਫੈਸਲੇ ਸੁਣਾਉਣ ਵੇਲ਼ੇ ਜੱਜ ਨੇ ਕਾਲਜ ਉੱਤੇ ਵਿੱਤੀ ਲਾਭ ਲੈਣ ਲਈ ਜਾਣਬੁੱਝਕੇ ਆਦਿਵਾਸੀ ਭਾਈਚਾਰਿਆਂ ਸਮੇਤ ਕੁਝ ਘੱਟ ਪੜ੍ਹੇ-ਲਿਖੇ ਲੋਕਾਂ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਆਖੀ ਹੈ।
ਆਸਟਰੇਲੀਆ ਦੀ ਫੈਡਰਲ ਅਦਾਲਤ ਨੇ ਪੱਛਮੀ ਸਿਡਨੀ ਦੇ ਗ੍ਰੈਨਵਿਲ ਇਲਾਕੇ ਵਿੱਚ ਸਥਿਤ ਇੱਕ ਸਾਬਕਾ ਪ੍ਰਾਈਵੇਟ ਸਿਖਲਾਈ ਕਾਲਜ 'ਤੇ ਗ਼ੈਰਮਿਆਰੀ ਸਿੱਖਿਆ ਦੇਣ ਅਤੇ ਸਰਕਾਰੀ ਫੰਡ ਦੀ ਦੁਰਵਰਤੋਂ ਕਰਨ ਲਈ $4.2 ਮਿਲੀਅਨ ਯਾਨੀ 42 ਲੱਖ ਡਾਲਰ ਦਾ ਜੁਰਮਾਨਾ ਲਗਾਇਆ ਹੈ।
ਦੋਸ਼ਾਂ ਦੇ ਅਨੁਸਾਰ ਭਾਰਤੀ ਪ੍ਰਵਾਸੀ ਅਮਰਜੀਤ ਸਿੰਘ ਖੇਲਾ* ਦੀ ਮਲਕੀਅਤ ਵਾਲੇ ਯੂਨੀਕ ਇੰਟਰਨੈਸ਼ਨਲ ਕਾਲਜ ਨੇ ਛੇ ਵੱਖ-ਵੱਖ ਮਾਮਲਿਆਂ ਵਿੱਚ 2014 ‘ਚ ਕੁਝ ਵਿਦਿਆਰਥੀਆਂ ਨੂੰ ਔਨਲਾਈਨ ਕੋਰਸਾਂ ਵਿੱਚ ਦਾਖ਼ਲ ਕਰਨ ਸਮੇਂ ਗੁੰਮਰਾਹ ਕੀਤਾ ਸੀ।
ਇਹ ਵੀ ਪਾਇਆ ਗਿਆ ਕਿ ਕਾਲਜ ਸੰਭਾਵਿਤ ਵਿਦਿਆਰਥੀਆਂ ਨੂੰ ਕੋਰਸ ਦੀ ਲਾਗਤ ਬਾਰੇ ਦੱਸਣ ਵਿੱਚ ਅਸਫਲ ਰਿਹਾ ਅਤੇ ਨਾ ਹੀ ਉਨ੍ਹਾਂ ਨੂੰ ਇਹ ਦੱਸਿਆ ਗਿਆ ਕਿ ਇਸ ਪੜ੍ਹਾਈ ਲਈ ਉਨ੍ਹਾਂ ਦੇ ਨਾਂ ਉੱਤੇ ਹੁਣ ਕਰਜ਼ਾ ਚੜ੍ਹ ਗਿਆ ਹੈ। ਇਸ ਦੇ ਨਾਲ ਉਨ੍ਹਾਂ ਨੂੰ ਮੁਫ਼ਤ ਲੈਪਟਾਪ ਦੇਣ ਦਾ ਝਾਂਸਾ ਵੀ ਦਿੱਤਾ ਗਿਆ।
ਇੱਕ 19-ਸਾਲਾ ਵਿਦਿਆਰਥੀ ਦੇ ਕੇਸ ਬਾਰੇ ਗੱਲ ਕਰਦਿਆਂ ਜਸਟਿਸ ਨਏ ਪੈਰਮ ਨੇ ਕਿਹਾ ਕਿ ਕਾਲਜ ਨੇ ਵਿੱਤੀ ਲਾਭ ਲੈਣ ਲਈ ਜਾਣਬੁੱਝਕੇ ਆਦਿਵਾਸੀ ਭਾਈਚਾਰਿਆਂ ਸਮੇਤ ਕੁਝ ਘੱਟ ਪੜ੍ਹੇ-ਲਿਖੇ ਲੋਕਾਂ ਨੂੰ ਨਿਸ਼ਾਨਾ ਬਣਾਇਆ।
ਉਨ੍ਹਾਂ ਇਹ ਵੀ ਕਿਹਾ ਕਿ ਇਹ ਜੁਰਮਾਨਾ ਕਾਲਜ ਦੇ ਗ਼ੈਰਇਖ਼ਲਾਕੀ ਵਤੀਰੇ ਨਾਲ ਸਬੰਧਤ ਹੈ ਅਤੇ ਇਹ ਏ.ਸੀ.ਸੀ.ਸੀ. ਦੇ ਉਸ ਕੇਸ ਨਾਲੋਂ ਵੱਖ ਹੈ ਜਿਸ ਤਹਿਤ ਦੋਸ਼ ਲੱਗੇ ਸਨ ਕਿ ਕਾਲਜ ਪ੍ਰਣਾਲੀਗਤ ਗੈਰ-ਕਾਨੂੰਨੀ ਦੁਰਾਚਾਰ ਵਿੱਚ ਵੀ ਸ਼ਾਮਲ ਸੀ।
ਆਸਟਰੇਲੀਆ ਦੀ ਸਰਕਾਰ ਹੁਣ ਨਵੀਂ ਵੀ.ਈ.ਟੀ. ਫੀਸ ਹੈਲਪ ਯੋਜਨਾ ਤਹਿਤ ਯੂਨੀਕ ਦੁਆਰਾ ਦਾਖਿਲ ਕੀਤੇ ਸਬੰਧਿਤ ਵਿਦਿਆਰਥੀਆਂ ਦੇ ਕਰਜ਼ੇ ਰੱਦ ਕਰਨ ਦੀ ਪ੍ਰਕਿਰਿਆ ਵਿੱਚ ਹੈ।
ਏ.ਸੀ.ਸੀ.ਸੀ. ਦੇ ਚੇਅਰਮੈਨ ਰੌਡ ਸਿੰਮਜ਼ ਨੇ ਕਿਹਾ ਕਿ "ਯੂਨੀਕ ਦੁਆਰਾ ਦਾਖਿਲ ਕੀਤੇ ਗਏ ਇਹ ਵਿਦਿਆਰਥੀ ਕੋਰਸਾਂ ਨੂੰ ਪੂਰਾ ਕਰਨ ਦੇ ਯੋਗ ਨਹੀਂ ਸਨ ਬਲਕਿ ਉਹਨਾਂ ਦੇ ਜੀਵਨ ਭਰ ਭਾਰੀ ਕਰਜਿਆਂ ਹੇਠ ਦੱਬੇ ਰਹਿਣ ਦੀ ਸੰਭਾਵਨਾ ਸੀ।"
“ਅਸੀਂ ਇਨ੍ਹਾਂ ਵਿਦਿਆਰਥੀਆਂ ਦੇ ਕਰਜ਼ੇ ਰੱਦ ਕਰਨ ਲਈ ਸਰਕਾਰ ਦੁਆਰਾ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦਾ ਸਮਰਥਨ ਕਰਦੇ ਹਾਂ।"
ਦੱਸਣਯੋਗ ਹੈ ਕਿ ਯੂਨੀਕ ਇੰਟਰਨੈਸ਼ਨਲ ਕਾਲਜ ਦੀ ਰਜਿਸਟਰੇਸ਼ਨ ਰੱਦ ਹੋ ਚੁੱਕੀ ਹੈ ਅਤੇ ਇਹ ਕਾਲਜ ਹੁਣ ਕੰਮ ਨਹੀਂ ਕਰ ਰਿਹਾ।
*ਐਸ ਬੀ ਐਸ ਪੰਜਾਬੀ ਵੱਲੋਂ ਇਸ ਫੈਸਲੇ ਬਾਰੇ ਅਮਰਜੀਤ ਸਿੰਘ ਖੇਲਾ ਨੂੰ ਸੰਪਰਕ ਕਰਨ ਦੀ ਕੀਤੀ ਕੋਸ਼ਿਸ਼ ਅਸਫਲ ਰਹੀ। copied by sbs punjabi thanks
Comments