ਮਾਪਿਆਂ ਨੇ ਸਹੁਰਿਆਂ ਦੇ ਘਰ ਦੇ ਬਾਹਰ ਕੀਤਾ ਧੀ ਦਾ ਸਸਕਾਰ

ਹਿਮਾਚਲ ਦੇ ਜ਼ਿਲ੍ਹਾ ਕਾਂਗੜਾ ਦੀ ਤਹਿਸੀਲ ਜਵਾਲੀ ਦੇ ਪਿੰਡ ਕੁਠੇਹੜ ਵਿਚ ਮ੍ਰਿਤਕ ਊਸ਼ਾ ਦੇਵੀ ਦੇ ਮਾਪਿਆਂ ਨੇ ਉਸ ਦੇ ਸਹੁਰੇ ਘਰ ਦੇ ਬਾਹਰ ਹੀ ਉਸ ਦਾ ਸਸਕਾਰ ਕਰ ਦਿੱਤਾ। ਮਾਪਿਆਂ ਦਾ ਇਲਜ਼ਾਮ ਹੈ ਕਿ ਉਨ੍ਹਾਂ ਨੂੰ ਕੁਠੇਹੜ ਪੰਚਾਇਤ ਦਾ ਕੋਈ ਸਹਿਯੋਗ ਨਹੀਂ ਮਿਲਿਆ ਤੇ ਨਾ ਹੀ ਕੋਈ ਮੈਂਬਰ ਪੰਚਾਇਤ ਉਨ੍ਹਾਂ ਨੂੰ ਮਿਲਣ ਆਇਆ। ਸਹੁਰੇ ਪਰਿਵਾਰ 'ਤੇ ਊਸ਼ਾ ਦੇ ਕਤਲ ਦੇ ਇਲਜ਼ਾਮ ਸਨ।
ਊਸ਼ਾ ਦੇਵੀ ਦਾ ਸ਼ੁੱਕਰਵਾਰ ਨੂੰ ਕਤਲ ਕਰ ਦਿੱਤਾ ਗਿਆ ਸੀ। ਊਸ਼ਾ ਦੇ ਪਤੀ ਅਤੇ ਸਹੁਰਿਆਂ 'ਤੇ ਕਤਲ ਦਾ ਦੋਸ਼ ਲਾਇਆ ਜਾ ਰਿਹਾ ਹੈ। ਜਦੋਂ ਮਾਪੇ ਊਸ਼ਾ ਦੀ ਲਾਸ਼ ਲੈਣ ਗਏ ਤੇ ਉਸ ਦਾ ਸਸਕਾਰ ਕਰਨਾ ਚਾਹਿਆ ਤਾਂ ਉਨ੍ਹਾਂ ਨੂੰ ਪੰਚਾਇਤ ਦਾ ਕੋਈ ਸਹਿਯੋਗ ਨਹੀਂ ਮਿਲਿਆ। ਮ੍ਰਿਤਕਾ ਦੇ ਮਾਪਿਆਂ ਨੇ ਕਿਹਾ ਕਿ ਜਦੋਂ ਉਹ ਆਪਣੀ ਧੀ ਦੀ ਲਾਸ਼ ਲੈ ਕੇ ਸਹੁਰੇ ਪਿੰਡ ਪਹੁੰਚੇ ਤਾਂ ਉਨ੍ਹਾਂ ਦਾ ਕਿਸੇ ਨੇ ਸਹਿਯੋਗ ਨਹੀਂ ਦਿੱਤਾ। ਇਸ ਲਈ ਮਾਪਿਆਂ ਵੱਲੋਂ ਆਏ ਲੋਕਾਂ ਨੇ ਤਕਰੀਬਨ 8 ਵਜੇ ਸਹੁਰੇ ਘਰ ਦੇ ਬਾਹਰ ਪੌੜੀਆਂ ਲਾਗੇ ਹੀ ਆਪਣੀ ਧੀ ਦਾ ਸਸਕਾਰ ਕਰ ਦਿੱਤਾ।
ਇਸ ਪਿੱਛੋਂ 9 ਵਜੇ ਪੁਲਿਸ ਮੌਕੇ 'ਤੇ ਪਹੁੰਚੀ। ਉਦੋਂ ਤੱਕ ਸਸਕਾਰ ਹੋ ਚੁੱਕਿਆ ਸੀ। ਮਾਪਿਆਂ ਨੇ ਕੁਠੇਹੜ ਪੰਚਾਇਤ ਮੁਰਦਾਬਾਦ ਦੇ ਨਾਅਰੇ ਲਾਏ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਊਸ਼ਾ ਦੇਵੀ ਦੇ ਕਤਲ ਦੇ ਮਾਮਲੇ 'ਚ ਪੁਲਿਸ ਨੇ ਉਸ ਦੇ ਪਤੀ ਅਰਜੁਨ ਸਿੰਘ, ਸਹੁਰੇ ਸੂਰਤ ਸਿੰਘ ਤੇ ਸੱਸ ਵਿਸ਼ਣੂ ਦੇਵੀ ਨੂੰ ਧਾਰਾ 302, 34 IPC ਦੇ ਤਹਿਤ ਗ੍ਰਿਫ਼ਤਾਰ ਕਰ ਲਿਆ ਸੀ।
Comments