ਭੈਣ ਜੀ ਮੈਥੋਂ ਛੇ ਸਾਲ ਵੱਡੀ ਸੀ..ਸਾਡੀ ਅਕਸਰ ਹੀ ਨਿੱਕੀ ਨਿੱਕੀ ਗੱਲ ਤੋਂ ਆਪੋ ਵਿਚ ਖੜਕ ਜਾਇਆ ਕਰਦੀ..

ਭੈਣ ਜੀ ਮੈਥੋਂ ਛੇ ਸਾਲ ਵੱਡੀ ਸੀ..ਸਾਡੀ ਅਕਸਰ ਹੀ ਨਿੱਕੀ ਨਿੱਕੀ ਗੱਲ ਤੋਂ ਆਪੋ ਵਿਚ ਖੜਕ ਜਾਇਆ ਕਰਦੀ..ਪਹਿਲਾਂ ਮੂੰਹ ਜ਼ੁਬਾਨੀ ਬੋਲ-ਬੁਲਾਰਾ ਹੁੰਦਾ ਤੇ ਫੇਰ ਤੇ ਗੱਲ ਹੱਥੋਂ ਪਾਈ ਤੱਕ ਜਾ ਅੱਪੜਦੀ!

ਉਹ ਸਰੀਰੋਂ ਮੈਥੋਂ ਤਕੜੀ ਸੀ ਪਰ ਫੇਰ ਵੀ ਪਤਾ ਨੀ ਕਿਓਂ ਮੈਥੋਂ ਹਰ ਵਾਰ ਹਾਰ ਜਾਇਆ ਕਰਦੀ..ਉਸਨੂੰ ਮੇਰੀ ਹਰ ਗੱਲ ਦਾ ਪਤਾ ਲੱਗ ਜਾਇਆ ਕਰਦਾ..ਮੇਰੇ ਮਨ ਅੰਦਰ ਦੀ ਸੌਖਿਆਂ ਹੀ ਬੁੱਝ ਲਿਆ ਕਰਦੀ..ਬੋਲ ਚਾਲ ਬੰਦ ਵੀ ਹੁੰਦੀ ਤਾਂ ਵੀ ਸਕੂਲ ਵੱਲ ਨੂੰ ਤੁਰਿਆਂ ਜਾਂਦਿਆਂ ਪੁੱਛ ਲਿਆ ਕਰਦੀ.."ਹਿਸਾਬ ਦੇ ਸਵਾਲ ਕੱਢੇ ਈ?..ਹਿੰਦੀ ਦਾ "ਐਸੇ" ਲਿਖਿਆ?

ਮੈਂ ਚੁੱਪ ਕਰ ਜਾਂਦਾ..ਫੇਰ ਉਹ ਸਮਝ ਜਾਇਆ ਕਰਦੀ!
ਫੇਰ ਗੁੱਸੇ ਗਿਲੇ ਪਾਸੇ ਰੱਖ ਉਹ ਮੈਨੂੰ ਸੜਕ ਤੋਂ ਓਹਲੇ ਜਿਹੇ ਇੱਕ ਥਾ ਬਿਠਾ ਲਿਆ ਕਰਦੀ ..ਦਸਾਂ ਮਿੰਟਾਂ ਵਿਚ ਹੀ ਸਾਰਾ ਕੁਝ ਖਤਮ ਕਰ ਕਾਪੀਆਂ ਵਾਪਿਸ ਬਸਤੇ ਵਿਚ ਪਾ ਨਾਲ ਤੋਰ ਲਿਆ ਕਰਦੀ..!

ਇੱਕ ਦਿਨ ਪੰਜਾਬੀ ਵਾਲੇ ਨੇ ਲਿਖਾਈ ਪਛਾਣ ਲਈ..ਝੂਠ ਫੜਿਆ ਗਿਆ..ਓਹਨਾ ਭੈਣ ਜੀ ਨੂੰ ਬੁਲਾ ਲਿਆ..
ਸਿਆਣਿਆਂ ਵਾਂਙ ਡਟ ਕੇ ਆਖਣ ਲੱਗੀ ਕੇ "ਕਸੂਰ ਮੇਰਾ ਏ..ਇਸਨੂੰ ਕੁਝ ਨਾ ਆਖਿਓ..ਜਦੋਂ ਤੁਸੀਂ ਨੋਟ ਲਿਖ ਘਰੇ ਭੇਜ ਦਿੰਨੇ ਹੋ ਤਾਂ ਇਸਨੂੰ ਸਾਰੇ ਬੜੀਆਂ ਝਿੜਕਾਂ ਮਾਰਦੇ ਨੇ..ਮੈਥੋਂ ਜਰੀਆਂ ਨਹੀਂ ਜਾਂਦੀਆਂ.."
ਏਨੀ ਗੱਲ ਆਖਦੀ ਹੋਈ ਉਹ ਮੈਨੂੰ ਮਾਂ ਦਾ ਹੀ ਦੂਜਾ ਰੂਪ ਲੱਗਦੀ..ਛਤਰੀ ਵਾਂਙ ਸਿਰ ਤੇ ਤਣੀ ਹੋਈ ਹਰ ਵੇਲੇ ਮੀਂਹ-ਝਖੜ ਅਤੇ ਦੁਨਿਆਵੀਂ ਕੁੱਟ ਮਾਰ ਤੋਂ ਬਚਾਂਉਦੀ ਹੋਈ!

ਫੇਰ ਇੱਕ ਦਿਨ ਉਹ ਬੜੀ ਦੂਰ ਵਿਆਹ ਦਿੱਤੀ ਗਈ..

ਉਸ ਵੇਲੇ ਤਾਂ ਮਹਿਸੂਸ ਨਾ ਹੋਇਆ ਪਰ ਮਗਰੋਂ ਸਾਰਾ ਕੁਝ ਹੀ ਬਦਲ ਗਿਆ ਲੱਗਾ..ਖਾਲੀ ਘਰ ਖਾਣ ਨੂੰ ਪੈਂਦਾ..ਲੜ ਝਗੜ ਕੇ ਗੁਜ਼ਾਰ ਦਿੱਤੀਆਂ ਕਿੰਨੀਆਂ ਘੜੀਆਂ ਚੇਤੇ ਆਇਆ ਕਰਦੀਆਂ..!

ਫੇਰ ਇੱਕ ਦਿਨ ਘਰਦਿਆਂ ਮੇਰੇ ਕਾਰਜ ਵੀ ਆਰੰਭ ਦਿੱਤੇ..

ਓਧਰ ਐਨ ਮੌਕੇ ਤੇ ਫਲਾਈਟ ਕੈਂਸਲ ਹੋ ਗਈ ਤੇ ਭੈਣ ਜੀ ਵੇਲੇ ਸਿਰ ਨਾ ਅੱਪੜ ਸਕੀ..
ਘੋੜੀ ਚੜੇ ਹੋਏ ਦੀ "ਵਾਗ ਫੜਾਈ" ਦੀ ਰਸਮ ਪੂਰੀ ਕਰਵਾਈ ਗਈ ਤਾਂ ਬੜਾ ਚੇਤੇ ਆਈ..!

ਬੜਾ ਗੁੱਸਾ ਆਇਆ..ਮਨ ਹੀ ਮਨ ਆਖਿਆ ਜਦੋਂ ਅੱਪੜੇਗੀ ਤਾਂ ਕਵਾਉਣਾ ਨੀ ਭਾਵੇਂ ਜਿੰਨੇ ਮਰਜੀ ਹਾੜੇ ਕੱਢ ਲਵੇ..

ਫੇਰ ਨਾਸ਼ਤੇ ਵੇਲੇ ਕੋਈ ਚੀਜ ਖਾਂਦਿਆਂ ਅਚਾਨਕ ਸੰਘ ਵਿਚ "ਬੁਰਕੀ" ਲੱਗ ਗਈ..ਪੂਰਾਣੀ ਖੰਗ ਸ਼ੁਰੂ ਹੋ ਗਈ..ਮੈਂ ਲੁਕ ਲੁਕ ਕੇ ਖੰਗ ਰੋਕਣ ਦੀ ਕੋਸ਼ਿਸ਼ ਕਰਨ ਲੱਗਾ..ਮੌਜ ਮਸਤੀ ਵਿਚ ਲੱਗੇ ਯਾਰ ਬਥੇਰਾ ਪੁੱਛਣ ਕੇ ਕੀ ਹੋਇਆ?
ਪਰ ਮੈਂ ਜਿਆਦਾ ਪਤਾ ਨਾ ਲੱਗਣ ਦਿੱਤਾ..ਹਰ ਵਾਰ ਬਹਾਨਾ ਜਿਹਾ ਲਾ ਕੇ ਟਾਲ ਦਿਆ ਕਰਦਾ!

ਫੇਰ ਘੜੀ ਮੁੜੀ ਸਿਹਰਾ ਪਾਸੇ ਜਿਹੇ ਕਰਕੇ ਗੇਟ ਵੱਲ ਵੇਖ ਲਿਆ ਕਰਦਾ..ਸ਼ਾਇਦ ਆ ਹੀ ਜਾਵੇ..ਇਸ ਵੇਲੇ ਤੱਕ ਅੰਦਰੋਂ ਅੰਦਰ ਡਰ ਜਿਹਾ ਵੀ ਲੱਗਣ ਲੱਗ ਪਿਆ ਕੇ ਜੇ ਅਨੰਦ ਕਾਰਜ ਵੇਲੇ ਛਿੜ ਗਈ ਤੇ ਫੇਰ ਓਦੋਂ ਕੀ ਕਰੂੰ?

"ਪਹਿਲੀ ਲਾਂਵ" ਵਾਲੇ ਸ਼ਲੋਕ ਪੜਨ ਵਿਚ ਅਜੇ ਕੁਝ ਘੜੀਆਂ ਹੀ ਬਾਕੀ ਸਨ ਕੇ ਕਿਸੇ ਨੇ ਪਿੱਛਿਓਂ ਮੋਢੇ ਤੇ ਹੱਥ ਰੱਖ ਦਿੱਤਾ..ਵੇਖਿਆ ਤਾਂ ਪਿੱਛੇ ਭੈਣ ਜੀ "ਪਾਣੀ ਦਾ ਗਲਾਸ" ਫੜੀ ਖਲੋਤੀ ਹੋਈ ਸੀ..
ਮੈਂ ਉਸਨੂੰ ਨਾ ਕਵਾਉਣ ਵਾਲੀ ਪਾਈ ਸਹੁੰ ਭੁੱਲ ਗਿਆ ਤੇ ਮੇਰੇ ਹੰਜੂ ਵਗ ਤੁਰੇ..ਵਿਸ਼ਵਾਸ ਜਿਹਾ ਨਾ ਹੋਵੇ ਕੇ ਇਹ ਭੈਣ ਜੀ ਹੀ ਏ..ਉਹ ਅੱਗੋਂ ਸਿਰ ਤੇ ਹੱਥ ਰੱਖ ਆਖਣ ਲੱਗੀ "ਬਾਕੀ ਮਿਲਣੀਆਂ ਬਾਅਦ ਵਿਚ ਪਹਿਲਾਂ ਇਹ ਪਾਣੀ ਪੀ ਲੈ.."ਮੁਲੱਠੀ ਦਾ ਰਸ" ਪਾ ਕੇ ਲਿਆਈਂ ਹਾਂ ਤੇਰੇ ਜੋਗਾ.."

ਸਿਰੋਂ ਇੱਕ ਦਮ ਹੀ ਮਣਾਂ-ਮੂੰਹੀ ਭਾਰ ਜਿਹਾ ਉੱਤਰ ਗਿਆ ਅਤੇ ਉਸ ਦੇ ਕਰਾਮਾਤੀ ਪਾਣੀ ਨੇ ਆਉਂਦੀ ਖੰਗ ਵੀ ਪੂਰੀ ਤਰਾਂ ਠੀਕ ਕਰ ਦਿੱਤੀ..

ਪਰ ਏਨੇ ਵਰ੍ਹਿਆਂ ਬਾਅਦ ਵੀ ਅੱਜ ਤਕ ਇਹ ਪਤਾ ਨਹੀਂ ਲਗਿਆ ਕੇ ਲੰਮੇ ਸਫ਼ਰ ਦੀ ਥੱਕੀ ਹੋਈ ਨੂੰ ਆਉਂਦਿਆਂ ਸਾਰ ਹੀ ਮੇਰੀ "ਖੰਗ" ਬਾਰੇ ਕਿੱਦਾਂ ਪਤਾ ਲੱਗ ਗਿਆ..?

ਦੋਸਤੋ ਇਹ ਸਾਰਾ ਕੁਝ ਸ਼ਾਇਦ ਓਹਨਾ ਵੇਲਿਆਂ ਦੇ "ਰੱਬ" ਵੱਲੋਂ ਸਿਰਜੇ ਹੋਏ ਕਿਸੇ ਐਸੇ "ਦੂਰ ਸੰਚਾਰ" ਵਾਲੇ ਸਿਸਟਮ ਕਰਕੇ ਹੀ ਸੰਭਵ ਹੋ ਸਕਿਆ ਹੋਵੇਗਾ ਜਿਸਨੂੰ ਲੋਕ "ਰੱਬ ਦਾ ਰੇਡੀਓ" ਆਖ ਯਾਦ ਕਰਿਆ ਕਰਦੇ ਸਨ..!

ਭਾਵੇਂ "ਸੈੱਲ ਫੋਨ" ਨਾਮ ਦੀ ਕੋਈ ਚੀਜ ਨਹੀਂ ਸੀ ਹੋਇਆ ਕਰਦੀ ਤਾਂ ਵੀ ਇਸ ਸਿਸਟਮ ਵਿਚ ਏਡੀ ਕਰਾਮਾਤੀ ਤਾਕਤ ਹੁੰਦੀ ਕੇ ਸਚੇ ਮਨੋਂ ਭੇਜਿਆ ਗਿਆ ਇੱਕ ਸੁਨੇਹਾ ਮਿੰਟਾਂ ਸਕਿੰਟਾਂ ਵਿਚ ਹੀ ਆਪਣੀ ਮੰਜਿਲ-ਏ-ਮਕਸੂਦ ਤੱਕ ਅੱਪੜ ਆਪਣਾ ਅਸਰ ਵਿਖਾ ਜਾਇਆ ਕਰਦਾ ਸੀ..ਤੇ ਬਾਕੀ ਦੀ ਦੁਨੀਆ ਇੱਕ ਦੂਜੇ ਦਾ ਮੂੰਹ ਤੱਕਦੀ ਬੱਸ ਇਹ ਸੋਚਦੀ ਰਹਿ ਜਾਇਆ ਕਰਦੀ ਕੇ ਇਹ ਸਾਰਾ ਕੁਝ ਹੋ ਕਿੱਦਾਂ ਗਿਆ?

ਦੋਸਤੋ ਪੁਲ ਹੇਠੋਂ ਲੰਘਿਆ ਪਾਣੀ ਅਤੇ ਗੁਜਰ ਗਿਆ ਵਕਤ ਮੁੜ ਪਰਤ ਕੇ ਕਿਥੇ ਆਉਂਦਾ ਏ ਪਰ ਓਹਨਾ ਵੇਲਿਆਂ ਨੂੰ ਯਾਦ ਕਰ ਲੈਣਾ ਤੇ ਅਜੇ ਸਾਡੇ ਵੱਸ ਵਿਚ ਹੀ ਹੈ..!

ਹਰਪ੍ਰੀਤ ਸਿੰਘ ਜਵੰਦਾ

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

ਪਿਛਲੇ ਦਿਨੀਂ ਆਸਟ੍ਰੇਲੀਆ ਦੇ ਇਸਟਰਨ ਫਰੀਵੇਅ ਤੇ ਹੋਏ ਹਾਦਸੇ ਵਿੱਚ ਪੁਲਿਸ ਮੁਤਾਬਿਕ ਸ਼ਾਮਿਲ ਪੰਜਾਬੀ ਟਰੱਕ ਡਰਾਈਵਰ ਦੇ ਟਰੱਕ ਵਿਚੋਂ ਡਰੱਗਜ਼ ਬਰਾਮਦ । ਦੇਖੋ ਪੂਰੀ ਖਬਰ