ਆਸਟ੍ਰੇਲੀਆ ਦੇ ਜੰਗਲਾਂ ਨੂੰ ਲੱਗੀ ਅੱਗ ਨੇ ਧਾਰਿਆ ਭਿਆਨਕ ਰੂਪ
ਮੈਲਬੌਰਨ, 31 ਦਸੰਬਰ (ਸਰਤਾਜ ਸਿੰਘ ਧੌਲ)-ਵਿਕਟੋਰੀਆ ਅਤੇ ਨਿਊ ਸਾਊਥ ਵੇਲਸ ਦੀ ਸਰਹੱਦ 'ਤੇ ਲੱਗੀ ਭਿਆਨਕ ਜੰਗਲ ਦੀ ਅੱਗ ਨੇ ਭਿਆਨਕ ਰੁਖ਼ ਅਖਤਿਆਰ ਕੀਤਾ ਹੋਇਆ ਹੈ | ਇਸ ਖੇਤਰ 'ਚ ਫੌਜ ਵਲੋਂ ਐਮਰਜੈਂਸੀ ਸੇਵਾਵਾਂ ਦੇ ਨਾਲ ਰਲ ਕੇ ਇਸ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਈਸਟ ਗਿਪਸਲੈਂਡ ਵਿਖੇ ਚਾਰ ਆਦਮੀਆਂ ਦੇ ਅੱਗ ਦੀ ਲਪੇਟ 'ਚ ਆਉਣ ਦੀ ਖ਼ਬਰ ਹੈ ਅਤੇ 230,000 ਹੈਕਟੇਅਰ ਰਕਬਾ ਅੱਗ ਨਾਲ ਤਬਾਹ ਹੋ ਗਿਆ | ਸੂਬੇ 'ਚ 400,000 ਹੈਕਟੇਅਰ ਨੂੰ ਅੱਗ ਨੇ ਨੁਕਸਾਨ ਪਹੁੰਚਾਇਆ ਹੈ | ਹਜ਼ਾਰਾਂ ਘਰਾਂ ਦੀ ਬਿਜਲੀ ਬੰਦ ਹੋ ਚੁੱਕੀ ਹੈ ਅਤੇ ਇਹ ਹੁਣ ਕਈ ਦਿਨਾਂ ਤੱਕ ਬੰਦ ਹੀ ਰਹਿਣ ਦੀ ਸੰਭਾਵਨਾ ਹੈ | ਇਸ ਇਲਾਕੇ 'ਚ ਧੂੰਏਾ ਕਾਰਨ ਵੀ ਲੋਕਾਂ ਨੂੰ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਅਸਮਾਨ ਲਹੂ ਵਾਂਗ ਲਾਲ ਹੋਇਆ ਪਿਆ ਹੈ, ਜਦੋਂਕਿ ਤਾਪਮਾਨ ਬਹੁਤ ਜ਼ਿਆਦਾ ਵਧ ਚੁੱਕਾ ਹੈ | ਲੋਕ ਨਵੇਂ ਸਾਲ ਦੀ ਆਮਦ 'ਤੇ ਮੁਬਾਰਕਾਂ ਦੇ ਰਹੇ ਹਨ, ਉਥੇ ਹੀ ਲੱਗੀ ਹੋਈ ਅੱਗ ਕਾਰਨ ਸਥਿਤੀ ਹੋਰ ਵੀ ਭਿਆਨਕ ਬਣੀ ਹੋਈ ਹੈ | ਜ਼ਿਕਰਯੋਗ ਹੈ ਕਿ ਅੱਗ ਦੀ ਲਪੇਟ 'ਚ ਆਉਣ ਨਾਲ ਹੁਣ ਤੱਕ 11 ਲੋਕਾਂ ਦੀ ਮੌਤ ਹੋ ਚੁੱਕੀ ਹੈ |