ਆਮ ਆਦਮੀ ਪਾਰਟੀ ਦੀ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ 'ਤੇ ਹਮਲਾ
ਜਗਰਾਉਂ, 7 ਦਸੰਬਰ (ਅਜੀਤ ਸਿੰਘ ਅਖਾੜਾ)-ਬੀਤੀ ਰਾਤ ਜਗਰਾਉਂ ਤੋਂ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂੰਕੇ 'ਤੇ ਹਮਲਾ ਹੋਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਦੇਰ ਰਾਤ ਬੀਬੀ ਸਰਬਜੀਤ ਕੌਰ ਮਾਣੂੰਕੇ ਚੰਡੀਗੜ੍ਹ ਤੋਂ ਜਗਰਾਉਂ ਨੂੰ ਜਾ ਰਹੀ ਸੀ ਤੇ ਜਦੋਂ ਉਹ ਮੁੱਲਾਂਪੁਰ ਲੰਘ ਕੇ ਟੋਲ ਪਲਾਜ਼ਾ ਨਜ਼ਦੀਕ ਪੁੱਜੇ ਤਾਂ ਅਣਪਛਾਤੇ ਹਮਲਾਵਰਾਂ ਵਲੋਂ ਉਨ੍ਹਾਂ 'ਤੇ ਹਮਲਾ ਕਰ ਦਿੱਤਾ | ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਕਾਰ 'ਚ ਸਵਾਰ ਸਨ ਤੇ ਵਿਧਾਇਕਾ ਵਲੋਂ ਕਾਰ ਦਾ ਨੰਬਰ ਵੀ ਪੁਲਿਸ ਨੂੰ ਨੋਟ ਕਰਵਾਇਆ ਗਿਆ | ਘਟਨਾ ਸਥਾਨ 'ਤੇ ਪੁਲਿਸ ਦੀ ਟੀਮ ਪੁੱਜ ਗਈ ਤੇ ਮਾਮਲਾ ਜਗਰਾਉਂ ਪੁਲਿਸ ਕੋਲ ਹੈ | ਜਾਣਕਾਰੀ ਅਨੁਸਾਰ ਵਿਧਾਇਕਾ ਨੂੰ ਧਮਕੀਆਂ ਦੀਆਂ ਖ਼ਬਰਾਂ ਵੀ ਪਹਿਲਾਂ ਆਈਆਂ ਸਨ |
ਕੀ ਕਹਿਣਾ ਹੈ ਐੱਸ.ਐੱਚ.ਓ. ਸਦਰ ਦਾ
ਜਦੋਂ ਇਸ ਸਬੰਧੀ ਥਾਣਾ ਸਦਰ ਜਗਰਾਉਂ ਦੇ ਐੱਸ.ਐੱਚ.ਓ. ਰਣਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਵਲੋਂ ਗੱਡੀ ਦਾ ਨੰਬਰ ਨੋਟ ਕਰਵਾਇਆ ਗਿਆ, ਜੋ ਨੰਬਰ ਹੈ ਉਸ ਸਬੰਧੀ ਤਫ਼ਤੀਸ਼ ਚੱਲ ਰਹੀ ਹੈ, ਇਕ-ਦੋ ਦਿਨਾਂ 'ਚ ਪੜਤਾਲ 'ਚ ਪਤਾ ਲੱਗ ਸਕਦਾ ਹੈ | ਪੂਰੇ ਮਾਮਲੇ ਬਾਰੇ ਪੁਲਿਸ ਮੁਲਾਜ਼ਮ ਤਫ਼ਤੀਸ਼ ਕਰ ਰਹੇ ਹਨ |
Comments