ਕਨੇਡਾ ਚ ਪ੍ਰਭਲੀਨ ਕੌਰ ਦਾ ਕਾਤਲ ਉਸ ਦਾ ਗੋਰਾ ਪਤੀ ਹੀ ਨਿਕਲਿਆ
ਐਬਟਸਫੋਰਡ, 7 ਦਸੰਬਰ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਸ਼ਹਿਰ ਸਰੀ ਵਿਖੇ ਬੀਤੀ 21 ਨਵੰਬਰ ਨੂੰ ਕਤਲ ਕੀਤੀ ਗਈ 21 ਸਾਲਾ ਪ੍ਰਭਲੀਨ ਕੌਰ ਮਠਾੜੂ ਦਾ ਕਾਤਲ ਕੋਈ ਹੋਰ ਨਹੀਂ, ਉਸ ਦਾ ਪਤੀ ਹੀ ਨਿਕਲਿਆ | ਇਹ ਅਹਿਮ ਇੰਕਸ਼ਾਫ ਪ੍ਰਭਲੀਨ ਦੇ ਪਿਤਾ ਗੁਰਦਿਆਲ ਸਿੰਘ ਮਠਾੜੂ ਨੇ 'ਅਜੀਤ' ਨਾਲ ਵਿਸ਼ੇਸ਼ ਗੱਲਬਾਤ ਕਰਦੇ ਹੋਏ ਕੀਤਾ | ਗੁਰਦਿਆਲ ਸਿੰਘ ਮਠਾੜੂ ਆਪਣੀ ਪੁੱਤਰੀ ਦੀ ਲਾਸ਼ ਲੈਣ ਵਾਸਤੇ ਕੈਨੇਡਾ ਆਏ ਹਨ | ਉਨ੍ਹਾਂ ਦੱਸਿਆ ਕਿ ਪ੍ਰਭਲੀਨ ਨੇ 18 ਸਾਲ ਦੇ ਪੀਟਰ ਨਾਮਕ ਗੋਰੇ ਨਾਲ 31 ਅਗਸਤ, 2019 ਨੂੰ ਕੈਲਗਰੀ ਵਿਖੇ ਕੋਰਟ ਮੈਰਿਜ ਕਰਵਾਈ ਸੀ | ਪ੍ਰਭਲੀਨ ਤੇ ਪੀਟਰ ਇਕੱਠੇ ਟਿਮ ਹੌਰਟਨ 'ਤੇ ਕੰਮ ਕਰਦੇ ਸਨ | ਉਨ੍ਹਾਂ ਦੱਸਿਆ ਕਿ ਬਿ੍ਟਿਸ਼ ਕੋਲੰਬੀਆ ਵਿਚ ਵਿਆਹ ਦੀ ਉਮਰ 19 ਸਾਲ ਹੈ, ਜਦਕਿ ਅਲਬਰਟਾ ਵਿਚ 18 ਸਾਲ ਹੈ | ਇਸ ਲਈ ਉਸ ਨੇ ਕੈਲਗਰੀ ਜਾ ਕੇ ਕੋਰਟ ਮੈਰਿਜ ਕਰਵਾਈ ਸੀ | ਗੁਰਦਿਆਲ ਸਿੰਘ ਨੇ ਦੱਸਿਆ ਕਿ ਪੀਟਰ ਕੋਲ ਅਸਲ੍ਹੇ ਦਾ ਲਾਇਸੰਸ ਸੀ ਤੇ ਉਸ ਨੇ ਉਸੇ ਦਿਨ ਬੰਦੂਕ ਖਰੀਦੀ ਸੀ, ਜਿਸ ਨਾਲ ਤਿੰਨ ਗੋਲੀਆਂ ਉਸ ਨੇ ਪ੍ਰਭਲੀਨ ਦੇ ਮਾਰੀਆਂ ਤੇ ਇਕ ਗੋਲੀ ਆਪ ਦੇ ਮਾਰ ਕੇ ਆਤਮ ਹੱਤਿਆ ਕਰ ਲਈ | ਉਨ੍ਹਾਂ ਦੱਸਿਆ ਕਿ ਪੀਟਰ ਵਧੀਆ ਪੰਜਾਬੀ ਬੋਲਦਾ ਸੀ ਤੇ ਦੋਵਾਂ ਦਾ ਜਨਵਰੀ 2020 ਵਿਚ ਭਾਰਤ ਜਾ ਕੇ ਸ੍ਰੀ ਹਰਿਮੰਦਰ ਸਾਹਿਬ ਅੰਮਿ੍ਤਸਰ ਤੇ ਤਾਜ ਮਹਿਲ ਦੇਖਣ ਦਾ ਪ੍ਰੋਗਰਾਮ ਸੀ | ਗੁਰਦਿਆਲ ਸਿੰਘ ਨੇ ਦੱਸਿਆ ਕਿ ਮੇਰੇ ਵਿਆਹ ਤੋਂ 14 ਸਾਲ ਬਾਅਦ ਪ੍ਰਭਲੀਨ ਦਾ ਜਨਮ ਹੋਇਆ ਸੀ ਤੇ ਉਹ ਬਹੁਤ ਪਿਆਰੀ ਬੱਚੀ ਸੀ | ਉਸ ਦਾ ਕਤਲ ਉਨ੍ਹਾਂ ਲਈ ਅਕਹਿ ਤੇ ਅਸਹਿ ਹੈ | ਪ੍ਰਭਲੀਨ ਨਵੰਬਰ 2016 ਵਿਚ ਵਿਦਿਆਰਥੀ ਵੀਜ਼ੇ 'ਤੇ ਕੈਨੇਡਾ ਆਈ ਸੀ | ਪ੍ਰਭਲੀਨ ਕੌਰ ਦੀ ਲਾਸ਼ ਪੰਜਾਬ ਭੇਜਣ ਦਾ ਪ੍ਰਬੰਧ ਕਰਨ ਵਾਲੇ ਕਸ਼ਮੀਰ ਸਿੰਘ ਧਾਲੀਵਾਲ ਨੇ ਦੱਸਿਆ ਕਿ 11 ਦਸੰਬਰ ਨੂੰ ਉਸ ਦੀ ਲਾਸ਼ ਭਾਰਤ ਭੇਜੀ ਜਾ ਰਹੀ ਹੈ | ਅੰਤਿਮ ਸੰਸਕਾਰ ਲਾਂਬੜਾ ਨੇੜੇ ਪਿੰਡ ਚਿੱਟੀ ਵਿਖੇ ਕੀਤਾ ਜਾਵੇਗਾ |
Comments