ਕੜਾਕੇ ਦੀ ਠੰਢ 'ਚ ਲੱਖਾਂ ਸ਼ਰਧਾਲੂਆਂ ਨੇ ਫ਼ਤਹਿਗੜ੍ਹ ਸਾਹਿਬ 'ਚ ਸ਼ਹੀਦਾਂ ਨੂੰ ਕੀਤਾ ਸਿਜਦਾ

ਮੇਜਰ ਸਿੰਘ/ਬਲਜਿੰਦਰ ਸਿੰਘ, ਮਨਪ੍ਰੀਤ ਸਿੰਘ
ਫ਼ਤਹਿਗੜ੍ਹ ਸਾਹਿਬ, 27 ਦਸੰਬਰ-ਕੜਾਕੇ ਦੀ ਸੀਤ ਲਹਿਰ ਦੀ ਪ੍ਰਵਾਹ ਨਾ ਕਰਦਿਆਂ ਲੱਖਾਂ ਦੀ ਗਿਣਤੀ 'ਚ ਸੰਗਤ ਫ਼ਤਹਿਗੜ੍ਹ ਸਾਹਿਬ ਦੀ ਧਰਤੀ ਉੱਪਰ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫ਼ਤਹਿ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਿਜਦਾ ਕਰਨ ਲਈ ਦੂਰੋਂ-ਨੇੜਿਓਾ ਬੇਹੱਦ ਉਤਸ਼ਾਹ ਤੇ ਸ਼ਰਧਾ ਨਾਲ ਪੁੱਜੀ | ਸੰਗਤ 'ਚ ਬਜ਼ੁਰਗ, ਬੱਚੇ, ਮਰਦ ਅਤੇ ਔਰਤਾਂ ਵਿਸ਼ਾਲ ਗਿਣਤੀ 'ਚ ਸ਼ਾਮਿਲ ਸਨ | ਸਵੇਰ ਤੋਂ ਸਰਹਿੰਦ ਤੋਂ ਫ਼ਤਹਿਗੜ੍ਹ ਸਾਹਿਬ ਵਾਲੀ ਮੁੱਖ ਸੜਕ 'ਤੇ ਵੱਡੀ ਗਿਣਤੀ 'ਚ ਸੰਗਤ ਨਜ਼ਰ ਆ ਰਹੀ ਸੀ, ਸ਼ਾਮ ਵੇਲੇ ਭਾਵੇਂ ਕਾਂਬਾ ਛੇੜਨ ਵਾਲੀ ਠੰਢ ਪੈ ਰਹੀ ਸੀ, ਪਰ ਸ਼ਹੀਦਾਂ ਨੂੰ ਸਮਰਪਿਤ ਸੰਗਤ ਦੀ ਸ਼ਰਧਾ 'ਚ ਕੋਈ ਢਿੱਲ ਨਜ਼ਰ ਨਹੀਂ ਆ ਰਹੀ ਸੀ | ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਲਈ ਸੰਗਤ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਸਨ | ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਦੋ ਤੋਂ ਢਾਈ ਘੰਟੇ ਤੱਕ ਉਡੀਕ ਕਰਨੀ ਪੈ ਰਹੀ ਸੀ | ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਦਾ ਮੰਨਣਾ ਹੈ ਕਿ ਸੰਗਤ ਦੇ ਇਕੱਠ ਦੇ ਇਸ ਵਾਰ ਸਾਰੇ ਰਿਕਾਰਡ ਟੱੁਟ ਰਹੇ ਹਨ, ਉਨ੍ਹਾਂ ਦਾ ਅੰਦਾਜ਼ਾ ਹੈ ਕਿ ਇਸ ਵਾਰ ਸ਼ਹੀਦਾਂ ਨੂੰ ਸਿਜਦਾ ਕਰਨ ਲਈ ਆਉਣ ਵਾਲੀ ਸੰਗਤ ਦੀ ਗਿਣਤੀ 20 ਲੱਖ ਤੋਂ ਵੀ ਟੱਪ ਸਕਦੀ ਹੈ | ਗੁਰਦੁਆਰਾ ਸਾਹਿਬ ਦੇ ਅੰਦਰ ਨਤਮਸਤਕ ਹੋਣ ਲਈ ਆਉਣ ਵਾਲੀ ਸੰਗਤ ਲਈ ਪ੍ਰਬੰਧਕਾਂ ਵਲੋਂ ਬੇਹੱਦ ਸੁਚੱਜੇ ਪ੍ਰਬੰਧ ਕੀਤੇ ਗਏ ਹਨ | ਗੁਰਦੁਆਰਾ ਸਾਹਿਬ ਦੇ ਚੁਗਿਰਦੇ ਵਿਚ ਪੈਰ-ਪੈਰ 'ਤੇ ਸਫ਼ਾਈ ਵਲੰਟੀਅਰ ਖੜ੍ਹੇ ਸਨ,
ਜੋ ਕਿਸੇ ਵੀ ਤਰ੍ਹਾਂ ਦਾ ਕਚਰਾ ਜਾਂ ਕੋਈ ਫ਼ਾਲਤੂ ਸਾਮਾਨ ਚੁੱਕਣ ਲਈ ਤਤਪਰ ਸਨ, ਇਸੇ ਤਰ੍ਹਾਂ ਸੰਗਤ ਦੇ ਸਾਮਾਨ ਦੀ ਸੰਭਾਲ ਅਤੇ ਜੋੜਿਆਂ ਦੇ ਰੱਖਣ ਲਈ ਬੜੇ ਵਿਆਪਕ ਪ੍ਰਬੰਧ ਕੀਤੇ ਗਏ ਸਨ | ਸੰਗਤ ਨੂੰ ਸਪੀਕਰ ਉੱਪਰ ਲਗਾਤਾਰ ਹਰ ਤਰ੍ਹਾਂ ਦੀ ਜਾਣਕਾਰੀ ਦਿੱਤੀ ਜਾ ਰਹੀ ਸੀ | ਫ਼ਤਹਿਗੜ੍ਹ ਸਾਹਿਬ ਤੇ ਸਰਹਿੰਦ ਖੇਤਰ 'ਚ ਸ਼ਹੀਦੀ ਜੋੜ ਮੇਲ ਵਾਲੀ ਜਗ੍ਹਾ ਪ੍ਰਸ਼ਾਸਨ ਵਲੋਂ ਵੀ ਆਵਾਜਾਈ ਅਤੇ ਸਫ਼ਾਈ ਦੇ ਬੇਹੱਦ ਸ਼ਲਾਘਾਯੋਗ ਪ੍ਰਬੰਧ ਕੀਤੇ ਗਏ ਸਨ | ਲਗਦਾ ਹੈ ਕਿ ਫ਼ਤਹਿਗੜ੍ਹ ਸਾਹਿਬ ਦਾ ਪ੍ਰਸ਼ਾਸਨ ਦੋ ਅਧਿਕਾਰੀ ਬੀਬੀਆਂ ਦੇ ਹੱਥ ਹੋਣ ਕਾਰਨ ਇਨ੍ਹਾਂ ਪ੍ਰਬੰਧਾਂ ਨੂੰ ਹੋਰ ਵਧੇਰੇ ਸੁਹਜਤਾ ਪ੍ਰਦਾਨ ਹੋਈ ਹੈ | ਫ਼ਤਹਿਗੜ੍ਹ ਸਾਹਿਬ ਦੇ ਡਿਪਟੀ ਕਮਿਸ਼ਨਰ ਅੰਮਿ੍ਤ ਕੌਰ ਗਿੱਲ ਅਤੇ ਸੀਨੀਅਰ ਕਪਤਾਨ ਪੁਲਿਸ ਅਮਨੀਤ ਕੌਾਡਲ ਹਨ | ਜੋੜ ਮੇਲ ਦੇ ਸਾਰੇ ਪ੍ਰਬੰਧਾਂ ਦੀ ਵੀ ਉਹ ਖ਼ੁਦ ਨਿਗਰਾਨੀ ਕਰ ਰਹੀਆਂ ਹਨ | ਜੋੜ ਮੇਲੇ 'ਚ ਸੁਰੱਖਿਆ ਦੇ ਵਿਆਪਕ ਪ੍ਰਬੰਧ ਸਨ ਅਤੇ ਚੱਪੇ-ਚੱਪੇ 'ਤੇ ਤਾਇਨਾਤ ਪੁਲਿਸ ਕਰਮੀਆਂ ਦਾ ਵਤੀਰਾ ਬੜਾ ਦਿਆਲੂ ਅਤੇ ਸਹਿਯੋਗੀ ਸੀ | ਆਸ-ਪਾਸ ਦੀਆਂ ਸੜਕਾਂ ਅਤੇ ਮੁੱਖ ਸੜਕ ਉੱਪਰ ਪੁਲਿਸ ਕਰਮਚਾਰੀਆਂ ਦੇ ਨਾਲ ਐਨ.ਸੀ.ਸੀ. ਕੈਡਿਟ ਅਤੇ ਹੋਰ ਵਲੰਟੀਅਰ ਤਾਇਨਾਤ ਸਨ, ਜੋ ਆ ਰਹੀ ਸੰਗਤ ਨੂੰ ਬੜੇ ਸਲੀਕੇ ਨਾਲ ਚੱਲਣ ਤੇ ਪਾਸੇ ਹੋਣ ਲਈ ਪ੍ਰੇਰਿਤ ਕਰ ਰਹੇ ਸਨ | ਸੜਕ ਉੱਪਰ ਵੱਡੀ ਗਿਣਤੀ 'ਚ ਸੰਗਤ ਜਾਣ ਦੇ ਬਾਵਜੂਦ ਕਿਧਰੇ ਵੀ ਧੱਕਾ-ਮੁੱਕੀ ਜਾਂ ਹਫੜਾ-ਦਫੜੀ ਵਾਲੀ ਹਾਲਤ ਨਜ਼ਰ ਨਹੀਂ ਸੀ ਆ ਰਹੀ | ਇਸੇ ਤਰ੍ਹਾਂ ਆਈ ਸੰਗਤ ਲਈ ਦਵਾਈ ਦੇ ਥਾਂ-ਥਾਂ ਉੱਪਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਮਾਜ ਸੇਵੀ ਸੰਸਥਾ ਵਲੋਂ ਪ੍ਰਬੰਧ ਕੀਤੇ ਗਏ ਸਨ |
ਸਿਆਸੀ ਕਾਨਫ਼ਰੰਸਾਂ ਨਹੀਂ ਪਰ ਸਿਆਸੀ ਆਗੂ ਹੋਏ ਹਾਜ਼ਰ
ਫ਼ਤਹਿਗੜ੍ਹ ਸਾਹਿਬ ਦੇ ਲਾਸਾਨੀ ਸ਼ਹੀਦੀ ਪੰਦ੍ਹਰਵਾੜੇ ਦੇ ਵੈਰਾਗਮਈ ਇਤਿਹਾਸ ਦੇ ਮੱਦੇਨਜ਼ਰ ਸ਼ਹੀਦੀ ਸਭਾ ਨੂੰ ਧਾਰਮਿਕ ਸਮਰਪਣ ਤੱਕ ਹੀ ਸੀਮਤ ਰੱਖੇ ਜਾਣ ਦੇ ਫ਼ੈਸਲੇ ਤਹਿਤ ਇਥੇ ਕੋਈ ਵੀ ਸਿਆਸੀ ਕਾਨਫ਼ਰੰਸ ਨਹੀਂ ਕੀਤੀ ਗਈ | ਸ਼ੋ੍ਰਮਣੀ ਅਕਾਲੀ ਦਲ ਨੇ ਧਾਰਮਿਕ ਸਮਾਗਮ ਦੇ ਨਾਂਅ 'ਤੇ ਸਟੇਜ ਤਾਂ ਲਗਾਈ ਪਰ ਉੱਥੋਂ ਕਿਸੇ ਵੀ ਆਗੂ ਨੇ ਕੋਈ ਭਾਸ਼ਨ ਨਹੀਂ ਦਿੱਤਾ | ਇਸ ਸਟੇਜ 'ਤੇ ਅਕਾਲੀ ਦਲ ਦੇ ਆਗੂ ਬਲਵਿੰਦਰ ਸਿੰਘ ਭੂੰਦੜ, ਪ੍ਰੇਮ ਸਿੰਘ ਚੰਦੂਮਾਜਰਾ, ਹੀਰਾ ਸਿੰਘ ਗਾਬੜੀਆ ਸਮੇਤ ਜ਼ਿਲ੍ਹਾ ਅਕਾਲੀ ਆਗੂ ਹਾਜ਼ਰ ਸਨ | ਅਕਾਲੀ ਦਲ (ਅ) ਵਲੋਂ ਲਗਾਈ ਸਟੇਜ ਉੱਪਰ ਵੀ ਧਾਰਮਿਕ ਵਿਚਾਰ ਹੀ ਪੇਸ਼ ਕੀਤੇ ਗਏ | ਕਾਂਗਰਸ ਸਮੇਤ ਹੋਰ ਕਿਸੇ ਪਾਰਟੀ ਨੇ ਕੋਈ ਸਟੇਜ ਨਹੀਂ ਲਗਾਈ |
ਮੁੱਖ ਮੰਤਰੀ ਅਤੇ ਸੁਖਬੀਰ ਨਹੀਂ ਪੁੱਜੇ
ਸ਼ਹੀਦਾਂ ਨੂੰ ਨਤਮਸਤਕ ਹੋਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਆਉਣ ਦੀ ਚਰਚਾ ਤਾਂ ਸਾਰਾ ਦਿਨ ਰਹੀ ਪਰ ਉਨ੍ਹਾਂ 'ਚੋਂ ਕੋਈ ਨਹੀਂ ਪੁੱਜਾ | ਪੰਜਾਬ ਦੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਤੇ ਸਾਧੂ ਸਿੰਘ ਧਰਮਸੋਤ ਨੇ ਗੁ: ਸਾਹਿਬ ਵਿਖੇ ਮੱਥਾ ਟੇਕਿਆ | ਕਾਂਗਰਸ ਦੇ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਅਤੇ ਪੱਟੀ ਤੋਂ ਵਿਧਾਇਕ ਹਰਮਿੰਦਰ ਸਿੰਘ ਗਿੱਲ ਵੀ ਨਤਮਸਤਕ ਹੋਏ | ਸ਼੍ਰੋਮਣੀ ਅਕਾਲੀ ਦਲ ਦੀ ਬਹੁਤੀ ਸੀਨੀਅਰ ਲੀਡਰਸ਼ਿਪ ਅੱਜ ਦੇ ਸਮਾਗਮ 'ਚ ਸ਼ਾਮਿਲ ਨਹੀਂ ਹੋਈ, ਪਰ ਫਿਰ ਵੀ ਵੱਡੀ ਗਿਣਤੀ ਵਿਚ ਅਕਾਲੀ ਆਗੂ ਸ਼ਹੀਦਾਂ ਨੂੰ ਸ਼ਰਧਾ ਦੇ ਫ਼ੁੱਲ ਭੇਟ ਕਰਨ ਲਈ ਪੁੱਜੇ ਹੋਏ ਸਨ | ਇਨ੍ਹਾਂ ਆਗੂਆਂ 'ਚ ਹੋਰਨਾਂ ਤੋਂ ਇਲਾਵਾ ਬੀਬੀ ਜਗੀਰ ਕੌਰ, ਸੁਰਜੀਤ ਸਿੰਘ ਰੱਖੜਾ, ਦਰਬਾਰਾ ਸਿੰਘ ਗੁਰੂ, ਸਵਰਨ ਸਿੰਘ ਚਨਾਰਥਲ, ਅਮਰਇੰਦਰ ਸਿੰਘ ਲਿਬੜਾ, ਗੁਰਪ੍ਰੀਤ ਸਿੰਘ ਰਾਜੂ ਖੰਨਾ, ਦੀਦਾਰ ਸਿੰਘ ਭੱਟੀ ਤੇ ਜਗਦੀਪ ਸਿੰਘ ਚੀਮਾ ਆਦਿ ਸ਼ਾਮਿਲ ਸਨ | ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਤੇ ਸ਼ੋ੍ਰਮਣੀ ਕਮੇਟੀ ਦੀ ਕਾਰਜਕਾਰਨੀ ਕਮੇਟੀ ਮੈਂਬਰ ਭਾਈ ਕਰਨੈਲ ਸਿੰਘ ਪੰਜੋਲੀ, ਵੱਡੀ ਗਿਣਤੀ ਸਾਥੀਆਂ ਸਮੇਤ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ |
ਨਗਰ ਕੀਰਤਨ ਅੱਜ-ਭਾਈ ਲੌਾਗੋਵਾਲ
ਸ਼ੋ੍ਰਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਨੇ ਦੱਸਿਆ ਕਿ ਸ਼ਹੀਦਾਂ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ 28 ਦਸੰਬਰ ਨੂੰ ਸਵੇਰੇ 9:00 ਵਜੇ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਤੋਂ ਆਰੰਭ ਹੋਵੇਗਾ ਤੇ 1:00 ਵਜੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਪੁੱਜਣ 'ਤੇ ਸਮਾਪਤੀ ਹੋਵੇਗੀ | ਉਨ੍ਹਾਂ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਦੁਨੀਆ ਦੇ ਇਤਿਹਾਸ 'ਚ ਲਾਸਾਨੀ ਹੈ | ਪੂਰਾ ਸਿੱਖ ਜਗਤ ਇਸ ਲਾਸਾਨੀ ਸ਼ਹੀਦੀ ਨੂੰ ਬੜੇ ਵੈਰਾਗਮਈ ਅੰਦਾਜ਼ 'ਚ ਸਮਰਪਿਤ ਹੁੰਦਾ ਹੈ | ਇਸ ਮੌਕੇ ਅਸੀਂ ਸਿੱਖ ਸ਼ਹੀਦਾਂ ਲਈ ਹਾਅ ਦਾ ਨਾਅਰਾ ਮਾਰਨ ਵਾਲੇ ਮੋਤੀ ਰਾਮ ਮਹਿਰਾ ਅਤੇ ਦੀਵਾਨ ਟੋਡਰ ਮੱਲ ਨੂੰ ਵੀ ਬੜੀ ਸ਼ਿੱਦਤ ਨਾਲ ਯਾਦ ਕਰਦੇ ਹਾਂ | ਭਾਈ ਲੌਾਗੋਵਾਲ ਨੇ ਸਮੱੁਚੇ ਸਮਾਗਮਾਂ ਦੀ ਕਾਮਯਾਬੀ ਲਈ ਸਹਿਯੋਗ ਦੇਣ ਵਾਲੀਆਂ ਸਭਨਾਂ ਸੰਸਥਾਵਾਂ ਤੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਸਮੂਹ ਸੰਗਤ ਨਗਰ ਕੀਰਤਨ 'ਚ ਸੇਵਾ ਕਰਨ ਤੇ ਸ਼ਾਮਿਲ ਹੋਣ ਲਈ ਵਧ ਚੜ੍ਹ ਕੇ ਆਵੇ |

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

ਪਿਛਲੇ ਦਿਨੀਂ ਆਸਟ੍ਰੇਲੀਆ ਦੇ ਇਸਟਰਨ ਫਰੀਵੇਅ ਤੇ ਹੋਏ ਹਾਦਸੇ ਵਿੱਚ ਪੁਲਿਸ ਮੁਤਾਬਿਕ ਸ਼ਾਮਿਲ ਪੰਜਾਬੀ ਟਰੱਕ ਡਰਾਈਵਰ ਦੇ ਟਰੱਕ ਵਿਚੋਂ ਡਰੱਗਜ਼ ਬਰਾਮਦ । ਦੇਖੋ ਪੂਰੀ ਖਬਰ