ਜੇ ਤੁਸੀਂ ਵੀ ਛੁੱਟੀਆਂ 'ਤੇ ਜਾਣ ਦੇ ਮੂਡ ਵਿੱਚ ਹੋ ਤਾਂ ਜ਼ਰਾ ਪਹਿਲਾਂ ਆਪਣੇ ਪਾਸਪੋਰਟ ਦੀ ਹਾਲਤ ਜ਼ਰੂਰ ਦੇਖ ਲੈਣਾ, ਨਾਲ ਹੀ ਇਸ ਖ਼ਬਰ ਨੂੰ ਤਫ਼ਸੀਲ ਵਿੱਚ ਪੜ੍ਹ ਲਓ
ਤੁਹਾਡਾ ਪਾਸਪੋਰਟ ਖਰਾਬ ਹੋ ਜਾਵੇ, ਫਟ ਜਾਵੇ ਤਾਂ ਤੁਹਾਨੂੰ ਇਹ ਪ੍ਰੇਸ਼ਾਨੀਆਂ ਆ ਸਕਦੀਆਂ ਹਨ

ਹਰ ਸਾਲ ਲੱਖਾਂ ਲੋਕ ਬਾਹਰਲੇ ਮੁਲਕਾਂ ਵਿੱਚ ਛੁੱਟੀਆਂ ਮਨਾਉਣ ਜਾਂਦੇ ਹਨ ਪਰ ਇਨ੍ਹਾਂ ਛੁੱਟੀਆਂ ਲਈ ਸਭ ਤੋਂ ਜ਼ਰੂਰੀ ਦਸਤਾਵੇਜ਼ ਹੁੰਦਾ ਹੈ ਤੁਹਾਡਾ ਪਾਸਪੋਰਟ। ਜੋ ਵਿਦੇਸ਼ ਦੀ ਧਰਤੀ 'ਤੇ ਤੁਹਾਡੀ ਪਛਾਣ ਹੁੰਦਾ ਹੈ।
ਜੇ ਇਸ ਪਛਾਣ ਪੱਤਰ ਵਿੱਚ ਕੋਈ ਨੁਕਸ ਆ ਜਾਵੇ ਤਾਂ ਇਹ ਤੁਹਾਡੀਆਂ ਛੁੱਟੀਆਂ ਦਾ ਸੁਆਦ ਹੀ ਨਹੀਂ ਪੂਰੀਆਂ ਛੁੱਟੀਆਂ ਵੀ ਖ਼ਰਾਬ ਕਰ ਸਕਦਾ ਹੈ।
ਬੀਤੇ ਐਤਵਾਰ ਨੂੰ ਬ੍ਰਿਟੇਨ ਦੀ ਟੀਵੀ ਅਦਾਕਾਰਾ ਜੌਰਜੀਆ ਟੌਫ਼ਲੋ ਨੂੰ ਮਾਲੇ ਦੇ ਹਵਾਈ ਅੱਡੇ 'ਤੇ ਜਾਂਚ ਅਧਿਕਾਰੀਆਂ ਨੇ ਰੋਕ ਲਿਆ। ਕਾਰਨ — ਉਨ੍ਹਾਂ ਦੇ ਪਾਸਪੋਰਟ ਵਿੱਚੋਂ ਕੁਝ ਪੰਨੇ ਗਾਇਬ ਸਨ।
ਇਹ ਵੀ ਪੜ੍ਹੋ:
- ਕੀ ਤੁਸੀਂ ਜਾਣਦੇ ਹੋ ਪਾਸਪੋਰਟ ਬਾਰੇ 13 ਰੋਚਕ ਤੱਥ?
- ਭਾਰਤੀ ਪਾਸਪੋਰਟ ਦਾ ਰੰਗ ਕਿਉਂ ਬਦਲ ਰਿਹਾ ਹੈ?
- ਆਖ਼ਰ ਕਿਉਂ ਬਦਲੇਗਾ ਬ੍ਰਿਟਿਸ਼ ਪਾਸਪੋਰਟ ਦਾ ਰੰਗ?
ਉਨ੍ਹਾਂ ਨੇ ਇਹ ਕੌੜਾ ਤਜਰਬਾ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਅਤੇ ਆਪਣੇ ਪ੍ਰਸ਼ੰਸ਼ਕਾਂ ਤੋਂ ਮਦਦ ਮੰਗੀ। ਉਨ੍ਹਾਂ ਨੂੰ ਡਰ ਸੀ ਕੀ ਉਨ੍ਹਾਂ ਨੂੰ ਚਾਰ ਦਿਨਾਂ ਤੱਕ ਰੋਕ ਲਿਆ ਜਾਵੇਗਾ ਤੇ ਉਹ ਦੇਸ਼ ਵਾਪਸ ਨਹੀਂ ਆ ਸਕਣਗੇ।
ਫ਼ਿਲਹਾਲ ਉਨ੍ਹਾਂ ਨੂੰ ਆਪਣੀਆਂ ਛੁੱਟੀਆਂ ਪੂਰੀਆਂ ਕਰਨ ਦੀ ਇਜਾਜ਼ਤ ਮਿਲ ਗਈ ਹੈ ਤੇ ਬ੍ਰਿਟੇਨ ਦਾ ਵਿਦੇਸ਼ ਤੇ ਰਾਸ਼ਟਰਮੰਡਲ ਦਫ਼ਤਰ ਉਨ੍ਹਾਂ ਦੀ ਮਦਦ ਕਰ ਰਿਹਾ ਹੈ।

ਇਸ ਤੋਂ ਸਬਕ ਲੈਂਦਿਆਂ ਪਾਸਪੋਰਟ ਦਾ ਧਿਆਨ ਰੱਖਣ ਬਾਰੇ, ਆਓ ਜਾਣਦੇ ਹਾਂ ਕੁਝ ਨੁਕਤੇ—
ਇੱਕ ਖ਼ਰਾਬ ਪਾਸਪੋਰਟ ਉਹ ਹੁੰਦਾ ਹੈ ਜੋ ਵਿਦੇਸ਼ ਦੀ ਧਰਤੀ 'ਤੇ ਪਛਾਣ ਪੱਤਰ ਵਜੋਂ ਸਵੀਕਾਰ ਨਹੀਂ ਕੀਤੇ ਜਾਣ ਦੀ ਹਾਲਤ ਵਿੱਚ ਨਹੀਂ ਹੁੰਦਾ।
ਹਾਲਾਂਕਿ ਪਾਸਪੋਰਟ ਇੱਕ ਵਰਤਣ ਵਾਲੀ ਸ਼ੈਅ ਹੈ ਜਿਸ ਵਿੱਚ ਮਾੜੀ ਮੋਟੀ ਟੁੱਟ-ਭੱਜ ਹੋ ਜਾਣਾ ਸੁਭਾਵਿਕ ਵੀ ਹੈ ਤੇ ਇਸ ਗੱਲੋਂ ਕੋਈ ਡਰਨ ਵਾਲੀ ਗੱਲ ਵੀ ਨਹੀਂ।

ਜਿਹੜੇ ਲੋਕ ਬਹੁਤ ਜ਼ਿਆਦਾ ਵਿਦੇਸ਼ ਫੇਰੀਆਂ ਕਰਦੇ ਰਹਿੰਦੇ ਹਨ, ਉਨ੍ਹਾਂ ਦੇ ਪਾਸਪੋਰਟ 'ਤੇ ਬਹੁਤ ਸਾਰੀਆਂ ਮੋਹਰਾਂ ਹੁੰਦੀਆਂ ਹਨ ਤੇ ਉਸ ਦੀ ਹਾਲਤ ਵੀ ਸਮੇਂ ਨਾਲ ਖਸਤਾ ਹੁੰਦੀ ਜਾਂਦੀ ਹੈ।
ਫਿਰ ਵੀ ਪਾਸਪੋਰਟ ਨਾਲ ਹੇਠ ਲਿਖੀਆਂ ਮੁੱਖ ਸਮੱਸਿਆਵਾਂ ਖੜ੍ਹੀਆਂ ਹੋ ਸਕਦੀਆਂ ਹਨ:
- ਵੇਰਵੇ ਪੜ੍ਹੇ ਨਹੀਂ ਜਾ ਰਹੇ
- ਵੇਰਵਿਆਂ ਵਾਲੇ ਪੰਨੇ ਦੀ ਲੈਮੀਨੇਸ਼ਨ ਉੱਖੜ ਗਈ ਹੈ ਜਿਸ ਕਾਰਨ ਉਸ ਉੱਪਰ ਲੱਗੀ ਫੋਟੋ ਦੀ ਪਛਾਣ ਸਾਬਤ ਨਹੀਂ ਕੀਤੀ ਜਾ ਸਕਦੀ
- ਬਾਇਓ-ਡਾਟਾ ਵਾਲੇ ਪੰਨੇ ਦਾ ਰੰਗ ਉੱਡ ਗਿਆ ਹੈ
- ਕਿਸੇ ਪੰਨੇ 'ਤੇ ਕੋਈ ਸਿਆਹੀ ਡੁੱਲ੍ਹ ਗਈ ਹੈ ਜਾਂ ਕਿਸੇ ਰਸਾਇਣ ਦੇ ਡਿੱਗ ਜਾਣ ਕਾਰਨ ਖ਼ਰਾਬ ਹੋ ਗਿਆ ਹੈ
- ਪੰਨੇ ਗਾਇਬ ਹੋਣਾ
- ਉਸ ਵਿੱਚ ਲੱਗੇ ਸੁਰੱਖਿਆ ਫੀਚਰ ਖ਼ਰਾਬ ਹੋ ਗਏ ਹਨ
ਕੀ ਪਾਸਪੋਰਟ ਖ਼ਰਾਬ ਹੋਣਾ ਬਹੁਤ ਵੱਡੀ ਗੱਲ ਹੈ?
ਟ੍ਰੈਵਲ ਮਾਹਿਰ ਸਾਇਮਨ ਕਲੈਡਰ ਦਾ ਕਹਿਣਾ ਹੈ— "ਬਾਹਰਲੇ ਮੁਲਕਾਂ ਵਿੱਚ ਘੁੰਮਣ ਜਾਣ ਵਾਲੇ ਸੈਲਾਨੀਆਂ ਲਈ ਸਭ ਤੋਂ ਮੁੱਖ ਸਮੱਸਿਆ ਹੁੰਦੀ ਹੈ ਪਾਸਪੋਰਟ ਦੇ ਤਸਵੀਰ ਵਾਲੇ ਪੰਨੇ ਦਾ ਖ਼ਰਾਬ ਹੋਣਾ। ਇਹ ਇਸ ਲਈ ਕਿਉਂਕਿ ਲੰਘੇ ਸਮਿਆਂ 'ਚ ਧੋਖੇਬਾਜ਼ਾਂ ਲਈ ਪਾਸਪੋਰਟ ਨਾਲ ਛੇੜ-ਛਾੜ ਕਰਕੇ ਉਸ ਦੇ ਵੇਰੇਵੇ ਤੇ ਤਸਵੀਰ ਬਦਲ ਦੇਣਾ ਬਹੁਤ ਸੌਖਾ ਸੀ।"
"ਜੇ ਲੈਮੀਨੇਸ਼ਨ ਵਿੱਚ ਕੋਈ ਸਪਸ਼ਟ ਨੁਕਸ ਹੋਵੇ ਤਾਂ ਇਹ ਤੁਹਾਨੂੰ ਉਸ ਦੇਸ਼ ਵਿੱਚ ਦਾਖ਼ਲ ਹੋਣ ਤੋਂ ਰੋਕਣ ਲਈ ਕਾਫ਼ੀ ਹੈ।"
"ਪਾਸਪੋਰਟ ਵਿੱਚੋਂ ਗਾਇਬ ਪੰਨਿਆਂ ਦਾ ਪਤਾ ਲਗਾਉਣਾ ਥੋੜ੍ਹਾ ਮੁਸ਼ਕਲ ਹੁੰਦਾ ਹੈ ਤੇ ਕਈ ਵਾਰ ਅਣਗੌਲਿਆਂ ਵੀ ਕਰ ਦਿੱਤੇ ਜਾਂਦੇ ਹਨ।"
ਪਾਸਪੋਰਟ ਦੇ ਮਾਨਕਾਂ ਬਾਰੇ ਕੌਮਾਂਤਰੀ ਏਜੰਸੀ, ਇੰਟਰਨੈਸ਼ਨਲ ਸਿਵਲ ਏਵੀਏਸ਼ਨ ਔਰਗਨਾਈਜ਼ੇਸ਼ਨ ਪਾਸਪੋਰਟ ਉੱਪਰ ਧੋਖੇਬਾਜ਼ਾਂ ਵੱਲੋਂ ਕੀਤੇ ਜਾਂਦੇ ਹਮਲਿਆਂ ਬਾਰੇ ਸੁਚੇਤ ਕਰਦੀ ਹੈ।
ਇਸ ਵਿੱਚ ਇਹ ਕੁਝ ਸ਼ਾਮਲ ਹੈ—
- ਜਾਅਲੀ ਦਸਤਾਵੇਜ਼ ਤਿਆਰ ਕਰਨਾ
- ਅਸਲੀ ਦਸਤਾਵੇਜ਼ਾਂ ਦੇ ਕੁਝ ਹਿੱਸਿਆਂ ਦੀ ਵਰਤੋਂ ਕਰਨਾ
- ਵੀਜ਼ੇ ਵਾਲੇ ਸਾਰੇ ਦੇ ਸਾਰੇ ਪੰਨਿਆਂ ਜਾਂ ਕੁਝ ਪੰਨਿਆਂ ਨੂੰ ਪਾਸਪੋਰਟ ਵਿੱਚੋਂ ਹਟਾ ਦੇਣਾ
- ਔਬਜ਼ਰਵੇਸ਼ਨ ਵਾਲੇ ਸਫ਼ਿਆਂ ਵਿੱਚੋਂ ਇੰਦਰਾਜ ਮਿਟਾ ਦੇਣਾ
ਸਾਇਮਨ ਕਲੈਡਰ ਦਾ ਕਹਿਣਾ ਹੈ ਕਿ ਹਵਾਈ ਜਹਾਜ਼ ਕੰਪਨੀਆਂ ਅਜਿਹੇ ਖ਼ਰਾਬ ਪਾਸਪੋਰਟਾਂ ਪ੍ਰਤੀ ਬੇਹੱਦ ਸੰਵੇਦਨਸ਼ੀਲ ਹਨ। ਕਿਉਂਕਿ ਜੇ ਉਹ ਅਜਿਹੇ ਪਾਸਪੋਰਟ ਧਾਰਕਾਂ ਨੂੰ ਸਫ਼ਰ ਕਰਾਉਂਦੇ ਹਨ ਤਾਂ ਉਨ੍ਹਾਂ 'ਤੇ ਮੋਟੇ ਜੁਰਮਾਨੇ ਕੀਤੇ ਜਾਂਦੇ ਹਨ।

ਉਨ੍ਹਾਂ ਕਿਹਾ, 'ਪਾਸਪੋਰਟ ਨੂੰ ਇੱਕ ਮਹੱਤਵਪੂਰਣ ਦਸਤਾਵੇਜ਼ ਵਾਂਗ ਸੰਭਾਲਣ ਦੀ ਥਾਂ ਜਦੋਂ ਮੈਂ ਯਾਤਰੀਆਂ ਨੂੰ ਪਾਸਪੋਰਟ ਪੈਂਟ ਦੀ ਪਿਛਲੀ ਜੇਬ੍ਹ ਵਿੱਚ ਰੱਖਦਿਆਂ ਦੇਖਦਾ ਹਾਂ ਤਾਂ ਮੈਨੂੰ ਬੜਾ ਦੁੱਖ ਹੁੰਦਾ ਹੈ। ਹੋ ਸਕਦਾ ਹੈ ਕਿ ਇਸ ਨਾਲ ਤੁਸੀਂ ਵਾਪਸੀ ਵਾਲੀ ਉਡਾਣ ਦੌਰਾਨ ਹੀ ਡਿਪੋਰਟ ਕਰ ਦਿੱਤੇ ਜਾਓ।'
'ਅਸੀਂ ਵੈਨਿਸ ਦੀ ਉਡਾਣ ਨਹੀਂ ਫੜ ਸਕੇ'
ਜੂਲੀ ਹੇਅਡਨ ਬ੍ਰਿਸਟਲ ਵਿੱਚ ਇੱਕ ਚੈਰਿਟੀ ਸੰਸਥਾ ਦੀ ਨਿਰਦੇਸ਼ਕ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਸਾਥੀ ਨੂੰ ਪਾਸਪੋਰਟ ਵਿੱਚ ਇੱਕ 'ਨਿੱਕੇ ਜਿਹੇ ਨੁਕਸ' ਕਾਰਨ ਵੈਨਿਸ ਨਹੀਂ ਜਾਣ ਦਿੱਤਾ ਗਿਆ ਸੀ।
ਮਾਰਚ ਵਿੱਚ ਕੀਤੇ ਇੱਕ ਟਵੀਟ ਵਿੱਚ ਉਨ੍ਹਾਂ ਲਿਖਿਆ ਕਿ ਉਨ੍ਹਾਂ ਦੇ ਸਾਥੀ ਦੇ ਪਾਸਪੋਰਟ ਦਾ ਇੱਕ ਪੰਨਾ ਸਿਊਣ ਤੋਂ ਕੁਝ ਉੱਖੜਿਆ ਹੋਇਆ ਸੀ।
'ਮੇਰਾ ਪਾਸਪੋਰਟ ਕੁੱਤਾ ਖਾ ਗਿਆ'
ਰਗਬੀ ਖਿਡਾਰੀ ਮੈਟ ਸ਼ੈਫਰਡ ਦਾ ਕੁੱਤਾ ਉਨ੍ਹਾਂ ਦਾ ਪਾਸਪੋਰਟ ਚੱਬ ਗਿਆ ਤੇ ਜ਼ਾਹਰ ਹੈ ਕਿ ਉਨ੍ਹਾਂ ਦਾ ਪਾਸਪੋਰਟ ਨੁਕਸਾਨਿਆ ਗਿਆ।
ਉਨ੍ਹਾਂ ਨੇ ਇੱਕ ਰਗਬੀ ਟੂਰਨਾਮੈਂਟ ਵਿੱਚ ਹਿੱਸਾ ਲੈਣ ਸਪੇਨ ਜਾਣਾ ਸੀ।

ਉਨ੍ਹਾਂ ਨੂੰ ਆਪਣੀ ਉਡਾਣ ਤੋਂ ਦੋ ਹਫ਼ਤੇ ਪਹਿਲਾਂ ਪਾਸਪੋਰਟ ਦਫ਼ਤਰ ਦੇ ਚੱਕਰ ਕੱਢਣੇ ਪਏ। ਉਨ੍ਹਾਂ ਨੂੰ ਆਪਣਾ ਪਾਸਪੋਰਟ ਨਵਾਂ ਬਣਵਾਉਣਾ ਪਿਆ।
ਇੱਕ ਹੋਰ ਖਿਡਾਰੀ ਪਲਾਈਮਾਊਥ ਅਲਬੀਓਨ ਨੇ ਕਿਹਾ ਉਨ੍ਹਾਂ ਆਪਣਾ ਪਾਸਪੋਰਟ ਉਸ ਦੀ ਵੈਧਤਾ ਦੇਖਣ ਲਈ ਕੱਢਿਆ ਅਤੇ ਟੇਬਲ ਤੇ ਰੱਖ ਕੇ ਬਾਹਰ ਚਲੇ ਗਏ।
ਉਨ੍ਹਾਂ ਕਿਹਾ, ''ਜਦੋਂ ਮੈਂ ਵਾਪਸ ਆਇਆ ਤਾਂ ਕੁਝ ਪੰਨਿਆਂ ਦੇ ਟੋਟੇ ਜ਼ਮੀਨ ਤੇ ਦੇਖੇ, ਫ਼ਿਰ ਬੈੱਡ ਵੱਲ ਦੇਖਿਆ ਤਾਂ ਪਾਸਪੋਰਟ ਕੁੱਥੇ ਦੇ ਮੂੰਹ ਵਿੱਚ ਸੀ।''
ਇਹ ਵੀ ਪੜ੍ਹੋ:
- ਸੁਖਜਿੰਦਰ ਰੰਧਾਵਾ ਨੇ ਆਪਣੇ ਕਥਿਤ ਵਾਇਰਲ ਵੀਡੀਓ ਬਾਰੇ ਕੀ ਕਿਹਾ
- ਭਾਰਤੀ ਡਾਕਟਰਾਂ ਨੇ ਮਰਦਾਂ ਲਈ ਗਰਭ ਨਿਰੋਧਕ ਟੀਕਾ ਤਾਂ ਬਣਾ ਲਿਆ ਪਰ ਕੀ ਉਹ ਲਗਵਾਉਣਗੇ?
- ਪ੍ਰਿਅੰਕਾ ਗਾਂਧੀ ਦਾ ਦਾਅਵਾ - UP ਪੁਲਿਸ ਨੇ ਗਲਾ ਫੜਿਆ ਤੇ ਹੱਥੋ-ਪਾਈ ਕੀਤੀ
ਉਨ੍ਹਾਂ ਮੁਤਾਬਕ ਸ਼ੁਕਰ ਹੈ ਕਿ ਅਧਿਕਾਰੀਆਂ ਨੇ ਸਭ ਕੁਝ ਜਲਦੀ ਠੀਕ ਕਰ ਦਿੱਤਾ ਕਿਉਂਕਿ ਉਨ੍ਹਾਂ ਮੁਲਕ ਦੀ ਅਗਵਾਈ ਕਰਨ ਲਈ ਟੂਰ ਤੇ ਜਾਣਾ ਸੀ।
ਵੈਧ ਤਾਰੀਖ਼
ਕੁਝ ਮੁਲਕਾਂ ਲਈ ਪਾਸਪੋਰਟ ਦੀ ਵੈਧਤਾ ਤੁਹਾਡੀ ਯਾਤਰਾ ਦੀ ਤਾਰੀਖ਼ ਤੋਂ ਬਾਅਦ ਘੱਟੋ-ਘੱਟ 6 ਮਹੀਨੇ ਲਈ ਹੋਣੀ ਚਾਹੀਦੀ ਹੈ।

ਹਰ ਮੁਲਕ ਲਈ ਇੱਕੋਂ ਤਰ੍ਹਾਂ ਦੇ ਨਿਯਮ ਨਹੀਂ ਹੁੰਦੇ, ਇਸ ਲਈ ਹਰ ਮੁਲਕ ਦੇ ਅਧਿਕਾਰਿਤ ਮਹਿਕਮੇ ਦੀ ਵੈੱਬਸਾਈਟ ਤੋਂ ਇਹ ਜਾਣਕਾਰੀ ਲਈ ਜਾ ਸਕਦੀ ਹੈ।
ਜੇ ਪਾਸਪੋਰਟ ਚੋਰੀ ਹੋ ਜਾਵੇ ਜਾਂ ਗੁੰਮ ਜਾਵੇ
ਜੇ ਤੁਹਾਡਾ ਪਾਸਪੋਰਟ ਚੋਰੀ ਹੋ ਜਾਂਦਾ ਹੈ ਜਾਂ ਫ਼ਿਰ ਗੁੰਮ ਜਾਂਦਾ ਹੈ ਤਾਂ ਤੁਸੀਂ ਤੁਰੰਤ ਆਪਣੇ ਪਾਸਪੋਰਟ ਨੂੰ ਰੱਦ ਕਰਨ ਲਈ ਰਿਪੋਰਟ ਕਰ ਸਕਦੇ ਹੋ।
ਰੱਦ ਕਰਨ ਤੋਂ ਬਾਅਦ ਤੁਸੀਂ ਪਾਸਪੋਰਟ ਰਿਪਲੇਸਮੈਂਟ ਲਈ ਅਪਲਾਈ ਕਰ ਸਕਦੇ ਹੋ ਅਤੇ ਇਸ ਲਈ ਤੁਹਾਨੂੰ ਇੰਟਰਵਿਊ ਲਈ ਵੀ ਜਾਣਾ ਪੈ ਸਕਦਾ ਹੈ।
Comments