ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ (ਬਿਹਾਰ) ਵਿਖੇ ਸ਼ਰਧਾ ਭਾਵਨਾ ਨਾਲ ਮਨਾਏ ਜਾ ਰਹੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 353ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਆਰੰਭਤਾ


ਸੰਗਤਾਂ ਨੇ ਕੀਤੇ ਵੱਖ-ਵੱਖ ਗੁਰਧਾਮਾਂ ਦੇ ਦਰਸ਼ਨਸੁਰਿੰਦਰਪਾਲ ਸਿੰਘ ਵਰਪਾਲ
ਪਟਨਾ ਸਾਹਿਬ, 31 ਦਸੰਬਰ -ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ (ਬਿਹਾਰ) ਵਿਖੇ ਸ਼ਰਧਾ ਭਾਵਨਾ ਨਾਲ ਮਨਾਏ ਜਾ ਰਹੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 353ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਆਰੰਭਤਾ ਅੱਜ ਗੁਰਮਰਯਾਦਾ ਅਨੁਸਾਰ ਹੋਈ, ਜਿਸ ਵਿਚ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਵਲੋਂ ਜਿੱਥੇ ਆਰੰਭਤਾ ਦੀ ਅਰਦਾਸ ਉਪਰੋਕਤ ਹੁਕਮਨਾਮਾ ਲਿਆ ਗਿਆ, ਉੱਥੇ ਹੀ ਦੇਸ਼-ਵਿਦੇਸ਼ ਤੋਂ ਪਹੁੰਚੀ ਸੰਗਤ ਨੇ ਸ਼ਿਰਕਤ ਕੀਤੀ | ਇਸ ਤੋਂ ਪਹਿਲਾਂ ਤਖ਼ਤ ਸਾਹਿਬ ਵਿਖੇ ਪਹਿਲੇ ਪਹਿਰ (ਅੰਮਿ੍ਤ ਵੇਲੇ) ਪ੍ਰੰਪਰਾ ਮੁਤਾਬਿਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ, ਜਿਸ ਉਪਰੰਤ ਹਜ਼ੂਰੀ ਰਾਗੀ ਭਾਈ ਰਜਨੀਸ਼ ਸਿੰਘ ਦੇ ਜਥੇ ਵਲੋਂ ਆਸਾ ਦੀ ਵਾਰ, ਭਾਈ ਕੁਲਵਿੰਦਰ ਸਿੰਘ, ਭਾਈ ਇਕਬਾਲ ਸਿੰਘ ਬੜੂ ਸਾਹਿਬ, ਭਾਈ ਜਸਬੀਰ ਸਿੰਘ ਖ਼ਾਲਸਾ, ਭਾਈ ਹਿੰਮਤ ਸਿੰਘ, ਭਾਈ ਜਗਤ ਸਿੰਘ ਤੇ ਭਾਈ ਸਤਨਾਮ ਸਿੰਘ ਜਵੱਦੀ ਦੇ ਜਥੇ ਵਲੋਂ ਇਲਾਹੀ ਬਾਣੀ ਦਾ ਰਸ ਭਿੰਨਾ ਕੀਰਤਨ ਕੀਤਾ ਗਿਆ ਜਦਕਿ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਵਲੋਂ ਸ਼ਸਤਰ ਦਰਸ਼ਨ ਅਤੇ ਗਿਆਨੀ ਜਸਵੰਤ ਸਿੰਘ ਨੇ ਗੁਰ ਇਤਿਹਾਸ ਤੋਂ ਸੰਗਤ ਨੂੰ ਜਾਣੂੰ ਕਰਵਾਇਆ | ਇਸ ਮੌਕੇ ਕਵੀਸ਼ਰੀ ਜਥਾ ਭਾਈ ਰਣਧੀਰ ਸਿੰਘ, ਭਾਈ ਜਸਵੀਰ ਸਿੰਘ ਮੱਤੇਵਾਲ, ਗਿਆਨੀ ਅਮਰਜੀਤ ਸਿੰਘ ਗੁਰਦਾਸਪੁਰੀ ਅਤੇ ਗਿਆਨੀ ਪੂਰਨ ਸਿੰਘ ਅਰਸ਼ੀ ਦੇ ਜਥੇ ਨੇ ਢਾਡੀ ਕਲਾ ਰਾਹੀਂ ਇਤਿਹਾਸ ਦੀ ਸਾਂਝ ਪਾਈ |
ਕਵੀ ਦਰਬਾਰ ਕਰਵਾਇਆ
ਇਸ ਦੌਰਾਨ ਗੁਰਮਤਿ ਸਮਾਗਮ ਪੰਡਾਲ 'ਚ ਵਿਸ਼ੇ 'ਤੇ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿਚ ਕਵੀ ਸੁਰਜੀਤ ਸਿੰਘ ਆਰਟਿਸਟ, ਕਵੀ ਗੁਰਚਰਨ ਸਿੰਘ ਚਰਨ, ਕਵੀ ਹਰਿੰਦਰ ਸਿੰਘ ਪਤੰਗਾ, ਅਮਰਜੀਤ ਸਿੰਘ ਅਮਰ, ਚੈਨ ਸਿੰਘ ਚੱਕਰਵਰਤੀ, ਗੁਰਦਿਆਲ ਸਿੰਘ ਨਿਮਰ, ਜਸ਼ੀਰ ਅਲੀ ਜ਼ਮੀਰ ਮਲੇਰਕੋਟਲਾ, ਬੀਬੀ ਜਤਿੰਦਰ ਕੌਰ, ਹਰਭਜਨ ਸਿੰਘ ਸੇਵਕ, ਬਲਬੀਰ ਸਿੰਘ ਬੱਲ, ਕਰਮਜੀਤ ਸਿੰਘ ਨੂਰ, ਹਰੀ ਸਿੰਘ ਜਾਚਕ, ਗੁਰਸ਼ਰਨ ਸਿੰਘ ਪਰਵਾਨਾ, ਸੁਸ਼ੀਲ ਕੁਮਾਰ ਅਮਨ, ਬੀਬੀ ਰਣਜੀਤ ਕੌਰ, ਸਤਬੀਰ ਸਿੰਘ ਸ਼ਾਨ, ਮਹਿੰਦਰ ਸਿੰਘ ਪਰਿੰਦਾ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਸਿੱਖਿਆ ਅਤੇ ਫਲਸਫੇ ਸਬੰਧੀ ਪ੍ਰਭਾਵਸ਼ਾਲੀ ਪੇਸ਼ਕਾਰੀ ਦਿੱਤੀ | ਇਸ ਦੌਰਾਨ ਪੰਜਾਬ ਦੇ ਰਫ਼ੀ ਰਛਪਾਲ ਸਿੰਘ ਪਾਲ ਜਲੰਧਰ ਵਲੋਂ ਸਟੇਜ ਸੰਚਾਲਨ ਕੀਤਾ ਗਿਆ |
ਪਹਿਲੀ ਵਾਰ ਲਗਾਇਆ ਦਸਤਾਰ ਦਾ ਲੰਗਰ
ਗੁਰਦੁਆਰਾ ਬਾਲ ਲੀਲ੍ਹਾ ਮੈਣੀ ਸੰਗਤ ਸਾਹਿਬ ਵਿਖੇ ਦਸਮੇਸ਼ ਦਸਤਾਰ ਅਕੈਡਮੀ ਪੰਜਾਬ ਵਲੋਂ ਦਸਤਾਰਾਂ ਦਾ ਲੰਗਰ ਲਗਾਇਆ ਗਿਆ, ਜਿਸ ਵਿਚ ਕੇਸ ਰੱਖਣ ਦਾ ਪ੍ਰਣ ਕਰਨ ਵਾਲੇ ਨੌਜਵਾਨਾਂ ਨੂੰ ਮੁਫ਼ਤ ਦਸਤਾਰਾਂ ਦਿੱਤੀਆਂ ਅਤੇ ਸਿਰ ਉੱਪਰ ਸਜਾਉਣ ਦੇ ਗੁਰ ਵੀ ਸਿਖਾਏ | ਪਟਨਾ ਸਾਹਿਬ ਵਿਖੇ ਪਹਿਲੀ ਵਾਰ ਲਗਾਏ ਗਏ ਇਸ ਨਿਵੇਕਲੇ ਲੰਗਰ ਵਿਚ ਬੱਚਿਆਂ, ਨੌਜਵਾਨਾਂ ਅਤੇ ਖਾਸ ਕਰਕੇ ਬਜ਼ੁਰਗਾਂ ਵਲੋਂ ਵੀ ਸ਼ਿਰਕਤ ਕੀਤੀ ਗਈ, ਜਿਸ ਦੌਰਾਨ ਦਸਤਾਰ ਸਜਾਉਣ 'ਤੇ ਗੁਰਜੀਤ ਸਿੰਘ ਸ਼ਾਹਪੁਰੀਆ ਨੇ ਦੱਸਿਆ ਕਿ ਦਸਮੇਸ਼ ਪਿਤਾ ਦੀ ਜਨਮ ਭੂਮੀ ਵਿਖੇ ਪ੍ਰਕਾਸ਼ ਪੁਰਬ ਦੌਰਾਨ ਦਸਤਾਰ ਲੰਗਰ ਲਗਾਉਣ ਦਾ ਵਡਭਾਗਾ ਮੌਕਾ ਨਸੀਬ ਹੋਇਆ ਹੈ | ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਵਿਖੇ ਖ਼ਾਲਸਾ ਪੰਥ ਦੀ ਸਾਜਨਾ ਕੀਤੀ, ਪਰ ਦੁੱਖ ਵਾਲੀ ਗੱਲ ਹੈ ਕਿ ਅਜੋਕੇ ਸਮੇਂ ਦੌਰਾਨ ਸਾਕਾਰਾਤਮਕ ਉਪਰਾਲਿਆਂ ਦੀ ਘਾਟ ਕਰਕੇ ਨੌਜਵਾਨ ਪੀੜ੍ਹੀ ਕੇਸ ਕਤਲ ਕਰਵਾ ਰਹੀ ਹੈ ਜੋ ਅਜਿਹੇ ਵਿਚ ਉਨ੍ਹਾਂ ਦਾ ਮਕਸਦ ਦਸਤਾਰ ਸਜਾਉਣ ਲਈ ਪ੍ਰੇਰਿਤ ਕਰਨਾ ਅਤੇ ਆਪਣੇ ਇਤਿਹਾਸ ਅਤੇ ਵਿਰਸੇ ਤੋਂ ਨੌਜਵਾਨਾਂ ਨੂੰ ਰੂ-ਬ-ਰੂ ਕਰਵਾਉਣਾ ਹੈ, ਜਿਸ ਲਈ ਗੁਰਮਤਿ ਸੰਗੀਤ ਅਕੈਡਮੀ ਕਪੂਰਥਲਾ, ਅਕਾਲ ਪੁਰਖ ਦੀ ਫ਼ੌਜ, ਰੇਡੀਓ ਸਾਡੇ ਵਾਲਾ ਵਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ | ਇਸ ਦੌਰਾਨ ਰਣਜੀਤ ਸਿੰਘ ਸ਼ਾਹਪੁਰੀਆ, ਹਰਪ੍ਰੀਤ ਸਿੰਘ, ਭੁਪਿੰਦਰ ਸਿੰਘ ਵਿਰਕ, ਖ਼ੁਸ਼ਪ੍ਰੀਤ ਸਿੰਘ ਹਾਜ਼ਰ ਸਨ |
ਵੱਖ-ਵੱਖ ਧਾਰਮਿਕ ਅਸਥਾਨਾਂ ਦਾ ਇਤਿਹਾਸ-ਤਖ਼ਤ ਸ੍ਰੀ ਹਰਿਮੰਦਰ ਜੀ
ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1666 ਈ: 'ਚ ਮਾਤਾ ਗੁਜਰੀ ਦੀ ਕੁੱਖੋਂ ਅਤੇ ਪਿਤਾ ਗੁਰੂ ਤੇਗ ਬਹਾਦਰ ਜੀ ਦੇ ਗ੍ਰਹਿ ਵਿਖੇ ਅਵਤਾਰ ਧਾਰਿਆ | ਇਸ ਅਸਥਾਨ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਨਿਸ਼ਾਨੀਆਂ ਵਜੋਂ ਛੋਟੀ ਕਿਰਪਾਨ, 4 ਲੋਹ ਤੀਰ, ਮਿੱਟੀ ਦੀ ਗੋਲੀ, ਲੋਹੇ ਦਾ ਇਕ ਛੋਟਾ ਖੰਡਾ, ਲੱਕੜ ਦਾ ਕੰਘਾ, ਲੋਹੇ ਦੇ 2 ਛੋਟੇ ਚੱਕਰ, ਹਾਥੀ ਦੰਦ ਦਾ ਸੈਂਡਲ ਭਗਤ ਕਬੀਰ ਦੇ ਲੱਕੜ ਦੇ ਤਿੰਨ ਤਕਲੇ, ਇਕ ਕਿਤਾਬ ਜਿਸ ਵਿਚ ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਨਾਮੇ ਮੌਜੂਦ ਹਨ |
ਗੁਰਦੁਆਰਾ ਗਊ ਘਾਟ ਸਾਹਿਬ
ਗੁਰੂ ਨਾਨਕ ਦੇਵ ਜੀ ਦੀ ਪੂਰਬ ਦੀ ਉਦਾਸੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਅਸਾਮ ਦੀ ਯਾਤਰਾ ਦੌਰਾਨ ਇਸ ਪਾਵਨ ਅਸਥਾਨ ਵਿਖੇ ਪਹੁੰਚੇ ਸਨ, ਜਿੱਥੇ ਉਨ੍ਹਾਂ ਆਪਣੇ ਭਗਤ ਜੋਤਾਮੱਲ ਨੂੰ ਦਰਸ਼ਨ ਦਿੱਤੇ ਸਨ |
ਗੁਰਦੁਆਰਾ ਗੁਰੂ ਕਾ ਬਾਗ
ਸ੍ਰੀ ਤੇਗ ਬਹਾਦਰ ਜੀ ਆਪਣੀ ਆਸਾਮ ਦੀ ਯਾਤਰਾ ਤੋਂ ਵਾਪਸੀ ਦੌਰਾਨ ਇੱਥੇ ਆਏ ਜਿੱਥੇ 2 ਮੁਸਲਮਾਨ ਭਰਾਵਾਂ ਰਹੀਮ ਬਖ਼ਸ਼ ਅਤੇ ਕਰੀਮ ਬਖ਼ਸ਼ ਦਾ ਸੁੱਕਾ ਬਾਗ ਸੀ ਜੋ ਗੁਰੂ ਸਾਹਿਬ ਜੀ ਦੇ ਚਰਨ ਮੁਬਾਰਕ ਹੋਣ ਉਪਰੰਤ ਹਰਾ ਹੋ ਗਿਆ | ਕਿਹਾ ਜਾਂਦਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਗੁਰੂ ਤੇਗ ਬਹਾਦਰ ਜੀ ਦਾ ਪਹਿਲਾ ਮਿਲਾਪ ਵੀ ਇੱਥੇ ਹੀ ਹੋਇਆ ਸੀ ਜੋ ਕਿ ਤਖ਼ਤ ਸਾਹਿਬ ਤੋਂ 4 ਕਿੱਲੋਮੀਟਰ ਦੀ ਦੂਰੀ 'ਤੇ ਸਥਿਤ ਹੈ |
ਗੁਰਦੁਆਰਾ ਗੋਬਿੰਦਘਾਟ
ਤਖ਼ਤ ਸਾਹਿਬ ਤੋਂ 200 ਗਜ਼ ਦੀ ਦੂਰੀ 'ਤੇ ਗੰਗਾ ਕਿਨਾਰੇ ਸੁਸ਼ੋਭਿਤ ਗੁਰਦੁਆਰਾ ਗੋਬਿੰਦ ਘਾਟ, ਕੰਗਣ ਘਾਟ ਵਿਖੇ ਗੁਰੂ ਸਾਹਿਬ ਦੇ ਰਾਮ ਭਗਤ ਪੰਡਿਤ ਸ਼ਿਵਦੱਤ ਦੇ ਸ਼ੰਕੇ ਨਿਵਿਰਤ ਕੀਤੇ ਅਤੇ ਇੱਥੇ ਹੀ ਗੰਗਾ ਨਦੀ ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਬਚਪਨ ਵਿਚ ਸੋਨੇ ਦੇ ਕੰਗਣ ਸੁੱਟੇ ਸਨ |
ਗੁਰਦੁਆਰਾ ਬਾਲ ਲੀਲ੍ਹਾ ਮੈਣੀ ਸੰਗਤ ਸਾਹਿਬ
ਤਖ਼ਤ ਸਾਹਿਬ ਦੇ ਬਿਲਕੁਲ ਨਜ਼ਦੀਕ ਗੁਰਦੁਆਰਾ ਬਾਲ ਲੀਲ੍ਹਾ ਮੈਣੀ ਸੰਗਤ ਵਿਖੇ ਗੁਰੂ ਗੋਬਿੰਦ ਸਿੰਘ ਜੀ ਖੇਡਣ ਆਇਆ ਕਰਦੇ ਸਨ ਅਤੇ ਗੁਰੂ ਘਰ ਦੇ ਸ਼ਰਧਾਲੂ ਰਾਜਾ ਫ਼ਤਹਿ ਚੰਦ ਮੈਣੀ ਅਤੇ ਰਾਣੀ ਵਿਸੰਤਰਾ ਦੇਵੀ ਵਲੋਂ ਤਿਆਰ ਕੀਤੇ ਉਬਲੇ ਛੋਲੇ ਅਤੇ ਪੂਰੀਆਂ ਛਕਦੇ ਸਨ | ਇੱਥੇ ਕਰੋਂਦੇ ਦਾ ਰੁੱਖ ਵੀ ਮੌਜੂਦ ਹੈ |
ਗੁਰਦੁਆਰਾ ਹਾਂਡੀ ਸਾਹਿਬ
ਪਟਨਾ ਸਾਹਿਬ ਤੋਂ ਅਨੰਦਪੁਰ ਸਾਹਿਬ ਨੂੰ ਜਾਂਦਿਆਂ ਬਾਲ ਗੋਬਿੰਦ ਰਾਏ ਨੇ ਪਹਿਲਾ ਪੜਾਅ ਦੀਨਾਪੁਰ ਦੀ ਇਕ ਬਿਰਧ ਔਰਤ ਜਮਨਾ ਦੇਵੀ ਦੇ ਘਰ ਕੀਤਾ ਜਿੱਥੇ ਮਾਤਾ ਨੇ ਇਕ ਹਾਂਡੀ ਵਿਚ ਖਿਚੜੀ ਤਿਆਰ ਕਰ ਕੇ ਗੁਰੂ ਸਾਹਿਬ ਅਤੇ ਸੰਗਤ ਨੂੰ ਛਕਾਈ |
ਸ਼੍ਰੋਮਣੀ ਕਮੇਟੀ ਦਾ ਵਫ਼ਦ ਪੁੱਜਾ
ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਮਨਾਏ ਜਾ ਰਹੇ ਪ੍ਰਕਾਸ਼ ਪੁਰਬ ਸਮਾਗਮਾਂ 'ਚ ਸ਼ਿਰਕਤ ਕਰਨ ਲਈ ਅੱਜ ਸ਼੍ਰੋਮਣੀ ਕਮੇਟੀ ਦਾ ਵਫ਼ਦ ਸੀ. ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ ਦੀ ਅਗਵਾਈ ਹੇਠ ਪੁੱਜਾ ਜਦਕਿ ਪ੍ਰਬੰਧਾਂ 'ਚ ਸਹਿਯੋਗ ਕਰਨ ਲਈ ਕਮੇਟੀ ਵਲੋਂ 100 ਦੇ ਕਰੀਬ ਕਰਮਚਾਰੀ ਵੀ ਤਾਇਨਾਤ ਕੀਤੇ ਗਏ ਹਨ | ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਹਰਜਾਪ ਸਿੰਘ ਸੁਲਤਾਨਵਿੰਡ, ਅਜੈਬ ਸਿੰਘ ਅਭਿਆਸੀ, ਸੁਰਜੀਤ ਸਿੰਘ ਭਿੱਟੇਵੱਢ, ਬਾਵਾ ਸਿੰਘ ਗੁਮਾਨਪੁਰਾ ਆਦਿ ਹਾਜ਼ਰ ਸਨ | ਇਨ੍ਹਾਂ ਦਾ ਸੰਤ ਬਾਬਾ ਕਸ਼ਮੀਰ ਸਿੰਘ ਭੂਰੀਵਾਲਿਆਂ ਨੇ ਸਿਰੋਪਾਓ ਦੇ ਕੇ ਨਿੱਘਾ ਸਵਾਗਤ ਕੀਤਾ |

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

ਪਿਛਲੇ ਦਿਨੀਂ ਆਸਟ੍ਰੇਲੀਆ ਦੇ ਇਸਟਰਨ ਫਰੀਵੇਅ ਤੇ ਹੋਏ ਹਾਦਸੇ ਵਿੱਚ ਪੁਲਿਸ ਮੁਤਾਬਿਕ ਸ਼ਾਮਿਲ ਪੰਜਾਬੀ ਟਰੱਕ ਡਰਾਈਵਰ ਦੇ ਟਰੱਕ ਵਿਚੋਂ ਡਰੱਗਜ਼ ਬਰਾਮਦ । ਦੇਖੋ ਪੂਰੀ ਖਬਰ