34 ਸਾਲਾ ਸਨਾ ਮਰੀਨ ਦੁਨੀਆਂ ਦੀ ਸਭ ਤੋਂ ਛੋਟੀ ਉਮਰ ਦੀ ਪ੍ਰਧਾਨ ਮੰਤਰੀ ਬਣੇਗੀ।
Sanna Marin: 34 ਸਾਲ ਦੀ ਸਨਾ ਮਰੀਨ ਫਿਨਲੈਂਡ ਦੀ ਅਗਲੀ ਪ੍ਰਧਾਨ ਮੰਤਰੀ ਬਣਨ ਵਾਲੀ ਹੈ, ਉਨ੍ਹਾਂ ਬਾਰੇ 7 ਗੱਲਾਂ

ਸਨਾ ਮਰੀਨ ਫਿਨਲੈਂਡ 'ਚ ਔਰਤਾਂ ਦੀ ਆਗਵਾਈ ਵਾਲੇ ਗਠਜੋੜ ਦੀ ਸਰਕਾਰ ਵਿੱਚ ਫਿਲਹਾਲ ਟਰਾਂਸਪੋਰਟ ਮੰਤਰੀ ਹੈ।
ਪ੍ਰਧਾਨ ਮੰਤਰੀ ਐਂਟੀ ਰਿਨੇ ਵੱਲੋਂ ਅਹੁਦਾ ਛੱਡੇ ਜਾਣ ਤੋਂ ਬਾਅਦ ਸਨਾ ਨੂੰ ਉਨ੍ਹਾਂ ਦੀ ਸੋਸ਼ਲ ਡੈਮੋਕ੍ਰੇਟਿਕ ਪਾਰਟੀ ਨੇ ਇਸ ਅਹੁਦੇ ਲਈ ਚੁਣਿਆ ਹੈ। ਉਹ ਇਸ ਹਫ਼ਤੇ ਸਹੁੰ ਵੀ ਚੁੱਕ ਸਕਦੀ ਹੈ।
ਉਹ ਔਰਤਾਂ ਦੀ ਆਗਵਾਈ ਵਾਲੇ 5 ਦਲਾਂ ਦੇ ਕੇਂਦਰੀ-ਖੱਬੇ ਪੱਖੀ ਗਠਜੋੜ (centre-left coalition) ਦੀ ਮੁੱਖ ਨੇਤਾ ਹੋਵੇਗੀ।
ਐਂਟੀ ਨੇ ਡਾਕ ਹੜਤਾਲ ਕਾਰਨ ਕਾਰਨ ਆਪਣੇ ਗਠਜੋੜ ਦੇ ਮੈਂਬਰਾਂ ਦਾ ਭਰੋਸਾ ਗੁਆਉਣ ਤੋਂ ਬਾਅਦ ਅਹੁਦਾ ਛੱਡ ਦਿੱਤਾ ਸੀ। ਰਿਨੇ ਦਾ ਸੈਂਕੜੇ ਡਾਕ ਵਰਕਰਾਂ ਦੀਆਂ ਤਨਖਾਹਾਂ ਕੱਟੇ ਜਾਣ ਦਾ ਪਲਾਨ ਲਿਆ ਰਹੇ ਸਨ।
ਜਦੋਂ ਸਨਾ ਕਾਰਜਭਾਰ ਸੰਭਾਲੇਗੀ ਤਾਂ ਇਹ ਦੁਨੀਆਂ ਦੀ ਸਭ ਤੋਂ ਛੋਟੀ ਉਮਰ ਦੀ ਪ੍ਰਧਾਨ ਮੰਤਰੀ ਬਣ ਜਾਵੇਗੀ।
ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਦੀ ਉਮਰ ਵੀ 39 ਸਾਲ ਹੈ ਅਤੇ ਯੂਕ੍ਰੇਨ ਦੀ ਪੀਐੱਮ ਉਲੈਕਸੀ ਹੋਨਚਾਰੁਕ 35 ਸਾਲ ਦੇ ਹਨ।
ਸਨਾ ਨੇ ਪੱਤਰਕਾਰਾਂ ਨੂੰ ਦੱਸਿਆ, "ਸਾਨੂੰ ਭਰੋਸਾ ਜਿੱਤਣ ਲਈ ਬਹੁਤ ਕੁਝ ਕਰਨਾ ਪਵੇਗਾ।"
ਆਪਣੀ ਉਮਰ ਬਾਰੇ ਪੁੱਛੇ ਗਏ ਸਵਾਲਾਂ 'ਤੇ ਉਨ੍ਹਾਂ ਨੇ ਕਿਹਾ, "ਮੈਂ ਆਪਣੀ ਉਮਰ ਅਤੇ ਲਿੰਗ ਬਾਰੇ ਨਹੀਂ ਸੋਚਦੀ, ਮੈਂ ਸਿਆਸਤ 'ਚ ਆਉਣ ਦੇ ਕਾਰਨਾਂ ਅਤੇ ਉਨ੍ਹਾਂ ਚੀਜ਼ਾਂ ਬਾਰੇ ਸੋਚਦੀ ਹਾਂ, ਜਿਨ੍ਹਾਂ ਲਈ ਅਸੀਂ ਵੋਟਰਾਂ ਦਾ ਭਰੋਸਾ ਜਿੱਤਿਆ ਹੈ।"
ਸਨਾ ਦੇਸ ਦੀ ਤੀਜੀ ਔਰਤ ਪ੍ਰਧਾਨ ਮੰਤਰੀ ਹੋਵੇਗੀ। ਸੋਸ਼ਲ ਡੈਮੋਕ੍ਰੇਟਸ ਅਪ੍ਰੈਲ ਵਿੱਚ ਹੋਈਆਂ ਚੋਣਾਂ ਤੋਂ ਬਾਅਦ ਸਭ ਤੋਂ ਵੱਡੇ ਦਲ ਵਜੋਂ ਉਭਰਿਆ ਅਤੇ ਇਸ ਕਰਕੇ ਉਹ ਆਪਣੇ ਦਲ 'ਚੋਂ ਪ੍ਰਧਾਨ ਮੰਤਰੀ ਚੁਣ ਸਕਦੇ ਹਨ।
ਸਨਾ ਦਾ ਪਿਛੋਕੜ
- ਮੀਡੀਆ ਰਿਪੋਰਟਾਂ ਮੁਤਾਬਕ ਸਨਾ ਮਰੀਨ 'ਰੇਨਬੋ ਫੈਮਿਲੀ' (rainbow family) ਵਿੱਚ ਪਲੀ। ਉਹ ਕਿਰਾਏ ਦੇ ਘਰ ਵਿੱਚ ਆਪਣੀ ਮਾਂ ਅਤੇ ਉਸਦੀ ਮਹਿਲਾ ਪਾਰਟਨਰ ਨਾਲ ਰਹਿੰਦੀ ਰਹੀ।
- ਸਨਾ ਨੇ ਮਿਨਾਇਸੇਟ ਵੈੱਬਸਾਈਟ ਨੂੰ ਸਾਲ 2015 ਵਿੱਚ ਦੱਸਿਆ ਸੀ ਕਿ ਜਦੋਂ ਉਹ ਬੱਚੀ ਸੀ ਤਾਂ ਉਸ ਨੂੰ ਆਪਣੇ ਪਰਿਵਾਰ ਵਾਰੇ ਖੁੱਲ੍ਹ ਕੇ ਗੱਲਬਾਤ ਨਹੀਂ ਕਰ ਪਾਉਂਦੀ ਸੀ। ਸਨਾ ਦਾ ਇਹ ਵੀ ਕਹਿਣਾ ਹੈ ਕਿ ਉਸਦੀ ਮਾਂ ਉਸ ਨਾਲ ਹਮੇਸ਼ਾ ਖੜੀ ਰਹੀ।
- ਉਹ ਆਪਣੇ ਪਰਿਵਾਰ ਵਿਚੋਂ ਪਹਿਲੀ ਮੈਂਬਰ ਸੀ ਜੋ ਯੂਨੀਵਰਸਿਟੀ ਵਿੱਚ ਪੜ੍ਹੀ।
- ਸਨਾ 2015 ਵਿੱਚ 27 ਸਾਲ ਦੀ ਉਮਰ ਵਿੱਚ ਸੰਸਦ ਮੈਂਬਰ ਬਣੀ।
- ਜੂਨ ਮਹੀਨੇ ਤੋਂ ਸਨਾ ਟਰਾਂਸਪੋਰਟ ਅਤੇ ਸੰਚਾਰ ਮੰਤਰੀ ਸੀ।
- ਸਨਾ ਮਰੀਨ ਦੀ 22 ਮਹੀਨਿਆਂ ਦੀ ਇੱਕ ਬੱਚੀ ਵੀ ਹੈ।
- ਸੋਸ਼ਲ ਮੀਡੀਆ 'ਤੇ ਵੀ ਸਨਾ ਕਾਫੀ ਸਰਗਰਮ ਹੈ। ਸਾਲ 2013 ਵਿੱਚ ਉਨ੍ਹਾਂ ਨੇ ਟਵਿੱਟਰ ਅਕਾਊਂਟ ਬਣਾਇਆ ਸੀ ਅਤੇ ਹੁਣ ਤੱਕ ਉਨ੍ਹਾਂ ਦੇ 33, 300 ਫੌਲੋਅਰਜ਼ ਹਨ। ਦੁਨੀਆਂ ਦੇ ਹੋਰਨਾਂ ਆਗੂਆਂ ਨਾਲੋਂ ਹੋ ਸਕਦਾ ਹੈ ਇਹ ਗਿਣਤੀ ਘੱਟ ਲਗਦੀ ਹੋਵੇ ਪਰ ਫਿਨਲੈਂਡ ਦੀ ਜਨਸੰਖਿਆ ਵੀ ਬਹੁਤੀ ਜ਼ਿਆਦਾ ਨਹੀਂ ਹੈ।
Comments