ਨਿੱਕੀਆਂ ਜ਼ਿੰਦਾਂ ਵੱਡੇ ਸਾਕੇ: ਵਾਟਾ ਲੰਮੀਆਂ ਤੇ ਰਸਤਾ…
ਨਿੱਕੀਆਂ ਜ਼ਿੰਦਾਂ ਵੱਡੇ ਸਾਕੇ: ਵਾਟਾ ਲੰਮੀਆਂ ਤੇ ਰਸਤਾ…
ਭਾਈ ਮਨਿੰਦਰ ਸਿੰਘ ਸ਼੍ਰੀ ਨਗਰ ਵਾਲਿਆਂ ਨੇ ਨਿਊਜ਼ੀਲੈਂਡ ਦੇ ਵੱਖ-ਵੱਖ ਗੁਰੂ ਘਰਾਂ ‘ਚ ਦੀਵਾਨ ਸਜਾਏ

ਔਕਲੈਂਡ 23 ਦਸੰਬਰ -ਸ੍ਰੀ ਗੁਰੂ ਗੋਬਿੰਦ ਸਿੰਘ ਦੇ ਸਤਿਕਾਰਯੋਗ ਮਾਤਾ ਗੁਜਰ ਕੌਰ ਅਤੇ ਉਨ੍ਹਾਂ ਦੇ ਵੱਡੇ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਗੁਰਪੁਰਬ ਦੇਸ਼-ਵਿਦੇਸ਼ ਦੀਆਂ ਸੰਗਤਾਂ ਬਹੁਤ ਹੀ ਸਤਿਕਾਰ ਸਾਹਿਤ ਮਨਾ ਰਹੀਆਂ ਹਨ। ਨਿਊਜ਼ੀਲੈਂਡ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਅੰਦਰ ਵਿਸ਼ੇਸ਼ ਦੀਵਾਨ ਸਜਾਏ ਜਾ ਰਹੇ ਹਨ। ਇੰਡੀਆ ਤੋਂ ਵਿਸ਼ੇਸ਼ ਤੌਰ ‘ਤੇ ਇਥੇ ਪਹੁੰਚੇ ਹੋਏ ਭਾਈ ਮਨਿੰਦਰ ਸਿੰਘ ਸ੍ਰੀਨਗਰ ਵਾਲਿਆਂ ਦੇ ਜੱਥੇ (ਭਾਈ ਹਰਕੀਰਤ ਸਿੰਘ, ਭਾਈ ਗੁਰਵਿੰਦਰ ਸਿੰਘ ਤੇ ਬੀਬੀ ਕੁਲਵੰਤ ਕੌਰ) ਵਿਸ਼ੇਸ਼ ਕੀਰਤਨ ਦੀਵਾਨ ਗੁਰਦੁਆਰਾ ਸ੍ਰੀ ਦਸਮੇਸ਼ ਦਰਬਾਰ ਪਾਪਾਟੋਏਟੋਏ, ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਪਾਟੋਏਟੋਏ, ਗੁਰਦੁਆਰਾ ਸਿੱਖ ਸੰਗਤ ਟੌਰੰਗਾ ਸਜਾਏ ਜਾ ਚੁੱਕੇ ਹਨ। ਅੱਜ ਜਦੋਂ ਕਿ 8 ਪੋਹ ਹੈ ਅਤੇ ਇਸ ਦਿਨ ਵੱਡੇ ਸਾਹਿਬਜ਼ਾਦਿਆਂ ਤੇ ਚਮਕੌਰ ਸਾਹਿਬ ਦੇ ਸ਼ਹੀਦਾਂ ਦਾ ਦਿਹਾੜਾ ਹੈ। ਅੱਜ ਦੇ ਵਿਸ਼ੇਸ਼ ਦੀਵਾਨ ਗੁਰਦੁਆਰਾ ਨਾਨਕਸਰ ਠਾਠ ਈਸ਼ਰ ਦਰਬਾਰ ਮੈਨੁਰੇਵਾ ਰੱਖੇ ਗਏ ਸਨ। ਭਾਈ ਮਨਿੰਦਰ ਸਿੰਘ ਸ੍ਰੀ ਨਗਰ ਵਾਲਿਆਂ ਨੇ ਸੰਗਤਾਂ ਨੂੰ ਜਿੱਥੇ ਬਹੁਤ ਹੀ ਰਸਭਿੰਨੀ ਰਸਨਾ ਦੇ ਨਾਲ ਗੁਰਬਾਣੀ ਸ਼ਬਦ ਗਾਇਨ ਕਰਵਾਏ ਉਥੇ ਸਫਰ-ਏ-ਸ਼ਹਾਦਤ ਸਮਾਗਮ ਦੌਰਾਨ ਬੀਤੇ ਕੁਝ ਸਾਲਾਂ ਤੋਂ ਪ੍ਰਚਲਿਤ ਧਾਰਮਿਕ ਗੀਤ ਨੂੰ ਗਾਇਨ ਕਰਕੇ ਸੁਣਾਏ। ਉਨ੍ਹਾਂ ਦਾ ਬਹੁਤ ਹੀ ਪੁਰਾਣਾ ਗੀਤ ‘ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ’ ਸੰਗਤਾਂ ਨੇ ਬਹੁਤ ਹੀ ਵੈਰਾਗਮਈ ਅਵਸਥਾ ਦੇ ਵਿਚ ਸਰਵਣ ਕੀਤਾ। ਉਨ੍ਹਾਂ ਜਦੋਂ ਇਹ ਧਾਰਮਿਕ ਗੀਤ ਕਿ ‘ਮੇਰੇ ਲਾਲਾਂ ਦੇ ਨਾਲ ਬਹਿ ਕੇ ਰਾਤ ਗੁਜਾਰਿਓ’ ਅਤੇ ‘ਜਿਵੇਂ-ਜਿਵੇਂ ਸਿਆਲ ਨੇੜੇ ਆਈ ਜਾਂਦਾ ਏ ਕਲਗੀਆਂ ਵਾਲੇ ਦਾ ਖਿਆਲ ਆਈ ਜਾਂਦਾ ਹੈ’ ਗਾਇਨ ਕੀਤੇ ਤਾਂ ਸਾਰੀ ਸੰਗਤ ਨੇ ਨਾਲ ਗਾ ਕੇ ਸਾਥ ਦਿੱਤਾ। ਇਸੇ ਗੁਰਦੁਆਰਾ ਸਾਹਿਬ ਵਿਖੇ ਕੱਲ੍ਹ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਸੰਗਤ ਵੱਲੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਵੀ ਸ਼ੁਰੂ ਹੋਣੇ ਹਨ।
ਗੁਰਦੁਆਰਾ ਨਾਨਕਸਰ ਠਾਠ ਈਸ਼ਰ ਦਰਬਾਰ ਮੈਨੁਰੇਵਾ ਵਿਖੇ ਭਾਈ ਮਨਿੰਦਰ ਸਿੰਘ ਸ੍ਰੀ ਨਗਰ ਵਾਲੇ ਕੀਰਤਨ ਕਰਦਿਆਂ
Comments