ਦਿੱਲੀ ਤੱਕ ਪਹੁੰਚੀ ਵਿਰੋਧ ਦੀ ਅੱਗ

ਨਾਗਰਿਕਤਾ ਕਾਨੂੰਨ


* ਬੱਸਾਂ ਤੇ ਹੋਰ ਵਾਹਨ ਸਾੜੇ

* ਪੁਲਿਸ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪਾਂ-60 ਜ਼ਖ਼ਮੀ

* ਜਾਮੀਆ ਯੂਨੀਵਰਸਿਟੀ ਕੀਤੀ ਬੰਦ

ਨਵੀਂ ਦਿੱਲੀ, 15 ਦਸੰਬਰ (ਏਜੰਸੀ)-ਦੱਖਣ ਪੂਰਬੀ ਦਿੱਲੀ ਦੀ ਨਿਊ ਫਰੈਂਡਜ਼ ਕਾਲੋਨੀ 'ਚ ਨਾਗਰਿਕਤਾ ਕਾਨੂੰਨ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਵਿਚਾਲੇ ਹਿੰਸਕ ਝੜਪਾਂ ਦੌਰਾਨ 3 ਸਰਕਾਰੀ ਬੱਸਾਂ ਤੇ 1 ਅੱਗ ਬੁਝਾਊ ਵਾਹਨ ਨੂੰ ਅੱਗ ਲਗਾ ਦਿੱਤੀ ਗਈ | ਝੜਪਾਂ ਦੌਰਾਨ ਪੁਲਿਸ ਕਰਮੀਆਂ, ਵਿਦਿਆਰਥੀਆਂ, ਅੱਗ ਬੁਝਾਊ ਦਸਤੇ ਦੇ ਕਰਮੀਆਂ ਸਮੇਤ 60 ਵਿਅਕਤੀ ਜ਼ਖ਼ਮੀ ਹੋ ਗਏ | ਪ੍ਰਦਰਸ਼ਨਾਂ ਤੋਂ ਬਾਅਦ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਨੂੰ ਬੰਦ ਕਰ ਦਿੱਤਾ ਗਿਆ | ਦਿੱਲੀ 'ਚ ਇਕ ਪ੍ਰਤੱਖਦਰਸ਼ੀ ਨੇ ਦਾਅਵਾ ਕੀਤਾ ਕਿ ਪ੍ਰਦਰਸ਼ਨਕਾਰੀਆਂ ਨੇ ਇਕ ਮੋਟਰਸਾਈਕਲ 'ਚੋਂ ਪੈਟਰੋਲ ਕੱਢਿਆ ਤੇ ਇਸ ਨਾਲ ਬੱਸਾਂ ਨੂੰ ਅੱਗ ਲਗਾ ਦਿੱਤੀ | ਦਿੱਲੀ ਪੁਲਿਸ ਨੇ ਦੱਸਿਆ ਕਿ ਅੱਗ ਨਾਲ ਸਾੜੀਆਂ ਬੱਸਾਂ ਪੂਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ | ਇਸ ਸਬੰਧੀ ਦਿੱਲੀ ਫਾਇਰ ਸਰਵਿਸ ਦੇ ਅਧਿਕਾਰੀ ਨੇ ਦੱਸਿਆ ਕਿ ਚਾਰ ਅੱਗ ਬੁਝਾਊ ਵਾਹਨਾਂ ਨੂੰ ਘਟਨਾ ਸਥਾਨ ਵੱਲ ਰਵਾਨਾ ਕੀਤਾ ਗਿਆ ਸੀ, ਜਿਨ੍ਹਾਂ 'ਚੋਂ ਇਕ ਵਾਹਨ ਝੜਪਾਂ ਦੌਰਾਨ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਹੈ, ਜਦਕਿ ਉਨ੍ਹਾਂ ਦੇ 2 ਮੁਲਾਜ਼ਮ ਜ਼ਖ਼ਮੀ ਹੋ ਗਏ ਹਨ | ਹਿੰਸਕ ਝੜਪਾਂ ਨੂੰ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਲੋਂ ਕੀਤੇ ਗਏ ਪ੍ਰਦਰਸ਼ਨ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ, ਪਰ ਵਿਦਿਅਰਥੀ ਸੰਗਠਨ ਨੇ ਇਸ ਦਾ ਖੰਡਨ ਕੀਤਾ ਹੈ | ਇਸ ਸਬੰਧੀ ਜਾਮੀਆ ਮਿਲੀਆ ਇਸਲਾਮੀਆ ਵਿਦਿਆਰਥੀ ਸੰਗਠਨ ਨੇ ਕਿਹਾ ਕਿ ਉਨ੍ਹਾਂ ਦਾ ਇਸ ਹਿੰਸਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ | ਉਨ੍ਹਾਂ ਦੱਸਿਆ ਕਿ ਸਥਾਨਕ ਤੱਤਾਂ ਨੇ ਪ੍ਰਦਰਸ਼ਨ 'ਚ ਸ਼ਮੂਲੀਅਤ ਕੀਤੀ ਤੇ ਇਸ ਨੂੰ ਹਿੰਸਕ ਰੂਪ ਦਿੱਤਾ | ਉਨ੍ਹਾਂ ਦੱਸਿਆ ਕਿ ਜਿਸ ਵੇਲੇ ਪ੍ਰਦਰਸ਼ਨ ਹਿੰਸਕ ਹੋਇਆ ਉਸ ਵੇਲੇ ਉਹ ਵਾਪਸ ਆ ਗਏ ਤੇ ਕੈਂਪਸ 'ਚ ਆ ਕੇ ਉਨ੍ਹਾਂ ਸ਼ਾਂਤੀਪੂਰਵਕ ਪ੍ਰਦਰਸ਼ਨ ਕੀਤਾ | ਇਸ ਸਬੰਧੀ ਕਾਂਗਰਸ ਵਲੋਂ ਮਾਨਤਾ ਪ੍ਰਾਪਤ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ ਇੰਡੀਆ (ਐਨ.ਐਸ.ਯੂ.ਆਈ.) ਦੇ ਰਾਸ਼ਟਰੀ ਸਕੱਤਰ ਸਾਈਮਨ ਫਾਰੂਕੀ ਨੇ ਦਾਅਵਾ ਕੀਤਾ ਹੈ ਕਿ ਪ੍ਰਦਰਸ਼ਨਕਾਰੀ ਮûਰਾ ਰੋਡ 'ਤੇ ਸ਼ਾਂਤੀਪੂਰਵਕ ਬੈਠੇ ਸਨ, ਪਰ ਜਦੋਂ ਪੁਲਿਸ ਨੇ ਉਨ੍ਹਾਂ ਨੂੰ ਉਠਾਉਣਾ ਚਾਹਿਆ ਤਾਂ ਕੁਝ ਪ੍ਰਦਰਸ਼ਨਕਾਰੀਆਂ ਨੇ ਇਸ ਦਾ ਵਿਰੋਧ ਕੀਤਾ | ਇਸ ਸਬੰਧੀ ਫਾਰੂਕੀ ਨੇ ਦੱਸਿਆ ਕਿ ਕੁਝ ਪ੍ਰਦਰਸ਼ਨਕਾਰੀਆਂ ਨੇ ਦਾਅਵਾ ਕੀਤਾ ਕਿ ਜਦੋਂ ਉਹ ਸ਼ਾਂਤੀਪੂਰਵਕ ਪ੍ਰਦਰਸ਼ਨ ਕਰ ਰਹੇ ਸਨ ਤਾਂ ਪੁਲਿਸ ਨੇ ਉਨ੍ਹਾਂ 'ਤੇ ਲਾਠੀਚਾਰਜ ਕੀਤਾ ਤੇ ਅੱਥਰੂ ਗੈਸ ਦੇ ਗੋਲਿਆਂ ਦਾ ਇਸਤੇਮਾਲ ਕੀਤਾ | ਇਸ ਮੌਕੇ ਇਕ ਵਿਦਿਆਰਥੀ ਨੇ ਦਾਅਵਾ ਕੀਤਾ ਕਿ ਜਦੋਂ ਪੁਲਿਸ ਨੇ ਬਲ ਪ੍ਰਯੋਗ ਕੀਤਾ ਤਾਂ ਕੁਝ ਪ੍ਰਦਰਸ਼ਨਕਾਰੀਆਂ ਨੇ ਬੱਸਾਂ ਨੂੰ ਅੱਗ ਲਗਾ ਦਿੱਤੀ ਤੇ ਭੰਨਤੋੜ ਕੀਤੀ |
13 ਮੈਟਰੋ ਸਟੇਸ਼ਨਾਂ ਦੇ ਗੇਟ ਬੰਦ
ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਹਿੰਸਕ ਪ੍ਰਦਰਸ਼ਨ ਦੇ ਮੱਦੇਨਜ਼ਰ 13 ਮੈਟਰੋ ਸਟੇਸ਼ਨਾਂ ਦੇ ਦਾਖ਼ਲਾ ਤੇ ਨਿਕਾਸੀ ਗੇਟ ਬੰਦ ਕਰ ਦਿੱਤੇ | ਡੀ. ਐਮ. ਆਰ. ਸੀ. ਨੇ ਟਵੀਟ ਕਰ ਕੇ ਕਿਹਾ ਕਿ ਪੁਲਿਸ ਵਲੋਂ ਦਿੱਲੀ ਪੁਲਿਸ ਦੀ ਸਲਾਹ ਅਨੁਸਾਰ ਸੁਖਦੇਵ ਵਿਹਾਰ ਅਤੇ ਆਸ਼ਰਮ ਦੇ ਗੇਟ ਨੰਬਰ 3 ਦੇ ਦਾਖ਼ਲਾ ਅਤੇ ਨਿਕਾਸੀ ਗੇਟ ਬੰਦ ਕਰ ਦਿੱਤੇ ਗਏ | ਸੁਖਦੇਵ ਵਿਹਾਰ ਵਿਖੇ ਗੱਡੀਆਂ ਨਹੀਂ ਰੁਕਣਗੀਆਂ | ਜਾਮੀਆ ਮਿਲੀਆ ਇਸਲਾਮੀਆ, ਓਖਲਾ ਵਿਹਾਰ ਅਤੇ ਜਸੋਲਾ ਵਿਹਾਰ ਸ਼ਾਹੀਨ ਬਾਗ਼ ਦੇ ਗੇਟ ਵੀ ਬੰਦ ਕਰ ਦਿੱਤੇ ਗਏ ਹਨ ਤੇ ਇਨ੍ਹਾਂ ਸਟੇਸ਼ਨਾਂ ਸਮੇਤ 13 ਸਟੇਸ਼ਨਾਂ 'ਤੇ ਵੀ ਗੱਡੀਆਂ ਨਹੀਂ ਰੁਕਣਗੀਆਂ |
ਕੇਜਰੀਵਾਲ ਨੇ ਸ਼ਾਂਤੀ ਦੀ ਬਹਾਲੀ ਲਈ ਲੈਫ. ਗਵਰਨਰ ਨਾਲ ਕੀਤੀ ਗੱਲ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲੈਫ. ਗਵਰਨਰ ਅਨਿਲ ਬੈਜਲ ਨਾਲ ਗੱਲ ਕੀਤੀ ਤੇ ਉਨ੍ਹਾਂ ਨੂੰ ਦੱਖਣੀ ਦਿੱਲੀ 'ਚ ਹਿੰਸਕ ਪ੍ਰਦਰਸ਼ਨਾਂ ਤੋਂ ਬਾਅਦ ਹੋਈ ਹਿੰਸਾ 'ਤੇ ਕਾਨੂੰਨ ਵਿਵਸਥਾ ਦੀ ਬਹਾਲੀ ਲਈ ਜ਼ਰੂਰੀ ਕਦਮ ਚੁੱਕਣ ਦੀ ਅਪੀਲ ਕੀਤੀ ਹੈ | ਇਸ ਮੌਕੇ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਵਲੋਂ ਵੀ ਸ਼ਾਂਤੀ ਦੀ ਬਹਾਲੀ ਲਈ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ | ਅਰਵਿੰਦ ਕੇਜਰੀਵਾਲ ਨੇ ਇਹ ਜਾਣਕਾਰੀ ਟਵੀਟ ਕਰਕੇ ਦਿੱਤੀ ਹੈ |
ਸਾਡੇ ਵਿਦਿਆਰਥੀ ਹਿੰਸਾ 'ਚ ਸ਼ਾਮਿਲ ਨਹੀਂ-ਜਾਮੀਆ ਮਿਲੀਆ 'ਵਰਸਿਟੀ
ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਨੇ ਐਤਵਾਰ ਨੂੰ ਕਿਹਾ ਕਿ ਨਾਗਰਿਕਤਾ ਕਾਨੂੰਨ ਦੇ ਵਿਰੋਧ 'ਚ ਦੱਖਣੀ ਦਿੱਲੀ 'ਚ ਹਿੰਸਾ ਨੇੜਲੇ ਇਲਾਕਿਆਂ ਦੇ ਲੋਕਾਂ ਵਲੋਂ ਕੀਤੀ ਗਈ ਤੇ ਵਿਦਿਆਰਥੀਆਂ ਦੇ ਅੰਦੋਲਨ ਦੌਰਾਨ ਹਿੰਸਾ ਨਹੀਂ ਕੀਤੀ ਗਈ | ਯੂਨੀਵਰਸਿਟੀ ਨੇ ਇਕ ਬਿਆਨ 'ਚ ਕਿਹਾ ਕਿ ਸ਼ੁੱਕਰਵਾਰ ਨੂੰ ਵਿਦਿਆਰਥੀਆਂ ਅਤੇ ਪੁਲਿਸ ਦਰਮਿਆਨ ਹੋਈ ਝੜਪ ਦੇ ਬਾਅਦ ਯੂਨੀਵਰਸਿਟੀ ਨੇ ਪਹਿਲਾਂ ਹੀ ਸਰਦੀਆਂ ਦੀਆਂ ਛੁੱਟੀਆਂ ਕਰ ਦਿੱਤੀਆਂ ਹਨ ਅਤੇ ਸਮੈਸਟਰ ਪ੍ਰੀਖਿਆਵਾਂ ਨੂੰ ਮੁਲਤਵੀ ਕਰ ਦਿੱਤਾ ਹੈ | ਇਸ ਵਿਚ ਕਿਹਾ ਗਿਆ ਕਿ ਹੋਸਟਲਾਂ 'ਚ ਰਹਿ ਰਹੇ ਵੱਡੀ ਗਿਣਤੀ ਵਿਦਿਆਰਥੀ ਜਾ ਚੁੱਕੇ ਹਨ ਅਤੇ ਉਪ-ਕੁਲਪਤੀ ਨਜ਼ਮਾ ਅਖ਼ਤਰ ਨੇ ਵਿਦਿਆਰਥੀਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ |
ਹਿੰਸਾ 'ਚ ਸ਼ਾਮਿਲ ਬਾਹਰੀ ਲੋਕਾਂ ਨੂੰ ਫੜਨ ਲਈ ਪੁਲਿਸ ਜਾਮੀਆ ਕੈਂਪਸ 'ਚ ਦਾਖ਼ਲ
ਦੱਖਣੀ ਦਿੱਲੀ 'ਚ ਹਿੰਸਾ ਦੇ ਛੇਤੀ ਬਾਅਦ ਪੁਲਿਸ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਕੈਂਪਸ 'ਚ ਦਾਖ਼ਲ ਹੋ ਗਈ ਅਤੇ ਬਾਹਰੀ ਲੋਕਾਂ, ਜੋ ਲੁਕਣ ਲਈ ਯੂਨੀਵਰਸਿਟੀ ਕੈਂਪਸ 'ਚ ਦਾਖ਼ਲ ਹੋ ਗਏ ਸਨ, ਨੂੰ ਕਾਬੂ ਕਰਨ ਲਈ 'ਵਰਸਿਟੀ ਦੇ ਗੇਟ ਬੰਦ ਕਰ ਦਿੱਤੇ | ਸੂਤਰਾਂ ਨੇ ਕਿਹਾ ਕਿ ਦੋਵਾਂ ਵਿਦਿਆਰਥੀਆਂ ਅਤੇ ਟੀਚਰਜ਼ ਐਸੋਸੀਏਸ਼ਨ ਨੇ ਆਪਣੇ-ਆਪ ਨੂੰ ਹਿੰਸਾ ਅਤੇ ਸਾੜ ਫੂਕ ਤੋਂ ਵੱਖ ਕਰ ਲਿਆ | ਵਿਦਿਆਰਥੀਆਂ ਨੇ ਦਾਅਵਾ ਕੀਤਾ ਕਿ ਕੁਝ ਸਥਾਨਿਕ ਲੋਕਾਂ ਨੇ ਉਨ੍ਹਾਂ ਦੇ ਪ੍ਰਦਰਸ਼ਨ 'ਚ ਸ਼ਾਮਿਲ ਹੋ ਕੇ ਵਿਘਨ ਪਾਇਆ ਅਤੇ ਹਿੰਸਾ ਕੀਤੀ | ਸੂਤਰਾਂ ਨੇ ਕਿਹਾ ਕਿ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਲਾਠੀਚਾਰਜ ਕੀਤਾ ਅਤੇ ਹੰਝੂ ਗੈਸ ਦੇ ਗੋਲੇ ਛੱਡੇ, ਇਸ ਦੌਰਾਨ ਕੁਝ ਬਾਹਰੀ ਲੋਕ ਕੈਂਪਸ ਵੱਲ ਭੱਜ ਗਏ ਅਤੇ ਲੁਕਣ ਦੀ ਕੋਸ਼ਿਸ਼ ਕੀਤੀ | ਉਨ੍ਹਾਂ ਕਿਹਾ ਕਿ ਇਨ੍ਹਾਂ ਸ਼ਰਾਰਤੀ ਲੋਕਾਂ ਨੂੰ ਫੜਨ ਲਈ ਪੁਲਿਸ ਨੇ ਕੈਂਪਸ 'ਚ ਦਾਖ਼ਲ ਹੋ ਕੇ ਗੇਟ ਬੰਦ ਕਰ ਦਿੱਤੇ |

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

ਪਿਛਲੇ ਦਿਨੀਂ ਆਸਟ੍ਰੇਲੀਆ ਦੇ ਇਸਟਰਨ ਫਰੀਵੇਅ ਤੇ ਹੋਏ ਹਾਦਸੇ ਵਿੱਚ ਪੁਲਿਸ ਮੁਤਾਬਿਕ ਸ਼ਾਮਿਲ ਪੰਜਾਬੀ ਟਰੱਕ ਡਰਾਈਵਰ ਦੇ ਟਰੱਕ ਵਿਚੋਂ ਡਰੱਗਜ਼ ਬਰਾਮਦ । ਦੇਖੋ ਪੂਰੀ ਖਬਰ