ਖ਼ਾਲਿਸਤਾਨ-2 (Khalistan II) ਜਾਂ ਚੌਥੇ ਸਿੱਖ ਨਰਸੰਘਾਰ ਦਾ ਮਨਸੂਬਾ ?
― ਗੁਰਤੇਜ ਸਿੰਘ, 24 ਫ਼ਰਵਰੀ 2018
ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਹਿੰਦ ਫੇਰੀ ਨੂੰ ਭਾਰਤੀ ਨਿਜ਼ਾਮ ਵੱਲੋਂ ਅਖਾਉਤੀ (ਸਿੱਖ) ਅੱਤਵਾਦ ਦਾ ਸਹਾਰਾ ਲੈ ਕੇ ਬੇਅਸਰ ਕਰਨ ਲਈ ਵਰਤੀ ਕੂਟਨੀਤੀ ਦੀਆਂ ਪਰਤਾਂ ਫੇਰੀ ਦੇ ਦੌਰਾਨ ਹੀ ਖੁੱਲ੍ਹਣੀਆਂ ਸ਼ੁਰੂ ਹੋ ਗਈਆਂ ਹਨ। ਟਾਈਮਸ ਔਵ ਇੰਡੀਆ ਦੇ ਸੁਘੜ ਪੱਤਰਕਾਰ ਆਈ. ਪੀ. ਸਿੰਘ ਨੇ ਕੈਨੇਡਾ ਦੇ ਮੀਡੀਆ ਦੇ ਹਵਾਲੇ ਨਾਲ ਇੱਕ ਰਪਟ 24 ਫ਼ਰਵਰੀ 2018 ਨੂੰ ਛਾਪੀ ਹੈ, ਜਿਸ ਅਨੁਸਾਰ ਕੈਨੇਡਾ ਦੀਆਂ ਖ਼ੁਫ਼ੀਆ ਏਜੰਸੀਆਂ ਨੇ ਸਬੂਤਾਂ ਸਹਿਤ ਦੱਸਿਆ ਹੈ ਕਿ ਜਸਪਾਲ ਸਿੰਘ ਅਟਵਾਲ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਜ਼ਦੀਕੀ ਕਾਫ਼ਲੇ ਵਿੱਚ ਘੁਸਪੈਠ ਕਰਵਾ ਕੇ ਕੈਨੇਡਾ ਨੂੰ ਦਹਿਸ਼ਤਗਰਦਾਂ ਦਾ ਹਮਦਰਦ ਸਾਬਤ ਕਰਨ ਦਾ ਮੁਕੰਮਲ ਇੰਤਜ਼ਾਮ ਭਾਰਤ ਸਰਕਾਰ ਨੇ ਹੀ ਕੀਤਾ ਸੀ। ਏਸ ਘਟਨਾ ਤੋਂ ਅਤੇ ਹਰਜੀਤ ਸਿੰਘ ਸਾਜਨ ਦੀ ਆਮਦ ਦੇ ਸਮੇਂ ਤੋਂ ਅੱਤਵਾਦ ਬਾਰੇ ਸ਼ੁਰੂ ਕੀਤੇ ਵਿਵਾਦ ਤੋਂ ਲੱਗਦਾ ਹੈ ਕਿ ਸਿੱਖਾਂ ਨੂੰ ਬਦਨਾਮ ਕਰਨ ਲਈ ਅਤੇ ਕੈਨੇਡਾ ਸਰਕਾਰ ਉੱਤੇ ਦਬਾਅ ਬਨਾਉਣ ਲਈ ਤਿਆਰ ਕੀਤੀ ਯੋਜਨਾ ਉੱਚ-ਪੱਧਰੀ ਵੱਡਾ ਛੜਯੰਤਰ ਹੈ ਜਿਸ ਨੂੰ ਪੂਰਾ ਸੋਚ-ਸਮਝ ਕੇ ਤਿਆਰ ਕੀਤਾ ਗਿਆ ਹੈ।
ਇਹ ਸਪਸ਼ਟ ਹੋਣ ਤੋਂ ਬਾਅਦ ਏਸ ਯੋਜਨਾ ਦੇ ਮਕਸਦ ਨੂੰ ਜਾਨਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿਉਂਕਿ ਏਨਾਂ ਲੰਮਾ ਸਮਾਂ ਲਾ ਕੇ ਘੜੀ ਘਾੜਤ ਕੇਵਲ ਬਦਨਾਮੀ ਦਾ ਭੂਤ ਪਰਗਟ ਕਰਨ ਲਈ ਨਹੀਂ ਹੋ ਸਕਦੀ। ਇੰਡੀਆ ਟੂਡੇ ਦੇ ਲੇਖ (Khalistan II) ਨਾਲ ਮਿਲਾ ਕੇ ਵੇਖੀਏ ਤਾਂ ਸਮਾਨ ਸ਼ੇਰ ਮਾਰਨ ਦਾ ਤਿਆਰ ਕੀਤਾ ਗਿਆ ਲੱਗਦਾ ਹੈ।
1984 ਦੀ ਸਰਕਾਰੀ ਨਸਲਕੁਸ਼ੀ ਵਿੱਚ ਵੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਆਗੂਆਂ ਦਾ ਵਿਸ਼ੇਸ਼ ਹੱਥ, ਭਾਜਪਾ ਆਗੂਆਂ ਦੇ 1984 ਤੋਂ ਪਹਿਲਾਂ ਦੇ ਕਿਰਦਾਰ, ਬਿਆਨਾਤ ਅਤੇ ਲਿਖਤਾਂ (ਮਸਲਨ ਅਡਵਾਨੀ ਦੀ ਕਿਤਾਬ) ਤੋਂ ਪਤਾ ਲੱਗਦਾ ਹੈ ਕਿ ਇਹ ਕੌਂਗਰਸ ਦੇ ਨਾਲ ਬਰਾਬਰ ਦੇ ਭਾਈਵਾਲ ਸਨ। 1980 ਤੋਂ 1984 ਤੱਕ ਦੇ ਬਜਰੰਗ ਦਲ, ਰਿਤੰਬਰਾ ਇਤਿਆਦਿ ਦੇ ਜ਼ਹਿਰੀ ਬਿਆਨ ਆਦਿ ਵੀ ਦੱਸਦੇ ਹਨ ਕਿ ਇਹ ਸਿੱਖ-ਨਰਸੰਘਾਰ ਨੂੰ ਅੰਜਾਮ ਦੇਣ ਲਈ ਬਹੁਤ ਉਤਾਵਲੇ ਸਨ। ਨਵੰਬਰ 1984 ਵਿੱਚ ਹਿੰਦੂਤਵ ਦੇ ਨੀਤੀ-ਘਾੜੇ ਨਾਨਾ ਦੇਸ਼ਮੁਖ ਦਾ ਜਾਰੀ ਕੀਤਾ ਨੀਤੀ-ਪੱਤਰ ਵੀ ਦੱਸਦਾ ਹੈ ਕਿ ਇਹ ਪੂਰਨ ਤੌਰ ਉੱਤੇ ਇੰਦਰਾ ਗਾਂਧੀ ਦੀ ਸਿੱਖ ਮਾਰੂ ਯੋਜਨਾ ਦੇ ਵੱਡੇ ਸਮਰਥਕ ਸਨ। ਮੁੱਢਲੇ ਤੌਰ ਉੱਤੇ ਇਹ ਯੋਜਨਾ ਹਿੰਦ ਨੂੰ ਹਿੰਦੂ ਸਾਮਰਾਜ ਵੱਲ ਧੱਕਣ ਵਾਲੀ ਸਿਆਸੀ ਕੜੀ ਦੇ ਰੂਪ ਵਿੱਚ ਘੜੀ ਘਾੜਤ ਸੀ ਜਿਸ ਨੂੰ ਤਕਰੀਬਨ ਹਿੰਦੂ ਮੂਲ ਦੀ ਹਰ ਸਿਆਸੀ ਜਮਾਤ ਦੀ ਸ਼ਹਿ ਹਾਸਲ ਸੀ।
ਸਮਾਂ ਪਾ ਕੇ ਏਸ ਦਾ ਪ੍ਰਗਟਾਵਾ ਹੋਇਆ ਬਾਬਰੀ ਮਸਜਿਦ ਤੋੜਨ, ਗੁਜਰਾਤ ਦੀਆਂ ਘਟਨਾਵਾਂ ਅਤੇ 2014 ਵਿੱਚ ਹੋਏ ਭਾਜਪਾ ਦੇ ਉੱਥਾਨ ਵਿੱਚ। ਹਿੰਦੂ ਰਾਜ ਨੂੰ ਨੇੜੇ ਲਿਆਉਣ ਲਈ ਕੌਂਗਰਸ ਅਤੇ ਓਸ ਦੀ ਸਾਂਝੀ ਸਰਕਾਰ ਵਿਰੁੱਧ ਸੱਚੇ ਝੂਠਾਂ ਦਾ ਵੱਡਾ ਵਾਵੇਲਾ ਕੀਤਾ ਗਿਆ; ਮੀਡੀਏ ਨੂੰ ਥੋਕ ਵਿੱਚ ਖਰੀਦਿਆ ਗਿਆ; ਹਿੰਦੂ ਰਾਸ਼ਟਰ ਦਾ ਪ੍ਰਚਾਰ ਕੀਤਾ-ਕਰਵਾਇਆ ਗਿਆ ਅਤੇ ਮੋਦੀ ਨੂੰ ਆਕਾਰ ਤੋਂ ਵੱਡਾ (56 ਇੰਚ) ਬਣਾ ਕੇ ਪੇਸ਼ ਕੀਤਾ ਗਿਆ; ਮਨਮੋਹਨ ਸਿੰਘ ਦੀ ਬਾਰ-ਬਾਰ ਖਿੱਲੀ ਉਡਾਈ ਗਈ ਆਦਿ ਆਦਿ।
ਹੁਣ ਹਾਲਤ ਇਹ ਹੈ ਕਿ ਨਾ ਤਾਂ ਦੋ ਕਰੋੜ ਸਾਲਾਨਾ ਨੌਕਰੀਆਂ ਦਿੱਤੀਆਂ ਜਾ ਸਕੀਆਂ, ਨਾ ਪੰਦਰਾਂ ਲੱਖ ਰੁਪਏ ਹਰ ਸ਼ਹਿਰੀ ਦੇ ਖਾਤੇ ਵਿੱਚ ਆਏ; ਨੋਟਬੰਦੀ ਦਾ ਵੀ ਉਲਟਾ ਅਸਰ ਪਿਆ; ਘੋਟਾਲੇ ਰੋਕੇ ਨਾ ਜਾ ਸਕੇ; ਨਾ ਹੀ ‘ਪਹਿਰੇਦਾਰ’ ਵਿਦੇਸ਼ ਭੱਜਦੇ ਮੋਦੀਆਂ, ਮਲਾਇਆਂ ਨੂੰ ਰੋਕ ਸਕਿਆ। ਵਿਆਪਮ ਉੱਤੇ ਪਿਆ ਪਰਦਾ ਅੱਲ੍ਹੜ ਕੁੜੀ ਦੇ ਸਿਰ ਚੁੰਨੀ ਵਾਂਗ ਲਗਾਤਾਰ ਖਿਸਕਦਾ ਹੀ ਚਲਾ ਜਾ ਰਿਹਾ ਹੈ ― ਬਾਵਜੂਦ ਮੀਡੀਆ ਦੇ ਅਭੈ ਦਾਨ ਦੇ ਅਤੇ ਸਿਆਸਤ ਦੀ ਚੁੱਪੀ ਦੇ। ਗੁਜਰਾਤ ਤੋਂ ਚੋਣ-ਮੈਦਾਨ ਦੀ ਤਿਲਕਣ ਸ਼ੁਰੂ ਹੋ ਚੁੱਕੀ ਹੈ ਅਤੇ ਰਾਜਸਥਾਨ ਵੀ ਉਪ-ਚੋਣਾਂ ਵਿੱਚ ਰੱਥ ਨਿਗਲਣ ਵਾਲਾ ਦਲਦਲ ਤਿਆਰ ਹੋ ਚੁੱਕਿਆ ਹੈ। ਅਜਿਹੇ ਵਿੱਚ ਦਿਗਵਿਜੇ ਦਾ ਰੱਥ ਤਾਂ ਦੋ ਕਿਸ਼ੋਰ ਬਾਲਕਾਂ (ਲਵ-ਕੁਸ਼ ਦੀ ਗਾਥਾ) ਦੇ ਕਹਿਰ ਨੂੰ ਝੱਲਣ ਜੋਗਾ ਵੀ ਨਹੀਂ ਰਿਹਾ ਬਲਕਿ ਏਥੇ ਤਾਂ ਘੱਟੋ-ਘੱਟ ਸੱਤ ਅਜਿਹੇ ਵੱਡੇ ਨਾਂਅ ਵਾਲੇ ਮਹਾਂਰਥੀ (ਸਚਿਨ ਪਾਇਲਟ, ਰਾਹੁਲ ਗਾਂਧੀ, ਸਿੰਧੀਆ, ਕਨ੍ਹਈਆ ਕੁਮਾਰ, ਹਾਰਦਿਕ ਪਟੇਲ, ਮਵਾਨੀ ਇਤਿਆਦਿ) ਵਿਰੋਧ ਵਿੱਚ ਤਿਆਰ-ਬਰ-ਤਿਆਰ ਹਨ। ਦਲਿਤ ਅਤੇ ਮੁਸਲਮਾਨ, ਬਾਵਜੂਦ ਕਤਲੋਗਾਰਤ-ਵ-ਤਸ਼ੱਦਦ ਦੇ, ਡਰ ਕੇ ਤ੍ਰਾਹੀ-ਤ੍ਰਾਹੀ ਕਰਦੇ ਸ਼ਰਨ ਨਹੀਂ ਆਏ। ਜਾਪਦਾ ਹੈ ਕਿ 2019 ਦੀ ਚੋਣ ਭਗਵਾ-ਝੰਡਾ-ਵੱਢ ਮੁਹਿੰਮ ਸਾਬਤ ਹੋਵੇਗੀ।
ਅਜਿਹੇ ਕਿਸੇ ਔਕੜ-ਭਰਪੂਰ ਸਮੇਂ, ਏਵੇਂ ਚਾਰ-ਚੁਫੇਰਿਓਂ ਲੱਗੀ ਅੱਗ ਨੇ ਇੰਦਰਾ ਗਾਂਧੀ ਨੂੰ ਦਰਬਾਰ ਢਾਹੁਣ ਦੇ ਅਤੇ ਸਿੱਖ ਕਤਲੇਆਮ ਦੇ ਰਾਹ ਪਾਇਆ ਸੀ। ਰਾਜੀਵ ਗਾਂਧੀ ਨੂੰ ਮਿਲੇ ਸਮਰਥਨ ਨੂੰ ਨਿਚੋੜਨ ਵਾਲੇ ਦੱਸਦੇ ਹਨ ਕਿ ਸਿੱਖਾਂ ਦੇ ਖੂਨ ਨਾਲ ਕਈ ਦਿਨ ਗੰਗਾ ਲਾਲ ਹੋ ਵਗਦੀ ਰਹੀ ਸੀ। ਕੈਨੇਡਾ ਦੇ ਪ੍ਰਧਾਨ ਮੰਤਰੀ ਨਾਲ ਰੱਜ ਕੇ ਕੀਤੇ ਬੁਰੇ ਸਲੂਕ ਦਾ ਤੋੜਾ ਇੱਕ ਵਾਰੀਂ ਫੇਰ 1984 ਦਾ ਇਤਿਹਾਸ ਦੁਹਰਾਉਣ ਵੱਲ ਸੇਧਿਆ ਲੱਗ ਰਿਹਾ ਹੈ। ਕੌਮੀ ਆਗੂਆਂ ਨੂੰ ਐਸੀ ਰਣਨੀਤੀ ਬਣਾਉਣੀ ਚਾਹੀਦੀ ਹੈ ਕਿ ਆਪਣੇ ਹੋਸ਼-ਹਵਾਸ ਉੱਤੇ ਕਾਬੂ ਪਾ ਕੇ ਕੌਮ ਅਡੋਲ, ਸਾਵੀਂ ਚਾਲ ਚੱਲਦੀ ਆਪਣੀ ਚੜ੍ਹਦੀ ਕਲਾ ਵੱਲ ਵਧਦੀ ਰਹੇ। ਸਮਾਂ ਬੜਾ ਖ਼ਤਰਨਾਕ ਮੋੜ ਕੱਟ ਚੁੱਕਿਆ ਹੈ। ਸੋਨ-ਕਲਸ਼ਾਂ ਉੱਤੇ ਮੰਡਰਾਉਦੀਆਂ ਗਿਰਝਾਂ ਕਾਲਕਾ ਦੇਵੀ ਦੀਆਂ ਡਾਕਣੀਆਂ ਵਾਂਗ ਰੱਤ ਪੀਣ ਲਈ ਝਈਆਂ ਲੈ ਰਹੀਆਂ ਹਨ। ਕੌਮ ਅਤੇ ਆਗੂਆਂ ਲਈ ‘ਵਕਤ ਵਿਚਾਰਨ’ ਅਤੇ ਕਾਰਜ ਸਾਧਣ ਵਾਲਾ ਬੇੜਾ ਬੰਨ੍ਹਣਾ ਜ਼ਰੂਰੀ ਹੈ। ਜੋ ਫ਼ਸਲ ਵੱਢਣੀ ਹੈ ਓਸ ਨੂੰ ਹੁਣੇ ਬੀਜਣਾ ਪਵੇਗਾ ਅਤੇ ਓਸ ਦੀ ਪਰਵਰਿਸ਼ ਕਰਨੀ ਪਵੇਗੀ। ਬੁੱਧੀਜੀਵੀ ਵੀ ਧਿਆਨ ਦੇਣ:
“ਬੀਜੇ ਬਾਝੁ ਨ ਖਾਇ ਨ ਧਰਤਿ ਜਮਾਇਆ॥“ (ਭਾਈ ਗੁਰਦਾਸ, ਵਾਰ 14)
Comments