32 ਸਾਲਾ ਭਾਰਤੀ ਮੁੰਡੇ ਅਤੇ 35 ਸਾਲਾ ਅੰਗਰੇਜ਼ ਮੁੰਡੇ ਨੇ ਸਮਲਿੰਗੀ ਵਿਆਹ ਰਚਾ ਕੇ ਇਕ-ਦੂਜੇ ਨੂੰ ਬਣਾਇਆ ਜੀਵਨ ਸਾਥੀ
-ਦੋਹਾਂ ਨੇ ਲਾਈ ਹੱਥਾਂ ‘ਤੇ ਮਹਿੰਦੀ, ਟਿੱਕੇ ਅਤੇ ਕੀਤੇ ਪੂਰੇ ਸਾਰੇ ਸ਼ਗਨ …ਹਿੰਦੂ ਅਤੇ ਈਸਾਈ ਪ੍ਰੰਪਰਾ ਅਨੁਸਾਰ ਕੀਤੇ ਵਿਆਹ ਸੰਸਕਾਰ
ਔਕਲੈਂਡ 26 ਫਰਵਰੀ (ਹਰਜਿੰਦਰ ਸਿੰਘ ਬਸਿਆਲਾ) – ਕੁੜੀਆਂ ਅਕਸਰ ਕਹਿੰਦੀਆਂ ਹਨ ਕਿ ਅਸੀਂ ਕਿਹੜਾ ਮੁੰਡਿਆ ਨਾਲੋਂ ਕਿਸੇ ਗੋਲੋਂ ਘੱਟ ਆ, ਹੁਣ ਲਗਦਾ ਕੁਝ ਪੜ੍ਹੇ-ਲਿਖੇ ਮੁੰਡੇ ਵੀ ਸ਼ਾਇਦ ਇਸਦਾ ਜਵਾਬ ਦੇਣ ਲੱਗ ਪਏ ਹਨ। ਨਿਊਜ਼ੀਲੈਂਡ ਦੇ ਇਕ ਰਾਸ਼ਟਰੀ ਟੀ. ਚੈਨਲ ਨਾਲ ਕੰਮ ਕਰ ਚੁੱਕੇ 32 ਸਾਲਾ ਅਰੁਣ ਸੋਮਾ ਜੋ ਕਿ ਭਾਰਤੀ ਮੂਲ ਦੇ ਹਨ ਅਤੇ ਇਸ ਵੇਲੇ ਬੀ.ਬੀ.ਸੀ. ਯੂ.ਕੇ. ਨਾਲ ਕੰਮ ਕਰਦੇ ਹਨ, ਨੇ ਬੀਤੇ ਸ਼ਨਿਚਰਵਾਰ ਵਲਿਗੰਟਨ ਵਿਖੇ ਪਾਣੀ ਦੇ ਕਿਨਾਰੇ ਆਪਣੇ 7 ਸਾਲਾਂ ਤੋਂ ਚੱਲੇ ਆ ਰਹੇ 35 ਸਾਲਾ ਦੋਸਤ ਜੈਕਬ ਵੋਲਗ੍ਰੇਟ ਨਾਲ ਵਿਆਹ ਰਚਾ ਲਿਆ।
ਇਸ ਤੋਂ ਪਹਿਲਾਂ ਉਨ੍ਹਾਂ ਨੇ ਭਾਰਤੀ ਰੀਤੀ ਰਿਵਾਜਾਂ ਅਨੁਸਾਰ ਆਪਣੇ ਹੱਥਾਂ ਉਤੇ ਮਹਿੰਦੀ ਲਗਾ, ਮੱਥੇ ਉਤੇ ਟਿੱਕੇ ਲਗਾ ਕੇ ਵਿਆਹ ਦੇ ਸ਼ਗਨ ਪੂਰੇ ਕੀਤੇ। ਦੋਹਾਂ ਨੇ ਮਹਿੰਦੀ ਲੱਗਾ ਇਕ-ਇਕ ਹੱਥ ਇਕੱਠੇ ਰੱਖ ਕੇ ਇਕ ਤਸਵੀਰ ਵੀ ਟਵੀਟ ਕੀਤੀ ਅਤੇ ਸ਼ਾਦੀ ਦਾ ਰਸਮੀ ਐਲਾਨ ਕੀਤਾ। ਇਹ ਸ਼ਾਦੀ ਉਨ੍ਹਾਂ ਨੇ ‘ਵਲਿਗੰਟਨ ਪ੍ਰਾਈਡ ਫੈਸਟੀਵਲ’ ਸ਼ੁਰੂ ਹੋਣ ਦੇ ਪਹਿਲੇ ਦਿਨ ਰਚਾ ਕੇ ਇਸ ਨੂੰ ਇਕ ਯਾਦਗਾਰੀ ਸਮਾਗਮ ਦੇ ਵਿਚ ਪ੍ਰੀਵਰਤਨ ਕਰਨ ਦੀ ਆਪਣੀ ਤਮੰਨਾ ਪੂਰੀ ਕੀਤੀ।
ਇਸ ਵਿਆਹ ਸਮਾਗਮ ਵਿਚ 170 ਦੇ ਕਰੀਬ ਲੋਕ ਸ਼ਾਮਿਲ ਹੋਏ ਜਿਸ ਦੇ ਵਿਚ ਮੀਡੀਆ ਕਰਮੀ ਅਤੇ ਹੋਰ ਖਾਸ ਲੋਕ ਸਨ। ਇਸ ਵਿਆਹ ਦੇ ਨਾਲ ਇਸ ਜੋੜੇ ਨੇ ਪੁਰਾਣੇ ਪ੍ਰੰਪਰਾਵਾਦੀ ਰਿਵਾਜ ਕਿ ਵਿਆਹ ਮੁੰਡੇ-ਕੁੜੀ ਦਾ ਹੀ ਹੋ ਸਕਦਾ ਹੈ, ਨੂੰ ਤੋੜਨ ਦਾ ਯਤਨ ਕੀਤਾ। ਲੜਕੇ ਅਰੁਣ ਸੋਮਾ ਦਾ ਪਿਤਾ ਪ੍ਰਕਾਸ਼ ਸੋਮਾ ਅਤੇ ਮਾਂ ਲਲਿਤਾ ਅਤੇ ਲੜਕੇ ਜੈਕਬ ਦੇ ਮਾਪੇ ਜੈਨੀ ਅਤੇ ਜਿਮ ਵੋਲਗ੍ਰੇਟ ਇਸ ਮੌਕੇ ਸ਼ਾਮਿਲ ਸਨ।
ਵਿਆਹ ਦੌਰਾਨ ਹਿੰਦੂ ਅਤੇ ਈਸਾਈ ਰਸਮਾਂ ਦੇ ਅਨੁਸਾਰ ਸ਼ਾਦੀ ਦੇ ਸਾਰੇ ਸੰਸਕਾਰ ਪੂਰੇ ਕੀਤੇ ਗਏ। ਵਰਨਣਯੋਗ ਹੈ ਕਿ ਨਿਊਜ਼ੀਲੈਂਡ ਦੇ ਵਿਚ ਸਮਲਿੰਗੀ ਵਿਆਹਾਂ ਨੂੰ 19 ਅਗਸਤ 2013 ਤੋਂ ਮਾਨਤਾ ਪ੍ਰਾਪਤ ਹੈ। ਇਸ ਸਬੰਧੀ ਇਕ ਬਿੱਲ 17 ਅਪ੍ਰੈਲ 2013 ਨੂੰ 77-44 ਵੋਟਾਂ ਦੇ ਫਰਕ ਨਾਲ ਪਾਸ ਹੋ ਗਿਆ ਸੀ ਅਤੇ ਇੰਟਰਨਲ ਵਿਭਾਗ ਵੱਲੋਂ ਜਰੂਰੀ ਤਬਦੀਆਂ ਦੇ ਬਾਅਦ 19 ਅਗਸਤ ਨੂੰ ਅਮਲ ਵਿਚ ਆ ਗਿਆ ਸੀ।
Source: Punjabi Herald
Comments