ਆਸਟਰੇਲੀਆ ਖੇਤੀ, ਖੇਡਾਂ ਤੇ ਸੈਰ ਸਪਾਟਾ ਖੇਤਰਾਂ 'ਚ ਪੰਜਾਬ ਦਾ ਸਹਿਯੋਗ ਕਰਨ ਲਈ ਤਿਆਰ
ਆਸਟਰੇਲੀਅਨ ਹਾਈ ਕਮਿਸ਼ਨਰ ਹਰਿੰਦਰ ਸਿੱਧੂ ਤੇ ਨਵਜੋਤ ਸਿੰਘ ਸਿੱਧੂ ਦਰਮਿਆਨ ਬੈਠਕ
ਅੰਮਿ੍ਤਸਰ, 18 ਫਰਵਰੀ (ਜਸਵੰਤ ਸਿੰਘ ਜੱਸ)-ਆਸਟਰੇਲੀਆ ਫ਼ਸਲਾਂ ਦੀ ਰਹਿੰਦ-ਖੂੰਹਦ ਸਾਂਭਣ, ਮਿੱਟੀ ਤੇ ਪਾਣੀ ਵਰਗੇ ਜ਼ਰੂਰੀ ਕੁਦਰਤੀ ਸਰੋਤਾਂ ਦੀ ਸਾਂਭ-ਸੰਭਾਲ, ਖੇਤੀ ਉਤਪਾਦਾਂ ਲਈ ਵਿਸ਼ਵ ਪੱਧਰ 'ਤੇ ਮੰਡੀਕਰਨ 'ਚ ਪੰਜਾਬ ਦਾ ਸਾਥ ਦੇਣ ਤੋਂ ਇਲਾਵਾ ਖੇਡਾਂ ਅਤੇ ਸੈਰ ਸਪਾਟਾ ਸਨਅਤ ਵਿਚ ਪੰਜਾਬ ਦਾ ਸਹਿਯੋਗ ਕਰਨ ਲਈ ਤਿਆਰ ਹੈ ਅਤੇ ਛੇਤੀ ਹੀ ਇਨ੍ਹਾਂ ਖੇਤਰਾਂ ਵਿਚ ਸੰਭਾਵਨਾਵਾਂ ਤਲਾਸ਼ਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਲਾਹ ਨਾਲ ਪੰਜਾਬ ਤੋਂ ਉੱਚ ਪੱਧਰੀ ਵਫ਼ਦ ਆਸਟਰੇਲੀਆ ਭੇਜਿਆ ਜਾਵੇਗਾ | ਇਸ ਗੱਲ ਦਾ ਪ੍ਰਗਟਾਵਾ ਸਥਾਨਕ ਸਰਕਾਰਾਂ ਤੇ ਸੈਰ ਸਪਾਟਾ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਆਸਟਰੇਲੀਆ ਦੇ ਹਾਈ ਕਮਿਸ਼ਨਰ ਮੈਡਮ ਹਰਿੰਦਰ ਸਿੱਧੂ ਨਾਲ ਅੱਜ ਇੱਥੇ ਵਿਸਥਾਰਤ ਬੈਠਕ ਕਰਨ ਬਾਅਦ ਕੀਤਾ | ਸ: ਸਿੱਧੂ ਨੇ ਕਿਹਾ ਕਿ ਆਸਟਰੇਲੀਆ ਖੇਡ ਤਕਨੀਕ ਤੇ ਖੇਤੀ ਉਤਪਾਦਾਂ ਦੇ ਵਿਸ਼ਵ ਪੱਧਰੀ ਮੰਡੀਕਰਨ ਲਈ ਆਪਣੀ ਪਛਾਣ ਬਣਾ ਚੁੱਕਾ ਹੈ ਅਤੇ ਆਸਟਰੇਲੀਆ ਦੇ ਸਾਥ ਨਾਲ ਪੰਜਾਬ ਵੀ ਇਨ੍ਹਾਂ ਦੋਵਾਂ ਖੇਤਰਾਂ 'ਚ ਵਿਸ਼ਵ ਪੱਧਰ 'ਤੇ ਮਾਅਰਕਾ ਮਾਰ ਸਕਦਾ ਹੈ | ਭਾਰਤ 'ਚ ਆਸਟਰੇਲੀਅਨ ਹਾਈ ਕਮਿਸ਼ਨਰ ਹਰਿੰਦਰ ਸਿੱਧੂ ਦੀ ਹਾਜ਼ਰੀ 'ਚ ਸ: ਸਿੱਧੂ ਨੇ ਦੱਸਿਆ ਕਿ ਖੇਡਾਂ ਦੇ ਖੇਤਰ 'ਚ ਸਹਿਯੋਗ ਲਈ ਸਾਬਕਾ ਹਾਕੀ ਕਪਤਾਨ ਪ੍ਰਗਟ ਸਿੰਘ ਅਤੇ ਸੁਖਬੀਰ ਸਿੰਘ ਗਰੇਵਾਲ ਆਸਟਰੇਲੀਆ ਨਾਲ ਰਾਬਤਾ ਰੱਖ ਰਹੇ ਹਨ ਤੇ ਆਸਟਰੇਲੀਆ ਪੰਜਾਬ ਇੰਸਟੀਚਿਊਟ ਆਫ਼ ਸਪੋਰਟਸ ਮੁਹਾਲੀ ਤੋਂ ਇਲਾਵਾ ਪਟਿਆਲਾ ਵਿਖੇ ਬਣਨ ਵਾਲੀ ਨਵੀਂ ਖੇਡ ਯੂਨੀਵਰਸਿਟੀ ਲਈ ਆਸਟਰੇਲੀਆ ਖੇਡ ਤਕਨੀਕ, ਕੋਚਾਂ ਨੂੰ ਸਿਖ਼ਲਾਈ ਅਤੇ ਖਿਡਾਰੀਆਂ ਨੂੰ ਖੇਡ ਹੁਨਰ ਦੇਣ ਵਿਚ ਪੰਜਾਬ ਦਾ ਸਹਿਯੋਗ ਦੇਵੇਗਾ | ਸ: ਸਿੱਧੂ ਨੇ ਕਿਹਾ ਕਿ ਜੇਕਰ ਪੰਜਾਬ ਦੇ ਕਿਸਾਨ ਨੂੰ ਵਿਸ਼ਵ ਪੱਧਰੀ ਮੰਡੀ ਮਿਲ ਜਾਵੇ ਤਾਂ ਫ਼ਸਲ ਦੇ ਘੱਟੋ-ਘੱਟ ਨਿਰਧਾਰਤ ਮੁੱਲ ਵੱਲ ਝਾਕਣ ਦੀ ਲੋੜ ਹੀ ਨਹੀਂ ਅਤੇ ਖੇਤੀ ਵਿਭਿੰਨਤਾ ਵੀ ਅਸਾਨੀ ਨਾਲ ਕਿਸਾਨ ਅਪਣਾ ਲਵੇਗਾ | ਸ: ਸਿੱਧੂ ਨੇ ਕਿਹਾ ਕਿ ਇਸ ਤੋਂ ਇਲਾਵਾ ਆਸਟਰੇਲੀਆ ਦਾ ਸੈਰ ਸਪਾਟਾ ਵਿਭਾਗ ਪੰਜਾਬ ਦੀ ਸੈਰ-ਸਪਾਟਾ ਸਨਅਤ ਨੂੰ ਵਿਸ਼ਵ ਪੱਧਰ 'ਤੇ ਪਹੁੰਚਾਉਣ ਵਿਚ ਮਦਦ ਕਰੇਗਾ | ਉਨ੍ਹਾਂ ਦੱਸਿਆ ਕਿ ਹਾਈ ਕਮਿਸ਼ਨਰ ਮੈਡਮ ਹਰਿੰਦਰ ਸਿੱਧੂ ਨਾਲ ਉਨ੍ਹਾਂ ਦੀ ਇਹ ਲਗਾਤਾਰ ਦੂਸਰੀ ਬੈਠਕ ਇਸੇ ਵਿਸ਼ੇ 'ਤੇ ਹੋਈ ਹੈ ਅਤੇ ਆਸ ਹੈ ਕਿ ਅੰਮਿ੍ਤਸਰ ਨੂੰ ਆਸਟਰੇਲੀਆ ਦੇ ਸਹਿਯੋਗ ਨਾਲ ਵਿਸ਼ਵ ਪੱਧਰ 'ਤੇ ਪ੍ਰਚਾਰਨ-ਪ੍ਰਸਾਰਨ ਵਿਚ ਸਹਾਇਤਾ ਮਿਲੇਗੀ | ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵਲੋਂ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਕੀਤੀ ਪਹਿਲ ਕਦਮੀ ਸਦਕਾ ਇਕੱਲੀ ਗੁਰੂ ਨਗਰੀ ਅੰਮਿ੍ਤਸਰ ਵਿਚ ਰੋਜ਼ਾਨਾ 25 ਹਜ਼ਾਰ ਯਾਤਰੀਆਂ ਦੀ ਗਿਣਤੀ ਵਧੀ ਹੈ | ਇਸ ਮੌਕੇ ਅਸ਼ੀਸ ਸ਼ਰਮਾ ਡਾਇਰੈਕਟਰ ਆਸਟਰੇਲੀਆ ਵਪਾਰ ਅਤੇ ਨਿਵੇਸ਼ ਕਮਿਸ਼ਨ ਤੋਂ ਇਲਾਵਾ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ, ਸਹਾਇਕ ਕਮਿਸ਼ਨਰ ਅਲਕਾ ਕਾਲੀਆ ਤੇ ਆਸਟਰੇਲੀਆ ਹਾਈ ਕਮਿਸ਼ਨ ਦੇ ਕਈ ਅਧਿਕਾਰੀ ਵੀ ਹਾਜ਼ਰ ਸਨ |
Ajit newspaper
Comments