ਮੇਰੇ ਘਰ ਤਾਂ ਪੁਲਿਸ ਭੇਜਤੀ, ਅਮਿਤ ਸ਼ਾਹ ਦੇ ਕਦੋਂ ਜਾਏਗੀ-ਕੇਜਰੀਵਾਲ ਦਾ ਸਵਾਲ
ਦੇਸ਼ ਦੀ ਰਾਜਧਾਨੀ ਦਿੱਲੀ ਦੀ ਕੁਰਸੀ ‘ਤੇ ਜਦ ਤੋਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵਿਰਾਜਮਾਨ ਹੋਏ ਨੇ ਮਾਹੌਲ ਅਸ਼ਾਂਤ ਚੱਲ ਰਿਹੈ। ਇਹ ਗੱਲ ਵੱਖਰੀ ਏ ਕਿ ਇੱਕ ਨਵੀਂ ਉਤਪੰਨ ਹੋਈ ਪਾਰਟੀ ਦੇ ਹੱਥੋਂ ਏਨੀ ਬੁਰੀ ਹਾਰ ਨੂੰ ਬੀਜੇਪੀ ਪਚਾ ਨਹੀਂ ਪਾ ਰਹੀ ਪਰ ਸਿਆਸੀ ਖਿੱਚੋਤਾਨ ਦਾ ਖਾਮਿਆਜਾ ਦਿੱਲੀ ਦੀ ਜਨਤਾ ਨੂੰ ਭੁਗਤਣਾ ਪੈ ਰਿਹੈ।
ਤਾਜਾ ਘਟਨਾਕ੍ਰਮ ਵਿੱਚ ਕੇਜਰੀਵਾਲ ਦੇ ਦੋ ਵਿਧਾਇਕਾਂ ਵੱਲੋਂ ਦਿੱਲੀ ਦੇ ਮੁੱਖ ਸਕੱਤਰ ਨੂੰ ਥੱਪੜ ਮਾਰਨ ਦਾ ਮਾਮਲਾ ਕਾਫੀ ਸੁਰਖੀਆਂ ਚ ਏ, ਸਿਰਫ਼ ਦਿੱਲੀ ਹੀ ਨਹੀਂ ਦੇਸ਼ ਵਿੱਚ ਵੀ। ਦਿੱਲੀ ਦੇ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਨੇ ਇਲਜਾਮ ਲਾਇਆ ਸੀ ਕਿ ਅਮਾਨਤੁੱਲ੍ਹਾ ਖਾਨ ਅਤੇ ਪ੍ਰਕਾਸ਼ ਜਾਰਵਾਲ ਬੀਤੀ 19 ਫਰਵਰੀ ਨੂੰ ਇੱਕ ਮੀਟਿੰਗ ਦੌਰਾਨ ਉਹਨਾਂ ਨਾਲ ਕੁੱਟਮਾਰ ਕੀਤੀ।
ਜਿਸਦੇ ਬਅਦ ਦੋਨਾਂ ਵਿਧਾਇਕਾਂ ਨੂੰ 14 ਦਿਨ ਦੀ ਜੂਡੀਸ਼ੀਅਲ ਕਸਟਡੀ ‘ਚ ਭੇਜ ਦਿੱਤਾ ਗਿਆ। ਹੁਣ ਮੁੱਖਮੰਤਰੀ ਕੇਜਰੀਵਾਲ ਦੇ ਘਰ ਪੁਲਿਸ ਨੇ ਹੱਲਾ ਬੋਲ ਦਿੱਤਾ, ਮੁਲਾਜ਼ਮਾਂ ਤੋਂ ਪੁੱਛਗਿਛ ਅਤੇ ਹੋਰ ਛਾਣਬੀਨ ਕਰਨ ਦੇ ਇਰਾਦੇ ਨਾਲ। ਇਸ ਪੂਰੇ ਮਾਮਲੇ ‘ਤੇ ਕੇਜਰੀਵਾਲ ਟਵਿੱਟਰ ਦਾ ਸਹਾਰਾ ਲੈ ਕੇ ਹਮਲੇ ਬੋਲ ਰਹੇ ਨੇ। ਕੇਜਰੀਵਾਲ ਨੇ ਕੇਂਦਰ ਦੀ ਨੀਯਤ ‘ਤੇ ਸਵਾਲ ਚੁੱਕਦੇ ਹੋਏ ਪੁੱਛਿਆ ਕਿ ਦੋ ਥੱਪੜ ਦੀ ਜਾਂਚ ਲਈ ਤਾਂ ਸੀਐੱਮ ਦੇ ਘਰ ਪੁਲਿਸ ਭੇਜ ਦਿੱਤੀ, ਪਰ ਕੀ ਜਸਟਿਸ ਲੋਇਆ ਕਤਲ ਕੇਸ ‘ਚ ਪੁੱਛਗਿਛ ਬਣਦੀ ਏ ਕਿ ਨਹੀਂ? ਅਜੇਕਿ ਕੇਸ ਜਸਟਿਸ ਲੋਇਆ ਦੀ ਮੌਤ ‘ਤੇ ਸਸਪੈਂਸ ਦਾ ਹੀ ਚੱਲ ਰਿਹੈ। ਪਰ ਕੇਜਰੀਵਾਲ ਨੇ ਆਪਣੇ ਕੇਸ ਨਾਲ ਤੁਲਨਾ ਕਰਦੇ ਹੋਏ ਪੁੱਛਿਆ ਕਿ ਥੱਪੜ ਦੇ ਕੇਸ ਤਾਂ ਪੁਲਿਸ ਛਾਣਬੀਨ ਕਰ ਰਹੀ ਏ ਪਰ ਇੱਕ ਜਸਟਿਸ ਦੀ ਮੌਤ ਦੇ ਕੇਸ ਵਿੱਚ ਅਮਿਤ ਸ਼ਾਹ ਦੇ ਘਰ ਪੁੱਛਗਿੱਛ ਕਦੋਂ ਕਰੇਗੀ?
ਇਸ ਤੋਂ ਪਹਿਲਾਂ 2015 ਵਿੱਚ ਕੇਜਰੀਵਾਲ ਨੇ ਪੀਐੱਮ ਮੋਦੀ ਦੇ ਖਿਲਾਪ ਟਵੀਟ ਕਰਕੇ ਉਹਨਾਂ ਨੂੰ ‘ਸਾਈਕੋਪੈਥ’ ਦੱਸਿਆ ਸੀ, ਜਿਸਦੇ ਲਈ ਕੇਜਰੀਵਾਲ ਨੂੰ ਉਲੰਘਣਾ ਦੇ ਮਾਮਲੇ ਚ ਕੋਰਟ ਦੇ ਚੱਕਰ ਲਾਉਣ ਪਏ ਸਨ। ਅਜੇਕਿ ਬਾਅਦ ਵਿੱਚ ਉਹਨਾਂ ਨੂੰ ਕੋਰਟ ਤੋਂ ਕਲੀਨ ਚਿੱਟ ਮਿਲ ਗਈ ਸੀ। ਆਮ ਆਦਮੀ ਪਾਰਟੀ ਦੇ ਬੁਲਾਰੇ ਅਰੁਣੋਤਯ ਦੇ ਮੁਤਾਬਕ ਇਹ ਪਹਿਲੀ ਵਾਰ ਏ ਕਿ ਅਜਿਹੇ ਕੇਸ ਵਿੱਚ 60-70 ਪੁਲਿਸ ਵਾਲੇ ਸੀਐੱਮ ਦੇ ਘਰ ਦੀ ਤਲਾਸੀ ਲੈਣ ਪਹੁੰਚ ਗਏ।
ਪੁਲਿਸ ਨੇ ਸੀਐੱਮ ਹਾਊਸ ਨੂੰ ਪੂਰੀ ਤਰਾਂ ਕਬਜੇ ਲੈ ਲਿਆ। ਉਹਨਾਂ ਕਿਹਾ ਕਿ ਦਿੱਲੀ ਵਿੱਚ ਪੁਲਿਸ ਰਾਜ ਲੋਕਰਾਜ ਦਾ ਕਤਲ ਹੈ। ਉਧਰ 25 ਸੂਬਿਆਂ ਦੀ ਆਈਏਐੱਸ ਐਸੋਸੀਏਸ਼ਨ ਅੰਸ਼ੂ ਪ੍ਰਕਾਸ਼ ਦੀ ਹਿਮਾਇਤ ਚ ਆ ਗਈ ਏ। ਇਸਦੇ ਨਾਲ ਹੀ ਦਿੱਲੀ ਵਿੱਚ ਅਧਿਕਾਰੀਆਂ ਨੇ ਰੋਜਾਨਾ ਇਸ ਘਟਨਾ ਦੇ ਵਿਰੋਧ ਵਿੱਚ 5 ਮਿਨਟ ਦਾ ਮੌਨ ਰੱਖਣ ਦੀ ਗੱਲ ਕਹੀ ਏ। ਕੁੱਝ ਵਿਸ਼ਲੇਸ਼ਕਾਂ ਦਾ ਇਹ ਵੀ ਸਵਾਲ ਏ ਕਿ ਇਹ ਹਿਮਾਇਤ ਉਦੋਂ ਕਿਉਂ ਨਹੀਂ ਸੀ ਦਿੱਤੀ ਗਈ ਜੱਦ ਕੇਜਰੀਵਾਰ ਦੇ ਸਕੱਤਰ ਰਜਿੰਦਰ ਕੁਮਾਰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਹਨਾਂ ਨੂੰ ਅਸਤੀਫਾ ਦੇਣਾ ਪਿਆ ਅਤੇ ਇਹ ਹਿਮਾਇਤ ਉਦੋਂ ਵੀ ਨਹੀਂ ਦਿੱਤੀ ਗਈ ਜੱਦ ਕੇਂਦਰ ਵਿੱਚ ਡਾਇਰੈਕਟਰ ਜਨਰਲ ਕਾਰਪੋਰੇਟ ਅਫੇਅਰਸ ਬੀ.ਕੇ. ਬੰਸਲ ਨੂੰ ਸੀਬੀਆਈ ਦੇ ਟਾਰਚਰ ਕਰਕੇ ਪਰਿਵਾਰ ਸਣੇ ਖੁਦਕੁਸ਼ੀ ਕਰਨੀ ਪਈ ਸੀ।
ਇਸ ਕੇਸ ਦੇ ਚਸ਼ਮਦੀਦ ਗਵਾਹ ਕੇਜਰੀਵਾਲ ਦੇ ਸਲਾਹਕਾਰ ਵੀਕੇ ਜੈਨ ਦੇ ਬਿਆਨ ਤੋਂ ਪਲਟਣ ਨੂੰ ਵੀ ਆਮ ਆਦਮੀ ਪਾਰਟੀ ਕੇਂਦਰੀ ਹਕੂਮਤ ਦਾ ਅਸਰ ਦੱਸ ਰਹੀ ਏ। ਜੈਨ ਨੇ ਪੁਲਿਸ ਸਾਹਮਣੇ ਤਾਂ ਬਿਆਨ ਦਿੱਤਾ ਕਿ ਉਸਨੇ ਅੰਸ਼ੂ ਪ੍ਰਕਾਸ਼ ਨੂੰ ਕੁੱਟ ਖਾਂਦੇ ਨਹੀਂ ਦੇਖਿਆ ਪਰ ਜੱਜ ਦੇ ਸਾਹਮਣੇ ਬਿਆਨ ਦਿੱਤਾ ਕਿ ਸੀਐੱਮ, ਡਿਪਟੀ ਸੀਐੱਮ ਦੋਨੋਂ ਵਿਧਾਇਕ ਅਤੇ ਮੁੱਖ ਸਕੱਤਰ ਵਿੱਚ ਗੱਲਬਾਤ ਚੱਲ ਰਹੀ ਸੀ ਜੱਦ ਮਾਹੌਲ ਗਰਮ ਹੋ ਗਿਆ ਤਾਂ ਉਹ ਟਾਇਲਟ ਚਲੇ ਗਏ ਫ੍ਰੈਸ਼ ਹੋਣ ਲਈ, ਵਾਪਸ ਆ ਕੇ ਦੇਖਿਆ ਕਿ ਅੰਸ਼ੂ ਪ੍ਰਕਾਸ਼ ਦਾ ਚਸ਼ਮਾ ਟੁੱਟਿਆ ਪਿਆ ਸੀ ਅਤੇ ਵਿਧਾਇਕ ਉਹਨਾਂ ਨੂੰ ਕੁੱਟ ਰਹੇ ਸਨ।
ਇਹ ਜਿਰਹ ਕੋਰਟ ਵਿੱਚ ਵੀ ਹੋਈ ਕਿ ਜੋ ਜੈਨ ਦੇ ਪੁਲਿਸ ਕੋਲ ਬਿਆਨ ਨੇ ਉਹ ਪੇਸ ਕਿਉਂ ਨਹੀਂ ਕੀਤੇ ਗਏ। ਬੀਜੇਪੀ ਹੁਣ ਕੇਜਰੀਵਾਲ ਦਾ ਅਸਤੀਫਾ ਮੰਗ ਰਹੀ ਏ ਜਦਕਿ ਆਮ ਆਦਮੀ ਪਾਰਟੀ ਦਾ ਕਹਿਣੈ ਕਿ ਇਹ ਸੱਭ ਹੋ ਹੀ ਕੇਂਦਰ ਦੇ ਇਸ਼ਾਰੇ ‘ਤੇ ਰਿਹੈ। ਅਸਲ ਵਿੱਚ ਦਿੱਲੀ ‘ਚ ਹਊਮੈ ਦੀ ਲੜਾਈ ਚੱਲ ਰਹੀ ਏ। ਬੀਜੇਪੀ ਨਾ ਤਾਂ ਇੱਕ ਨਵੀਂ ਪਾਰਟੀ ਤੋਂ ਏਨੀ ਬੁਰੀ ਹਾਰ ਪਚਾ ਪਾ ਰਹੀ ਏ ਅਤੇ ਨਾ ਹੀ ਆਮ ਆਦਮੀ ਪਾਰਟੀ ਹੀ ਇਹ ਦੱਸ ਪਾ ਰਹੀ ਏ ਕਿ ਏਡੀ ਕਿਹੜੀ ਐਮਰਜੰਸੀ ਆ ਗਈ ਸੀ ਕਿ ਮੁੱਖ ਸਕੱਤਰ ਨੂੰ ਰਾਤ 11 ਵਜੇ ਸੱਦਣਾ ਪਿਆ।
ਮੀਡੀਆ ਦੇ ਪੁੱਛਣ ਤੇ ਇਹ ਦੱਸਿਆ ਗਿਆ ਕਿ ਢਾਈ ਲੱਖ ਅਜਿਹੇ ਪਰਿਵਾਰ ਸਨ ਜਿਨ੍ਹਾਂ ਨੂੰ ਆਧਾਰ ਕਾਰਡ ਚ ਕੋਈ ਨਾ ਕੋਈ ਗੜਬੜੀ ਹੋਣ ਕਾਰਣ ਰਾਸ਼ਨ ਨਹੀਂ ਮਿਲਿਆ, ਹੁਣ ਇਸ ਵਿੱਚ ਅੱਧੀ ਰਾਤ ਨੂੰ ਮੀਟਿੰਗ ਬੁਲਾਉਣ ਵਾਲੀ ਕਿਹੜੀ ਗੱਲ ਸੀ ਪਾਰਟੀ ਨਹੀਂ ਦੱਸ ਪਾ ਰਹੀ। ਡੀਡੀਸੀਏ ‘ਚ ਹੋਈ ਕਥਿਤ ਧਾਂਦਲੀ ਨੂੰ ਲੈ ਕੇ ਕੇਜਰੀਵਾਲ ਅਤੇ ਕੇਂਦਰੀ ਖਜਾਨਾ ਮੰਤਰੀ ਅਰੁਣ ਜੇਟਲੀ ਦਾ ਕਨੂੰਨੀ ਝਗੜਾ ਵਿੱਚ ਚੱਲ ਰਿਹੈ। ਲੈ. ਗਵਰਨਰ ਕੋਲ ਮੁੱਖ ਮੰਤਰੀ ਦਫ਼ਤਰ ਦਾਂ ਫਾਈਲਾਂ ਲਟਕੇ ਦਾ ਮੁੱਦਾ ਅਕਸਰ ਗਰਮ ਰਹਿੰਦੈ। ਉਧਰ ਸਰਕਾਰ ਆਪਣਾ ਦਮਖਮ ਵਿਖਾ ਰਹੀ ਏ ਅਤੇ ਅਫਸਰ ਆਪਣਾ।
ਜੈਦੇਵ ਸਾਰੰਗੀ ਡੀਆਈਪੀ ਸਕੱਤਰ ਕੇਜਰੀਵਾਲ ਸਰਕਾਰ ਦੀਆਂ ਤਿੰਨ ਸਾਲ ਦੀਆਂ ਉਪਲੱਬਧੀਆਂ ਦੇ ਵਿਗਿਆਪਨ ‘ਚ ਇਹ ਲਿਖਣ ਨੂੰ ਤਿਆਰ ਨਹੀਂ ਕਿ ਪਿਛਲੇ 3 ਸਾਲਾਂ ਚ ਦਿੱਲੀ ‘ਚ ਭ੍ਰਿਸ਼ਟਾਚਾਰ ਘੱਟ ਹੋਇਆ ਏ, ਜਵਾਬ ਸੀ ਕਿ ਇਸਦਾ ਕੋਈ ਅਧਾਰ ਕੋਈ ਪ੍ਰਮਾਣ ਨਹੀਂ ਇਸਦੇ ਬਾਦ ਦਿੱਲੀ ਟੂਰਿਜ਼ਮ ਐਂਡ ਟਰਾਂਸਪੋਰਟੇਸ਼ਨ ਡਿਵੈੱਲਪਮੈਂਟ ਕਾਰੋਪਰੇਸ਼ਨ ਦੇ ਸਕੱਤਰ ਸ਼ੂਰਵੀਰ ਸਿੰਘ ਨੂੰ ਕਿਹਾ ਗਿਆ ਤਾਂ ਉਹਨਾਂ ਕਿਹਾ ਕਿ ਡੀਆਈਪੀ ਤੋਂ ਬਣਵਾ ਲੋ ਅਤੇ 3 ਦਿਨ ਦੀ ਛੁੱਟੀ ਤੇ ਚਲੇ ਗਏ। ਐੱਲਜੀ ਸੀਐੱਮਓ ਦੀ ਚੱਲਣ ਦੇ ਰਹੇ, ਸੀਐੱਮਓ ਅਫ਼ਸਰਾਂ ਨੂੰ ਨਕੇਲ ਪਾ ਕੇ ਰੱਖਣਾ ਚਾਹੁੰਦੇ ਨੇ, ਨਗਰ ਨਿਗਮਾਂ ਦੇ ਮੇਅਰ ਆਪਣੀ ਚਲਾ ਰਹੇ ਨੇ, ਅਤੇ ਇਸਦੇ ਸੱਭ ਦੇ ਪਿੱਛੇ ਆਮ ਆਦਮੀ ਪਾਰਟੀ ਕੇਂਦਰ ਦੀ ਬੀਜੇਪੀ ਸਰਕਾਰ ਦੀ ਸ਼ਹਿ ਦੱਸ ਰਹੀਏ ,ਯਾਨੀ ਕੁੱਲ ਮਿਲਾ ਕੇ ਹਊਮੈ ਦੀ ਲੜਾਈ ਚੱਲ ਰਹੀ ਏ ਅਤੇ ਦਿੱਲੀ ਦੀ ਜਨਤਾ ਪਿਸ ਰਹੀ ਏ।
n ਪ੍ਰਵੀਨ ਵਿਕਰਾਂਤ
Comments