ਆਸਟ੍ਰੇਲੀਅਨ ਹਾਈ ਕਮਿਸ਼ਨਰ ਵਲੋਂ 'ਪਾਰਟੀਸ਼ਨ ਮਿਊਜ਼ੀਅਮ' ਦਾ ਦੌਰਾ
ਅੰਮਿ੍ਤਸਰ, 18 ਫਰਵਰੀ (ਹਰਮਿੰਦਰ ਸਿੰਘ)- ਆਸਟ੍ਰੇਲੀਅਨ ਹਾਈ ਕਮਿਸ਼ਨਰ ਹਰਿੰਦਰ ਸਿੱਧੂ ਨੇ ਅੰਮਿ੍ਤਸਰ ਦੌਰੇ ਦੌਰਾਨ ਪਾਰਟੀਸ਼ਨ ਮਿਊਜ਼ੀਅਮ (ਹਿੰਦ-ਪਾਕਿ ਵੰਡ ਅਜਾਇਬ ਘਰ) ਦਾ ਦੌਰਾ ਕੀਤਾ | ਇਸ ਦੌਰਾਨ ਉਹ ਇਸ ਵੰਡ ਦੀਆਂ ਚਸ਼ਮਦੀਦ ਗਵਾਹ 3 ਬਜੁਰਗ ਔਰਤਾਂ ਮਹਿੰਦਰ ਕੌਰ, ਜਗੀਰ ਕੌਰ ਅਤੇ ਗੁਰਬਚਨ ਕੌਰ ਨੂੰ ਵੀ ਮਿਲੇ ਅਤੇ ਉਨ੍ਹਾਂ ਕੋਲੋਂ ਵੰਡ ਸਮੇਂ ਵਾਪਰੀਆਂ ਘਟਨਾਵਾਂ ਦੀ ਜਾਣਕਾਰੀ ਹਾਸਲ ਕੀਤੀ | ਮੈਡਮ ਸਿੱਧੂ ਹਿੰਦ-ਪਾਕਿ ਵੰਡ ਦੌਰਾਨ ਪ੍ਰਭਾਵਿਤ ਹੋਏ ਪਰਿਵਾਰ ਨਾਲ ਸਬੰਧ ਰੱਖਦੀ ਹੈ ਅਤੇ ਉਨ੍ਹਾਂ ਦੇ ਪਿਤਾ ਅਜੈਬ ਸਿੰਘ ਸਿੱਧੂ ਵਲੋਂ ਇਸ ਅਜਾਇਬ ਘਰ 'ਚ ਲੱਗੀਆਂ ਸਕੀਰਨਾਂ 'ਤੇ ਆਪ ਬੀਤੀ ਬਿਆਨ ਕੀਤੀ ਗਈ ਹੈ | ਮੈਡਮ ਸਿੱਧੂ ਨੇ ਇਸ ਅਜਾਇਬ ਘਰ ਨੂੰ ਬਣਾਏ ਜਾਣ ਸਬੰਧੀ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਇਕ ਬਿਹਤਰ ਪਹਿਲਕਦਮੀ ਹੈ | ਉਨ੍ਹਾਂ ਦੱਸਿਆ ਕਿ ਉਹ ਇਸ ਅਜਾਇਬ ਘਰ ਨੂੰ ਦੇਖ ਕੇ ਬਹੁਤ ਪ੍ਰਭਾਵਿਤ ਹੋਈ ਅਤੇ ਇਸ ਅਜਾਇਬ ਘਰ ਨਾਲ ਉਸ ਦੀਆਂ ਪਰਿਵਾਰਕ ਯਾਦਾਂ ਜੁੜੀਆਂ ਹਨ | ਇਸ ਦੌਰਾਨ ਆਸਟ੍ਰੇਲੀਅਨ ਹਾਈ ਕਮਿਸ਼ਨਰ ਨੇ ਅਜਾਇਬ ਘਰ ਅੰਦਰ ਬਣੇ 'ਟ੍ਰੀ ਆਫ਼ ਹੋਪ' 'ਤੇ ਆਪਣੇ ਸੁਨੇਹਾ ਲਿਖ਼ਦਿਆ ਕਿਹਾ ਕਿ ਵੰਡ ਇਕ ਭਿਆਨਕ ਤ੍ਰਾਸਦੀ ਸੀ | ਲੋਕਾਂ ਅਤੇ ਰਾਸ਼ਟਰ ਦੀ ਪ੍ਰੀਖਿਆ ਇਹ ਹੈ ਕਿ ਅਸੀਂ ਭਵਿੱਖ ਨੂੰ ਇਕ-ਦੂਸਰੇ ਨਾਲ ਕਿਵੇਂ ਦਾ ਬਿਹਤਰ ਬਣਾਉਂਦੇ ਹਾਂ | ਸਾਰਿਆਂ ਦੀ ਬਿਹਤਰੀ ਲਈ ਭਾਰਤ ਅਤੇ ਪਾਕਿਸਤਾਨ 'ਚ ਸ਼ਾਂਤੀ ਅਤੇ ਸਮਝਦਾਰੀ ਤੇ ਮਿੱਤਰਤਾ ਹੀ ਮੇਰੀ ਇੱਛਾ ਹੈ | ਇਸ ਮੌਕੇ ਡਾ. ਸੰਤੋਖ ਸਿੰਘ, ਨਾਇਬ ਤਹਿਸੀਲਦਾਰ ਲਖਵਿੰਦਰਪਾਲ ਸਿੰਘ ਗਿੱਲ, ਮੈਡਮ ਗਨੀਵ ਕੌਰ ਢਿੱਲੋਂ ਆਦਿ ਵੀ ਹਾਜ਼ਰ ਸਨ |Ajit newspaper
Comments