ਪੰਜਾਬੀ ਮੁੰਡੇ ਦੀ ਖੇਤ ਵਿੱਚ ਕੰਮ ਕਰਨ ਦੌਰਾਨ ਮੌਤ
ਨਿਊਜ਼ੀਲੈਂਡ ਵਿੱਚ ਇੱਕ ਭਾਰਤੀ ਕਾਮੇ ਦੇ ਮਾਰੇ ਜਾਣ ਦੀ ਖ਼ਬਰ ਹੈ। ਆਲੂਆਂ ਦੇ ਖੇਤ ਵਿੱਚ ਮਸ਼ੀਨਰੀ ਵਰਤਦੇ ਵੇਲ਼ੇ ਹੋਈ ਦੁਰਘਟਨਾ ਨੂੰ ਮੌਤ ਦਾ ਕਾਰਣ ਮੰਨਿਆ ਜਾ ਰਿਹਾ ਹੈ।
ਦੱਖਣੀ ਔਕਲੈਂਡ ਦੇ ਪੂਨੀ ਇਲਾਕੇ ਵਿੱਚ ਇੱਕ ਅੰਤਰਰਾਸ਼ਟਰੀ ਪੰਜਾਬੀ ਵਿਦਿਆਰਥੀ ਦੀ ਖੇਤ ਵਿੱਚ ਕੰਮ ਕਰਨ ਦੌਰਾਨ ਮੌਤ ਗਈ ਹੈ।
ਇੰਡੀਅਨ ਵੀਕੈਂਡੇਰ ਮੁਤਾਬਿਕ ਇਸ ਭਾਰਤੀ ਨੌਜਵਾਨ ਦਾ ਸਬੰਧ ਪੰਜਾਬ ਦੇ ਤਲਵੰਡੀ ਸਾਬੋ ਇਲਾਕੇ ਦੇ ਇੱਕ ਗਰੀਬ ਪਰਿਵਾਰ ਨਾਲ ਹੈ।
ਮਿਲੀ ਜਾਣਕਾਰੀ ਮੁਤਾਬਿਕ ਉਸਨੂੰ ਪਰਿਵਾਰ ਨੇ ਬਹੁਤ ਸੱਧਰਾਂ ਤੇ ਉਮੀਦਾਂ ਨਾਲ ਥੋੜਾ ਸਮਾਂ ਪਹਿਲਾਂ ਹੀ ਨਿਊਜ਼ੀਲੈਂਡ ਭੇਜਿਆ ਸੀ।
ਸੈੱਟਲਮੈਂਟ ਰੋਡ ਦੇ ਇੱਕ ਨਿਵਾਸੀ ਨੇ ਹੈਰਲਡ ਨੂੰ ਦੱਸਿਆ ਕਿ ਆਪਾਤਕਾਲੀਨ ਸੇਵਾਵਾਂ ਵੱਲੋਂ ਐਮਬੂਲੈਂਸ ਤੇ ਅੱਗ ਬੁਝਾਊ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਸੀ। ਦੁਰਘਟਨਾ ਆਲੂ ਪੁੱਟਣ ਵਾਲ਼ੀ ਮਸ਼ੀਨ ਨਾਲ ਕੰਮ ਕਰਦੇ ਵੇਲ਼ੇ ਵਾਪਰੀ।
ਮ੍ਰਿਤਕ ਦੇ ਪਰਿਵਾਰ ਤੇ ਨਜ਼ਦੀਕੀ ਸਾਥੀਆਂ ਨੂੰ ਉਸ ਦੀ ਮੌਤ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ ਹਾਲਾਂਕਿ ਪੁਲਿਸ ਵੱਲੋਂ ਅਜੇ ਉਸਦੀ ਸ਼ਨਾਖ਼ਤ ਨੂੰ ਗੁਪਤ ਰੱਖਿਆ ਜਾ ਰਿਹਾ ਹੈ।
ਭਾਰਤੀ ਸਫਾਰਤਖਾਨੇ ਵੱਲੋਂ ਭਵ ਢਿੱਲੋਂ ਨੇ ਮੌਤ ਦੀ ਪੁਸ਼ਟੀ ਕੀਤੀ ਹੈ ਤੇ ਦੱਸਿਆ ਹੈ ਕਿ ਇੱਹ ਨੌਜਵਾਨ ਹਾਲ ਹੀ ਵਿੱਚ ਸੁਨਹਿਰੇ ਭਵਿੱਖ ਦੀ ਆਸ ਲੈਕੇ ਨਿਊਜ਼ੀਲੈਂਡ ਆਇਆ ਸੀ।
ਵਰਕਸੇਫ਼ ਨੂੰ ਘਟਨਾ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ। ਘਟਨੇ ਸਬੰਧੀ ਹੋਰ ਵੇਰਵੇ ਦੀ ਉਡੀਕ ਹੈ।By
Preetinder Grewal
Comments