ਆਸਟ੍ਰੇਲੀਆ ਦੇ ਪਰਥ ਦੇ ਪਰੇਮ ਸੰਧੂ ਦੇ ਕੈਂਸਰ ਇਲਾਜ ਲਈ ਭਾਈਚਾਰੇ ਵਲੋਂ ਹਮੇਸ਼ਾਂ ਦੀ ਤਰਾਂ ਭਰਪੂਰ ਮਦਦ
ਆਕਲੈਂਡ (22 ਫਰਬਰੀ ) ਪਰੇਮਜੋਤ ਸਿੰਘ ਸੰਧੂ ਜਿਸ ਨੂੰ ਪਿਆਰ ਨਾਲ ਉਸ ਦੇ ਮਿੱਤਰ ਪਿਆਰੇ ਜੋਤ ਸੰਧੂ ਵੀ ਆਖਦੇ ਹਨ, ਬਹੁਤ ਆਲਾ ਦਰਜੇ ਦਾ ਖਿਡਾਰੀ, ਅਥਲੀਟ ਤੇ ਸਭਿਆਚਾਰ ਨੂੰ ਪਿਆਰ ਕਰਨ ਵਾਲਾ, ਉਹ ਉੱਚਾ ਲੰਮਾ ਗੱਭਰੂ ਨੋਜਵਾਨ ਹੈ, ਜਿਸ ਨੂੰ ਹਾਲ ਵਿੱਚ ਹੀ ਕੈਂਸਰ ਦੀ ਨਾ-ਮੁਰਾਦ ਬਿਮਾਰੀ ਨੇ ਆ ਘੇਰਿਆ ਹੈ।
ਪੰਜਾਬ ਦੇ ਜਿਲਾ ਫਿਰੋਜ਼ਪੁਰ ਨਾਲ ਸਬੰਧਤ ਇਹ ਨੋਜਵਾਨ ਪੜਾਈ ਕਰਨ ਲਈ ਆਸਟ੍ਰੇਲੀਆ ਆਇਆ ਹੋਇਆ ਸੀ। ਕੋਈ 25 ਕੂ ਦਿੰਨ ਪਹਿਲਾਂ ਤੱਕ ਆਪਣੀ ਜਿੰਦਗੀ ਨੂੰ ਦੂਜਿਆਂ ਨਾਲ, ਰੱਜ ਕੇ ਮਾਨਣ ਵਾਲਾ ਇਹ ਨੌਜਵਾਨ ਇਸ ਸਮੇਂ ਪਰਥ ਦੇ ‘ਫਿਓਨਾ ਸਟੈਨਲੇ’ ਹਸਪਤਾਲ ਵਿੱਚ ਬਲੱਡ ਕੈਂਸਰ ਕਾਰਨ, ਇਕ ਵਾਰ ਫੇਰ ਤੋਂ ਆਪਣੀ ਜਿੰਦਗੀ ਨੂੰ ਮੁੜ ਲੀਹੇ ਪਾਉਣ ਲਈ, ਦਵਾਈਆਂ ਤੇ ਇਲਾਜ ਦੀ ਮਦਦ ਨਾਲ, ਜੂਝ ਰਿਹਾ ਹੈ।
ਜੇਕਰ ਪਰੇਮ ਸੰਧੂ ਦਾ ਫੇਸਬੁੱਕ ਪਰੋਫਾਈਲ ਦੇਖਿਆ ਜਾਵੇ ਤਾਂ ਉਹ ਹਮੇਸ਼ਾਂ ਤੰਦਰੁਸਤ ਰਹਿਣ ਵਾਲਾ, ਹੰਸੂ ਹੰਸੂ ਕਰਦਾ, ਇੱਕ ਕਾਬਲ ਕਰਿਕਟਰ ਵਜੋਂ ਜਾਣਿਆ ਜਾ ਸਕਦਾ ਹੈ। ਪਰਥ ਪ੍ਰੀਮੀਅਰ ਲੀਗ ਵਿੱਚ ਉਸ ਦਾ ਨਾਮ ਉੱਚ ਸ਼੍ਰੇਣੀ ਵਿੱਚ ਦੇਖਿਆ ਜਾ ਸਕਦਾ ਹੈ। ਤੇ ਨਾਲ ਹੀ ਕੁੱਲ ਮਿਲਾ ਕੇ ਉਸ ਦਾ ਨਾਮ, ਪਹਿਲਿਆਂ ਦੱਸ ਕਰਿਕਟਰਾਂ ਵਿੱਚੋਂ, ਯੋਗਤਾ ਅਨੁਸਾਰ ਚੌਥੇ ਨੰਬਰ ਤੇ ਹੈ। ਜਿਆਦਾਤਰ ਇਸ ਦੀਆਂ ਫੋਟੋਆਂ ਜਾਂ ਤਾਂ ਕਰਿਕਟ ਮੈਦਾਨ ਤੋਂ ਹੀ ਹਨ, ਜਾਂ ਫੇਰ ਮਿੱਤਰਾਂ ਪਿਆਰਿਆਂ ਨਾਲ ਜਿੰਦਗੀ ਦਾ ਭਰਪੂਰ ਲੁਤਫ ਲੈਂਦਿਆਂ ਦੀਆਂ ਹਨ।ਬੇਸ਼ਕ ਪਰੇਮ ਕੋਲ ਸਟੂਡੈਂਟ ਵੀਜ਼ੇ ਵਾਲੀ ਪਰਾਈਵੇਟ ਮੈਡੀਕਲ ਇੰਸ਼ੋਰੈਂਸ ਹੈ, ਪਰ ਕੈਂਸਰ ਦੇ ਇਲਾਜ ਦਾ ਸਾਰਾ ਭਾਰੀ ਭਰਕਮ ਖਰਚਾ ਇਸ ਇੰਸ਼ੋਰੈਂਸ ਦੁਆਰਾ ਤਾਂ ਨਹੀਂ ਹੋ ਸਕਦਾ। ਇਸ ਦੇ ਮਿੱਤਰ ਪਿਆਰਿਆਂ ਨੇ ਇਸ ਗੈਪ ਨੂੰ ਪੂਰਨ ਲਈ ਸਮੁੱਚੇ ਭਾਈਚਾਰੇ ਅੱਗੇ ਗੁਹਾਰ ਕੀਤੀ ਹੋਈ ਹੈ ਤੇ ਮਾਣ ਵਾਲੀ ਗੱਲ ਹੈ ਕਿ ਇਸ ਨੂੰ ਭਰਪੂਰ ਹੁੰਗਾਰਾ ਵੀ ਮਿਲ ਰਿਹਾ ਹੈ। ਮਿੱਥੇ ਗਏ 150,000 ਡਾਲਰਾਂ ਵਾਲੇ ਟੀਚੇ ਨੂੰ 24 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਹੀ ਭਾਈਚਾਰੇ ਨੇ ਤਕਰੀਬਨ ਪੂਰ ਹੀ ਦਿੱਤਾ ਹੈ ਅਤੇ ਹੁਣ ਤੱਕ ਤਕਰੀਬਨ 100,000 ਡਾਲਰ ਪਰਮ ਦੇ ਇਲਾਜ ਲਈ ਇਕੱਠੇ ਕੀਤੇ ਜਾ ਚੁੱਕੇ ਹਨ।
ਜਿੱਥੇ ਪਰੇਮ ਦੇ ਇਲਾਜ ਲਈ ਦਵਾ ਦੀ ਕੋਈ ਕਸਰ ਨਹੀਂ ਛੱਡੀ ਜਾ ਰਹੀ, ਉੱਥੇ ਨਾਲ ਹੀ ਦੂਆਵਾਂ ਦਾ ਵੀ ਹੜ੍ਹ ਆਇਆ ਹੋਇਆ ਹੈ। ਉਮੀਦ ਹੈ ਕਿ ਭਾਈਚਾਰੇ ਦੀ ਭਰਪੂਰ ਮਦਦ ਅਤੇ ਪਰਮਾਤਮਾ ਦੀ ਮਿਹਰ ਸਦਕਾ ਪਰਮ ਸੰਧੂ ਜਲਦ ਹੀ ਪੂਰੀ ਤਰਾਂ ਨਾਲ ਤੰਦਰੁਸਤ ਹੋ ਕਿ ਮੁੜ ਖੇਡ ਦੇ ਮੈਦਾਨ ਵਿੱਚ ਆਪਣੇ ਜੋਹਰ ਦਿਖਾਉਣ ਲਈ ਉਤਰੇਗਾ। ਐਸ ਬੀ ਐਸ ਪੰਜਾਬੀ ਨੇ ਪਰਮ ਦਾ ਹਾਲਚਾਲ ਜਾਨਣ ਲਈ ਲਗਾਤਾਰ ਸੰਪਰਕ ਬਣਾਇਆ ਹੋਇਆ ਹੈ ਅਤੇ ਇਸ ਬਾਬਤ ਸਰੋਤਿਆਂ ਨੂੰ ਸਮੇਂ ਸਮੇਂ ਤੇ ਜਾਣੂ ਕਰਵਾਉਣ ਦਾ ਯਤਨ ਕਰਦੇ ਰਹਾਂਗੇ।
ਧੰਨਵਾਦ ਸਹਿਤ ----- Sbs Punjabi Au
Comments