ਮੈਂ ਕੋਈ ਖਾਲਿਸਤਾਨੀ ਨਹੀਂ- ਜਸਪਾਲ ਸਿੰਘ ਅਟਵਾਲ...
ਅਾਕਲੈਂਡ (24 ਫਰਵਰੀ) : ਸਰੀ ਨਿਵਾਸੀ ਜਸਪਾਲ ਸਿੰਘ ਅਟਵਾਲ, ਜਿਸਦੇ ਕਾਰਨ ਟਰੂਡੋ ਦੀ ਫੇਰੀ ਵਿਵਾਦਾਂ 'ਚ ਘਿਰ ਗਈ, ਨੇ ਸਪੱਸ਼ਟ ਕੀਤਾ ਹੈ ਕਿ ਉਹ ਕੋਈ ਖਾਲਿਸਤਾਨੀ ਨਹੀਂ। ਅਟਵਾਲ ਨੇ ਸਪੱਸ਼ਟ ਕੀਤਾ ਕਿ ਇਹ ਸੱਚ ਹੈ ਕਿ 32 ਸਾਲ ਪਹਿਲਾਂ ਕੈਨੇਡਾ ਵਿਚ 1986 ਵਿੱਚ ਇਕ ਗੋਲੀਬਾਰੀ ਦੀ ਘਟਨਾ ਵਿੱਚ ਉਸ ਨੂੰ ਸ਼ਜਾ ਹੋਈ ਸੀ। 1984 ਦੇ ਫੌਜੀ ਹਮਲੇ ਕਾਰਨ ਉਦੋਂ ਸਿੱਖਾਂ 'ਚ ਬਹੁਤ ਗੁੱਸਾ ਸੀ। ਉਸਨੇ ਜੋ ਗਲਤੀ ਕੀਤੀ, ਉਸਦੀ ਸਜ਼ਾ ਭੁਗਤਣ ਉਪਰੰਤ ਉਹ ਇਕ ਚੰਗਾ ਸ਼ਹਿਰੀ ਬਣ ਚੁੱਕਾ ਹੈ ਤੇ ਉਸਦਾ ਖਾਲਿਸਤਾਨੀ ਲਹਿਰ ਨਾਲ ਕੋਈ ਸਬੰਧ ਨਹੀਂ।
ਉਸਨੇ ਸਪੱਸ਼ਟ ਕੀਤਾ ਕਿ ਉਹ ਪ੍ਰਧਾਨ ਮੰਤਰੀ ਵਫਦ ਵਿਚ ਸ਼ਾਮਿਲ ਨਹੀਂ ਹੈ। ਉਹ ਆਪਣੇ ਕਿਸੇ ਕੰਮ ਲਈ ਇਸ 11 ਫਰਵਰੀ ਨੂੰ ਭਾਰਤ ਆਇਆ ਸੀ। ਉਸ ਦਾ ਨਾਮ ਕਿਸੇ ਵੀ ਭਾਰਤੀ ਕਾਲੀ ਸੂਚੀ ਵਿਚ ਸ਼ਾਮਿਲ ਨਹੀਂ ਹੈ।
ਇਸ ਇਲਾਕੇ 'ਚ ਪੁਰਾਣੇ ਵਸਦੇ ਲੋਕ ਜਾਣਦੇ ਹਨ ਕਿ ਜਸਪਾਲ ਅਟਵਾਲ ਦੀ ਪਿਛਲੇ 20 ਸਾਲਾਂ 'ਚ ਕੋਈ ਵੀ ਖਾਲਿਸਤਾਨੀ ਪੱਖੀ ਸਰਗਰਮੀ ਨਹੀਂ ਰਹੀ। ਉਹ ਨਾ ਕਿਸੇ ਖਾਲਿਸਤਾਨ ਸਮਰਥਕ ਜਥੇਬੰਦੀ ਦਾ ਮੈਂਬਰ ਰਿਹਾ ਅਤੇ ਨਾ ਹੀ ਕਿਸੇ ਅਜਿਹੇ ਗੁਰਦੁਆਰੇ ਦਾ ਪ੍ਰਬੰਧਕ, ਜੋ ਖਾਲਿਸਤਾਨ ਦਾ ਸਮਰਥਨ ਕਰਦਾ ਹੋਵੇ। ਇਸਦੇ ਉਲਟ ਉਸਦੀ ਭਾਰਤ ਪੱਖੀ ਸਥਾਨਕ ਆਗੂਆਂ ਅਤੇ ਭਾਰਤੀ ਕੌਂਸਲਖਾਨੇ ਦੇ ਅਧਿਕਾਰੀਆਂ ਨਾਲ ਚੰਗੀ ਜਾਣ-ਪਛਾਣ ਹੈ। 2006 ਵਿੱਚ ਵੀ ਉਸਨੂੰ ਵੀਜ਼ਾ ਦਿਵਾਉਣ ਲਈ ਭਾਰਤ ਪੱਖੀ ਆਗੂ ਉੱਜਲ ਦੁਸਾਂਝ ਨੇ ਕੋਸ਼ਿਸ਼ ਕੀਤੀ ਸੀ ਅਤੇ ਇਤੋਂ ਇਲਾਵਾ ਭਾਰਤੀ ਐਮ. ਪੀ. ਸੁਖਦੇਵ ਸਿੰਘ ਢੀਂਡਸਾ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਨੇ ਵੀ ਉਸਨੂੰ ਵੀਜ਼ਾ ਦਿਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਸਨ। ਉਸਦਾ ਨਾਮ ਹੁਣੇ ਹੀ ਕਾਲੀ ਸੂਚੀ 'ਚੋਂ ਨਹੀਂ ਨਿਕਲਿਆ, ਬਲਕਿ ਕੁਝ ਸਮੇਂ ਦਾ ਨਿਕਲਿਆ ਹੋਇਆ ਹੈ ਅਤੇ ਉਹ ਇਸਤੋਂ ਪਹਿਲਾਂ ਵੀ ਭਾਰਤ ਜਾ ਚੁੱਕਾ ਹੈ।
ਜਸਪਾਲ ਅਟਵਾਲ ਦੇ ਮਸਲੇ ਨੂੰ ਮਸਾਲਾ ਲਾ ਕੇ ਕੈਨੇਡਾ ਅਤੇ ਭਾਰਤ ਦੇ ਮੀਡੀਏ ਵਿੱਚ ਬੈਠੇ ਸਿੱਖ ਵਿਰੋਧੀ ਸੋਚ ਵਾਲੇ ਪੱਤਰਕਾਰਾਂ ਨੇ ਉਛਾਲਿਆ ਤਾਂ ਕਿ ਇਸ ਤਰਾਂ ਟਰੂਡੋ ਨੂੰ ਖਾਲਸਿਤਾਨੀ ਸਮਰਥਕ ਸਿੱਧ ਕੀਤਾ ਜਾ ਸਕੇ ਪਰ ਇੱਕ ਦਿਨ ਵਿੱਚ ਹੀ ਇਹ ਅਸਲੀਅਤ ਤੱਥਾਂ ਸਹਿਤ ਬਾਹਰ ਆ ਗਈ ਕਿ ਜਸਪਾਲ ਅਟਵਾਲ ਖਾਲਿਸਤਾਨੀ ਨਹੀਂ ਹੈ।
Comments