ਐਲੇਕ੍ਸ ਭੱਠਲ ਵਿਰੁੱਧ ਸ਼ਿਕਾਇਤ ਤੇ ਗਰੀਨਸ ਪਾਰਟੀ ਖਾਮੋਸ਼
ਗਰੀਨਸ ਪਾਰਟੀ ਦੇ ਨੇਤਾ ਰਿਚਰਡ ਡੀ-ਨਟਾਲੀ ਅਤੇ ਬੈਟਮੈਨ ਬਾਈ-ਇਲੈਕਸ਼ਨ ਲਈ ਪਾਰਟੀ ਦੀ ਉਮੀਦਵਾਰ ਐਲੇਕ੍ਸ ਭੱਠਲ ਨੇ ਆਪਣੀ ਬੰਦ ਕਮਰੇ ਵਿੱਚ ਹੋਈ ਬੈਠਕ, ਜਿਸ ਵਿੱਚ ਮਿਸ ਭੱਠਲ ਵਿਰੁੱਧ ਹੋਈ ਸ਼ਿਕਾਇਤ ਬਾਰੇ ਗੱਲਬਾਤ ਕੀਤੀ ਗਈ ਸੀ, ਸੰਬਧ ਵਿੱਚ ਕੁੱਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ।
Punjabi
ਮੈਲਬਰਨ ਵਿੱਚਲੀ ਬੈਟਮੈਨ ਸੀਟ ਲਈ ਗਰੀਨਸ ਪਾਰਟੀ ਦੀ ਉਮੀਦਵਾਰ ਐਲੇਕ੍ਸ ਭੱਠਲ ਛੇਵੀਂ ਵਾਰ ਮੈਦਾਨ ਵਿੱਚ ਉੱਤਰੀ ਹੈ ਅਤੇ ਆਖਦੀ ਹੈ ਕਿ ਉੱਥੋਂ ਦੇ ਨਾਗਰਿਕ ਹੁਣ ਤੱਕ, ਉਹਨਾਂ ਨੂੰ ਚੰਗੀ ਤਰਾਂ ਨਾਲ ਜਾਣ ਗਏ ਹਨ।
ਪਰ ਜਿੱਦਾਂ ਹੀ ਇਸ ਚੋਣ ਵਾਲੀ ਮਿਤੀ 17 ਮਾਰਚ ਨਜ਼ਦੀਕ ਆਉਂਦੀ ਜਾ ਰਹੀ ਹੈ, ਚੋਣ ਕਰਨ ਵਾਲਿਆਂ ਨੂੰ ਮਿਸ ਭੱਠਲ ਵਿਰੁੱਧ ਉਹਨਾਂ ਦੀ ਆਪਣੀ ਹੀ ਪਾਰਟੀ ਦੇ ਅੰਦਰੋਂ ਕੀਤੀਆਂ ਗਈਆਂ ਸ਼ਿਕਾਇਤਾਂ ਬਾਬਤ ਹਨੇਰੇ ਵਿੱਚ ਰੱਖਿਆ ਜਾ ਰਿਹਾ ਹੈ। ਅਤੇ ਇਹਨਾਂ ਸ਼ਿਕਾਇਤਾਂ ਨੂੰ ਪਾਰਟੀ ਬੰਦ ਕਮਰਿਆਂ ਵਿੱਚ ਬੈਠਕਾਂ ਕਰ ਕੇ ਕਿਸ ਤਰਾਂ ਨਾਲ ਸੁਲਝਾਉਣ ਦਾ ਯਤਨ ਕਰ ਰਹੀ ਹੈ, ਬਾਬਤ ਵੀ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ।
ਮੰਗਲਵਾਰ ਨੂੰ ਥੋਰਨਬਰੀ ਵਿੱਚ ਕੀਤੀ ਇੱਕ ਪਰੈਸ ਮਿਲਣੀ ਦੌਰਾਨ ਮਿਸ ਭੱਠਲ ਕੋਲੋਂ ਉਹਨਾਂ ਤੇ ਲੱਗੇ ਦੋਸ਼ਾਂ ਬਾਬਤ ਜਦੋਂ ਪੁੱਛਿਆ ਗਿਆ ਤਾਂ, ਫੈਡਰਲ ਪਾਰਟੀ ਲੀਡਰ, ਰਿਚਰਡ ਡੀ-ਨਟਾਲੀ ਉਹਨਾਂ ਦੇ ਬਚਾਅ ਲਈ ਸਾਹਮਣੇ ਆ ਗਏ ।
ਉਹਨਾਂ ਨੇ ਇਹਨਾਂ ਸ਼ਿਕਾਇਤਾਂ ਬਾਬਤ ਵਿਸਥਾਰ ਵਿੱਚ ਦੱਸਣ ਤੋਂ ਇਨਕਾਰ ਕਰ ਦਿੱਤਾ, ਜਿਨਾਂ ਬਾਬਤ ਕੁੱਝ ਮੀਡੀਆ ਅਦਾਰਿਆਂ ਨੇ ‘ਬੁਲਿੰਗ’ ਯਾਨਿ ਧੱਕੇਸ਼ਾਹੀ ਵਾਲੀਆਂ ਦੱਸਿਆ ਹੈ।
ਸੇਨੇਟਰ ਡੀ-ਨਟਾਲੀ ਨੇ ਕਿਹਾ ‘ਅਸੀਂ ਉਸ ਮਸਲੇ ਨੂੰ ਹੱਲ ਕਰ ਲਿਆ ਹੈ, ਅਤੇ ਇਸ ਬਾਬਤ ਗੋਪਨੀਯਤਾ ਲਈ ਕੀਤੀ ਗਈ ਬੇਨਤੀ ਨੂੰ ਵੀ, ਧਿਆਨ ਵਿੱਚ ਰਖਿਆ ਗਿਆ ਹੈ’।
‘ਅਸੀਂ ਹੁਣ ਇਸ ਮੁਕਾਮ ਤੇ ਖੜੇ ਹਾਂ ਜਿੱਥੇ ਮਿਸ ਭੱਠਲ ਨੂੰ ਉਹਨਾਂ ਦੀ ਲੋਕਲ ਬਰਾਂਚ, ਰਾਜ ਵਿਚਲੀ ਪਾਰਟੀ ਦੇ ਨਾਲ ਨਾਲ ਉਹਨਾਂ ਦੇ ਚੋਣ ਹਲਕੇ ਵਿਚਲੇ ਬਹੁਤ ਸਾਰੇ ਲੋਕਾਂ ਦਾ ਪੂਰਾ ਪੂਰਾ ਸਮਰਥਨ ਪ੍ਰਾਪਤ ਹੈ’।
ਜਦੋਂ ਉਹਨਾਂ ਨੂੰ ਜੋਰ ਦੇ ਕਿ ਪੁੱਛਿਆ ਗਿਆ ਕਿ ਕੀ, ਉਹਨਾਂ ਦੇ ਵੋਟਰਾਂ ਨੂੰ ਇਸ ਸ਼ਿਕਾਇਤ ਬਾਬਤ ਜਾਨਣ ਦਾ ਕੋਈ ਹੱਕ ਹੈ, ਤਾਂ ਸ਼੍ਰੀ ਡੀ-ਨਾਟਾਲੀ ਨੇ ਫੇਰ ਦੁਹਰਾਇਆ, ਕਿ ਇਸ ਸ਼ਿਕਾਇਤ ਨੂੰ ਹੱਲ ਕਰ ਲਿਆ ਗਿਆ ਹੈ, ਅਤੇ ਉਹਨਾਂ ਨੇ ਇਸ ਬਾਬਤ ਥੋੜੀ ਮਰਿਆਦਾ ਰੱਖਣ ਲਈ ਵੀ ਬੇਨਤੀ ਕੀਤੀ ।
ਮਿਸ ਭੱਠਲ ਜੋ ਕਿ ਪੇਸ਼ੇ ਵਜੋਂ ਸੋਸ਼ਲ ਵਰਕਰ ਹਨ, ਨੇ ਵੀ ਇਸ ਮਸਲੇ ਬਾਬਤ ਕੁੱਝ ਵੀ ਕਹਿਣ ਤੋਂ ਚੁੱਪ ਵੱਟੀ ਰੱਖੀ ਅਤੇ ਮੁੱਖ ਤੌਰ ਤੇ ਆਪਣੀ ਯੋਗਤਾ ਨੂੰ ਹੀ ਇਸ ਚੋਣ ਲਈ ਉਭਾਰ ਕਿ ਸਾਹਮਣੇ ਲਿਆਂਦਾ।
ਮਿਸ ਭੱਠਲ ਨੇ ਕਿਹਾ ਕਿ, ‘ਅਸੀ ਜਿਸ ਜਗਾ ਉੱਤੇ ਇਸ ਮਸਲੇ ਦੇ ਹੱਲ ਲਈ ਇਕੱਠੇ ਹੋਏ ਹਾਂ ਉੱਥੋਂ ਦੇ ਲੋਕ ਮੇਰੇ ਬਾਬਤ ਬਹੁਤ ਚੰਗੀ ਤਰਾਂ ਨਾਲ ਜਾਣਦੇ ਹਨ, ਅਤੇ ਮੈਨੂੰ ਮੇਰੀ ਪਾਰਟੀ ਦਾ ਪੂਰਨ ਸਮਰਥਨ ਪ੍ਰਾਪਤ ਹੈ’।
ਜਿਦਾਂ ਹੀ ਕੁੱਝ ਰਿਪੋਰਟਰਾਂ ਨੇ ਉਹਨਾਂ ਨੂੰ ਇਸ ਮਸਲੇ ਲਈ ਪਾਰਦਰਸ਼ਤਾ ਵਰਤਣ ਲਈ ਜੋਰ ਦਿੱਤਾ, ਤਾਂ ਦੋਵੇਂ, ਮਿਸ ਭੱਠਲ ਅਤੇ ਸ਼੍ਰੀ ਡੀ-ਨਟਾਲੀ ਪ੍ਰੈਸ ਕਾਂਨਫਰੰਸ ਖਤਮ ਕਰਦੇ ਹੋਏ ਉੱਥੋਂ ਉੱਠ ਗਏ।
ਜਿਕਰਯੋਗ ਹੈ ਕਿ ਮਿਸ ਭੱਠਲ ਸਾਲ 2001 ਤੋਂ ਗਰੀਨਸ ਪਾਰਟੀ ਲਈ ਚੋਣ ਮੈਦਾਨ ਵਿੱਚ ਉਤਰਦੀ ਰਹੀ ਹੈ ਅਤੇ ਸਾਲ 2016 ਵਾਲੀ ਚੋਣ ਦੋਰਾਨ ਉਹ ਬੈਟਮੈਨ ਵਾਲੀ ਸੀਟ, ਲੇਬਰ ਦੇ ਉਮੀਦਵਾਰ ਡੇਵਿਡ ਫੀਨੀ ਕੋਲੋਂ ਇਸ ਕਾਰਨ ਹਾਰ ਗਈ ਸੀ ਕਿਉਂਕਿ ਲਿਬਰਲ ਪਾਰਟੀ ਆਪਣੀ ਪਰੈਫਰੈਂਸ ਕੁੱਝ ਤਬਦੀਲ ਕਰ ਦਿੱਤੀ ਸੀ।
ਸ਼੍ਰੀ ਫੀਨੀ ਨੂੰ ਦੋਹਰੀ ਨਾਗਰਿਕਤਾ ਰੱਖਣ ਕਾਰਨ ਇਸ ਸੀਟ ਤੋਂ ਅਸਤੀਫਾ ਦੇਣਾ ਪਿਆ ਸੀ।
ਲੇਬਰ ਪਾਰਟੀ ਵਲੋਂ ਇਸ ਚੋਣ ਲਈ ਉਮੀਦਵਾਰ ਗੇਡ ਕੀਨੀ ਨੇ ਕਿਹਾ ਹੈ ਕਿ ਮਿਸ ਭੱਠਲ ਵਾਲਾ ਮਸਲਾ ਹੱਲ ਹੋਣਾ ਹੀ ਚਾਹੀਦਾ ਹੈ।
17 ਮਾਰਚ ਨੂੰ ਹੋਣ ਵਾਲੀ ਇਸ ਚੋਣ ਲਈ, ਕੁੱਲ ਮਿਲਾ ਕੇ 10 ਉਮੀਦਵਾਰ ਮੈਦਾਨ ਵਿੱਚ ਉੱਤਰੇ ਹੋਏ ਹਨ।
Comments