ਪ੍ਰਵਾਸੀ ਕਾਮਿਆਂ ਦਾ ਸ਼ੋਸ਼ਣ ਕਰਨ ਵਾਲਿਆਂ ਦੇ ਨਾਂ ਹੁਣ ਕੀਤੇ ਜਾਨਗੇ ਜਨਤਕ
ਸਰਕਾਰ ਦਾ ਕਹਿਣਾ ਹੈ ਕਿ, ਉਹਨਾਂ ਅਦਾਰਿਆਂ ਅਤੇ ਮਾਲਕਾਂ ਦੇ ਨਾਮ, ਜੋ ਸਪਾਂਸਰਡ ਪ੍ਰਵਾਸੀਆਂ ਨਾਲ ਧੱਕਾ ਕਰਦੇ ਹਨ, ਨੂੰ ਜਨਤਕ ਕਰਨ ਨਾਲ, ਗਲਤ ਕੰਮਾਂ ਨੂੰ ਰੋਕਣ ਵਿੱਚ ਸਹਾਇਤਾ ਮਿਲ ਸਕੇਗੀ।
ਮੰਗਲਵਾਰ ਨੂੰ ਹੇਠਲੇ ਸਦਨ ਵਿੱਚ ਪਾਸ ਕੀਤੇ ਗਏ ਇੱਕ ਬਿਲ ਦੁਆਰਾ ਹੁਣ, ਹੋਮ ਅਫੇਅਰ ਵਿਭਾਗ ਨੂੰ ਇਹ ਤਾਕਤ ਮਿਲ ਜਾਵੇਗੀ ਕਿ ਉਹ ਪ੍ਰਵਾਸੀਆਂ ਨੂੰ ਸਪਾਂਸਰ ਕਰਨ ਵਾਲੇ ਉਹਨਾਂ ਮਾਲਕਾਂ ਦੇ ਨਾਮ ਜਨਤਕ ਕਰ ਸਕੇਗਾ, ਜਿਨਾਂ ਉੱਤੇ ਇਹਨਾਂ ਕਾਨੂੰਨਾਂ ਦੀ ਉਲੰਘਣਾ ਕਰਨ ਬਾਬਤ ਪਾਬੰਦੀਆਂ ਲਗਾਈਆਂ ਗਈਆਂ ਹੋਣ।
ਨਾਗਰਿਕਤਾ ਅਤੇ ਮਲਟੀਕਲਚਰਲ ਮਾਮਲਿਆਂ ਲਈ ਮੰਤਰੀ ਐਲਨ ਟੱਜ ਨੇ ਕਿਹਾ ਹੈ ਕਿ, ਇਸ ਸੁਝਾਅ ਅਧੀਨ ਹੋਮ ਅਫੇਅਰਸ ਵਿਭਾਗ, ਪ੍ਰਵਾਸੀ ਕਾਮਿਆਂ ਦੇ ਟੈਕਸ ਫਾਈਲ ਨੰਬਰ ਪ੍ਰਾਪਤ ਕਰ ਸਕੇਗਾ ਤਾਂ ਕਿ ਇਹ ਜਾਂਚ ਕੀਤੀ ਜਾ ਸਕੇ ਕਿ, ਕੀ ਉਹਨਾਂ ਨੂੰ ਸਪਾਂਸਰ ਕਰਨ ਵਾਲੇ ਅਦਾਰੇ ਉਹਨਾਂ ਲਈ ਬਣਾਏ ਨਿਯਮਾਂ ਅਧੀਨ ਸਹੀ ਕੰਮ ਕਰ ਰਹੇ ਹਨ ਜਾਂ, ਨਹੀਂ। ਅਤੇ ਨਾਲ ਹੀ ਇਸ ਵੀਜ਼ੇ ਤੇ ਕੰਮ ਕਰਨ ਵਾਲੇ ਕਾਮੇਂ ਵੀ ਆਪਣੇ ਉੱਤੇ ਲਾਗੂ ਹੋਈਆਂ ਨੀਤੀਆਂ ਦੀ ਪਾਲਣਾ ਕਰ ਰਹੇ ਹਨ ਜਾਂ, ਨਹੀਂ।
ਵਿਰੋਧੀ ਧਿਰ ਵਲੋਂ ਪ੍ਰਵਾਸ ਮਸਲਿਆਂ ਲਈ ਵਕਤਾ, ਸ਼ੇਅਨ ਨਿਯੂਮਨ ਨੇ ਵੀ ਕਿਹਾ ਕਿ, ‘ਇਹਨਾਂ ਬਦਲਾਵਾਂ ਨਾਲ ਕੁਸ਼ਲ ਕਾਮਿਆਂ ਦੀ ਭਲਾਈ ਹੋ ਸਕੇਗੀ ਅਤੇ ਵਿਦੇਸ਼ਾਂ ਤੋਂ ਆਣ ਵਾਲੇ ਕਾਮਿਆਂ ਦੇ ਹੱਕਾਂ ਦੀ ਰਾਖੀ ਵੀ ਨਾਲੋ ਨਾਲ ਹੀ ਹੋ ਸਕੇਗੀ। ਲੇਬਰ ਇਹਨਾਂ ਨਵੇਂ ਕਾਨੂੰਨਾਂ ਨੂੰ ਸਮਰਥਨ ਦੇਵੇਗੀ’।
ਉਹਨਾਂ ਨੇ ਪਾਰਲੀਆਮੈਂਟ ਵਿੱਚ ਕਿਹਾ ਕਿ, ‘ਬਦਕਿਸਮਤੀ ਨਾਲ ਆਸਟ੍ਰੇਲੀਆ ਵਿੱਚ ਕਈ ਅਜਿਹੇ ਮਾੜੇ ਮਾਲਕ ਵੀ ਮੌਜੂਦ ਹਨ ਜੋ ਕਿ ਅਜਿਹੇ ਕਮਜ਼ੋਰ ਕਾਮਿਆਂ ਨਾਲ ਧੱਕਾ ਕਰਦੇ ਹਨ, ਜੋ ਕਿ ਆਰਜ਼ੀ ਤੌਰ ਤੇ ਜਾਂ ਪ੍ਰਵਾਸੀ ਕੁਸ਼ਲ ਕਾਮਿਆਂ ਵਾਲੇ ਵੀਜ਼ੇ ਤੇ ਇੱਥੇ ਆਉਂਦੇ ਹਨ’।
ਨਾਲ ਹੀ ਉਹਨਾਂ ਨੇ ਇਹ ਵੀ ਯਾਦ ਕਰਵਾਇਆ ਕਿ ਲੇਬਰ, ਇਸ ਗੱਲ ਲਈ ਵੀ ਬਜ਼ਿੱਦ ਹੈ ਕਿ ਨੋਕਰੀਆਂ ਦੇਣ ਸਮੇਂ ਇੱਥੋ ਦੇ ਲੋਕਲ ਕਾਮਿਆਂ ਨੂੰ ਤਰਜ਼ੀਹ ਦਿੱਤੀ ਜਾਣੀ ਚਾਹੀਦੀ ਹੈ।
Comments