ਪੰਜਾਬਣ ਮੁਟਿਆਰ ਦੀ ਕੀ ਸਿਫਤ ਕਰਾ
- ਨਿਊਜ਼ੀਲੈਂਡ ਤੋਂ ਪੰਜਾਬ ਪਰਤੀ ਗਗਨਦੀਪ ਕੌਰ ਰੰਧਾਵਾ ਹੁਣ 'ਨਾਰਥ ਇੰਡੀਆ ਕੂਈਨ' ਦੇ ਫਾਈਨਲ ਮੁਕਾਬਲੇ 'ਚ - 2015 ਦੀ ਮਿਸ ਐਨ.ਆਰ. ਆਈ. ਪੰਜਾਬਣ ਨੇ ਨਿਊਜ਼ੀਲੈਂਡ ਪੀ. ਆਰ. ਤੋਂ ਨਾ ਮੰਨੀ ਹਾਰ - ਜਲੰਧਰ ਸਥਿੱਤ ਪੰਜ ਤਾਰਾ ਹੋਟਲ 'ਰਮਾਡਾ' 'ਚ ਕਰਦੀ ਹੈ ਹੁਣ ਵਧੀਆ ਨੌਕਰੀ ਔਕਲੈਂਡ -ਨਿਊਜ਼ੀਲੈਂਡ ਛੋਟਾ ਮੁਲਕ ਹੋਣ ਦੇ ਬਾਵਜੂਦ ਬਹੁਤ ਸਾਰੇ ਪ੍ਰਵਾਸੀਆਂ ਦੇ ਲਈ ਬਹੁੱਤ ਵੱਡਾ ਦਿਲ ਰੱਖਦਾ ਹੈ ਅਤੇ ਬੜੀ ਦੁਨੀਆ ਇਥੇ ਆ ਕੇ ਪੱਕੀ ਹੋਈ ਹੈ। ਵਿਕਸਤ ਮੁਲਕਾਂ ਦੀ ਸ਼੍ਰੇਣੀ ਵਿਚ ਆਉਂਦੇ ਇਸ ਦੇਸ਼ ਦੀ ਧਰਤੀ ਨੂੰ ਬਹੁਤ ਸਾਰਿਆਂ ਨੇ ਆਪਣੇ ਵਤਨ ਦੀ ਮਿੱਟੀ ਦੇ ਰੂਪ ਵਿਚ ਲੈ ਲਿਆ ਹੈ, ਪਰ ਇਸ ਦੇ ਬਾਵਜੂਦ ਕਈਆਂ ਦੇ ਲਈ ਇਹ ਮੁਲਕ ਉਦੋਂ ਛੋਟੇ ਦਾ ਛੋਟਾ ਰਹਿ ਜਾਂਦਾ ਹੈ ਜਦੋਂ ਕਿਸੇ ਹੋਣਹਾਰ ਬੱਚੇ-ਬੱਚੀ ਦੀ ਇਥੇ ਯੋਗਤਾ ਹੋਣ ਦੇ ਬਾਵਜੂਦ ਚਿਰ ਸਥਾਈ ਨਹੀਂ ਹੁੰਦੀ। ਇਸ ਤੋਂ ਇਲਾਵਾ ਅਜਿਹੇ ਬੱਚੇ ਕਮਿਊਨਿਟੀ ਤੋਂ ਵੀ ਨਿਰੀ ਸ਼ਾਬਾਸ਼ ਤੋਂ ਵੱਧ ਕੁਝ ਜਿਆਦਾ ਪ੍ਰਾਪਤ ਨਹੀਂ ਕਰ ਪਾਉਂਦੇ। ਗੱਲ ਕਰਦੇ ਹਾਂ ਨਿਊਜ਼ੀਲੈਂਡ ਤੋਂ ਫਰਵਰੀ 2017 'ਚ ਪੰਜਾਬ ਪਰਤ ਗਈ ਇਕ ਅਜਿਹੀ ਹੀ ਪੰਜਾਬੀ ਕੁੜੀ ਗਗਨਦੀਪ ਕੌਰ ਰੰਧਾਵਾ ਦੀ। ਬਿਜਨਸ ਮੈਨੇਜਮੈਂਟ ਦੀ 2 ਸਾਲ ਦੀ ਪੜ੍ਹਾਈ ਕਰਕੇ ਇਥੇ ਗੈਸ ਸਟੇਸ਼ਨ ਉਤੇ ਅਸਿਸਟੈਂਟ ਮੈਨੇਜਰ ਅਤੇ ਰੈਸਟੋਰੈਂਟ ਦੇ ਵਿਚ ਮੈਨੇਜਰ ਦੀ ਨੌਕਰੀ ਕਰ ਚੁੱਕੀ ਇਹ ਪੰਜਾਬੀ ਕੁੜੀ ਦੀ ਪੀ. ਆਰ. ਇਸ ਕਰਕੇ ਨਹੀਂ ਹੋ ਸਕੀ ਸੀ ਕਿ ਕਿਸੀ ਨੇ ਇਮੀਗ੍ਰੇਸ਼ਨ ਦੀ ਲੋੜ ਮੁਤਾਬਿਕ ਸਾਥ ਨਾ ਦਿੱਤਾ ਅਤੇ ਉਸਨੂੰ ਆਖਿਰ ਵਾਪਸ ਪਰਤਣਾ ਪਿਆ। ਇਥੇ ਇਸਨੇ ਉਦਮ ਕਰਕੇ ਆਪਣੇ ਪੱਧਰ ਉਤੇ ਬੱਚਿਆਂ ਨੂੰ ਪੰਜਾਬੀ ਸਿਖਾਉਣੀ ਸ਼ੁਰੂ ਕੀਤੀ ਸੀ ਤੇ ਗੋਰਿਆਂ ਨੂੰ ਪੰਜਾਬੀ ਸਭਿਆਚਾਰ ਬਾਰੇ ਜਾਣਕਾਰੀ ਦਿੰਦੀਆਂ ਭੰਗੜਾ ਕਲਾਸਾਂ, ਪਰ ਇਹ ਸਾਰਾ ਕੁਝ ਇਕ ਵੀਜ਼ਾ ਸਟਿੱਕਰ ਨਾ ਹੋਣ ਕਰਕੇ ਨਾਲ ਹੀ ਰੁਕ ਗਿਆ। 2015 ਦੇ ਵਿਚ ਇਹ ਕੁੜੀ ਪੰਜਾਬ ਜਾ ਕੇ 'ਮਿਸ ਐਨ. ਆਰ. ਆਈ. ਪੰਜਾਬਣ ਦਾ ਖਿਤਾਬ ਵੀ ਜਿੱਤ ਲਿਆ ਸੀ। ਖੈਰ ਕਹਿੰਦੇ ਨੇ ਜੇ ਹੋਵੇ ਲਗਨ ਤਾਂ ਫਿਰ ਦੂਰ ਨਹੀਂ ਗਗਨ। ਇਸ ਕੁੜੀ ਨੇ ਹਿੰਮਤ ਨਹੀਂ ਹਾਰੀ ਅਤੇ ਇੰਡੀਆ ਜਾ ਕੁਝ ਨਵਾਂ ਕਰਨ ਵੱਲ ਲੱਗੀ ਰਹੀ। ਅੱਜ ਕੱਲ੍ਹ ਇਹ ਕੁੜੀ ਜਲੰਧਰ ਵਿਖੇ ਪੰਜ ਸਿਤਾਰਾ ਹੋਟਲ 'ਰਮਾਡਾ' ਵਿਖੇ ਸੇਲਜ਼ ਐਂਡ ਮਾਰਕੀਟਿੰਗ ਐਗਜ਼ੀਕਿਊਟਿਵ ਦੇ ਤੌਰ 'ਤੇ ਵਧੀਆ ਨੌਕਰੀ ਕਰਨ ਲੱਗੀ ਹੈ। ਇਸਨੇ ਆਪਣਾ ਪੰਜਾਬਣ ਮੁੱਟਿਆਰ ਬਣੀ ਰਹਿਣ ਵਾਲਾ ਸ਼ੌਕ ਨਹੀਂ ਛੱਡਿਆ ਅਤੇ ਹੁਣ ਇਕ ਹੋਰ ਵਕਾਰੀ ਸੁੰਦਰਤਾ ਮੁਕਾਬਲੇ 'ਨਾਰਥ ਇੰਡੀਆ ਕੂਈਨ' ਦੇ ਵਿਚ ਭਾਗ ਲੈ ਰਹੀ ਹੈ। ਆਡੀਸ਼ਨਜ਼ ਤੋਂ ਬਾਅਦ ਹੁਣ 24 ਫਰਵਰੀ ਨੂੰ ਫਾਈਨਲ ਮੁਕਾਬਲਾ ਹੋਣ ਜਾ ਰਿਹਾ ਹੈ ਅਤੇ ਇਸਨੂੰ ਆਸ ਹੈ ਕਿ ਉਹ ਇਹ ਟਾਈਟਲ ਜਿੱਤ ਕੇ ਆਪਣੇ ਪਰਿਵਾਰ ਨੂੰ ਆਪਣੇ ਹੀ ਦੇਸ਼ ਵਿਚ ਨਾਮਣਾ ਖੱਟ ਕੇ ਦੱਸੇਗੀ। ਨਿਊਜ਼ੀਲੈਂਡ/ਵਿਦੇਸ਼ੀ ਵਸਦੇ ਭਾਈਚਾਰੇ ਲਈ ਸੁਨੇਹਾ: ਗਗਨਦੀਪ ਕੌਰ ਰੰਧਾਵਾ ਦਾ ਨਿਊਜ਼ੀਲੈਂਡ ਜਾਂ ਵਿਦੇਸ਼ੀ ਵਸਦੇ ਸਾਰੇ ਐਨ. ਆਰ.ਆਈਜ਼ ਲਈ ਪੰਜਾਬ ਨਾਲ ਜੁੜੇ ਰਹਿਣ ਲਈ ਬਹੁਤ ਸਤਿਕਾਰ ਹੈ। ਉਸਨੇ ਅਖਬਾਰ ਜ਼ਰੀਏ ਸੁਨੇਹਾ ਪਹੁੰਚਾਇਆ ਹੈ ਕਿ ਜਲੰਧਰ ਵਿਖੇ ਕਿਸੇ ਵੀ ਤਰ੍ਹਾਂ ਦੇ ਸਮਾਗਮ ਜਾਂ ਰਹਿਣ ਲਈ 'ਰਮਾਡਾ' ਹੋਟਲ ਦੀ ਲੋੜ ਪਵੇ ਤਾਂ ਉਸ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਉਸਨੂੰ ਨਿਊਜ਼ੀਲੈਂਡ ਵਸਦੇ ਆਪਣੇ ਭਾਈਚਾਰੇ ਲਈ ਕੁਝ ਕਰਨ ਉਤੇ ਬੇਹੱਦ ਖੁਸ਼ੀ ਮਿਲੇਗੀ।
ਧੰਨਵਾਦ ਸਹਿਤ ਪੰਜਾਬੀ ਅਖਬਾਰ
Comments