ਅਮਰੀਕਾ ਚ ਦੋ ਸਟੋਰਾਂ ਵਿੱਚ ਗੋਲੀਬਾਰੀ, ਪੰਜਾਬੀ ਦੀ ਮੌਤ, ਦੂਜਾ ਜਖ਼ਮੀ
ਵਾਸ਼ਿੰਗਟਨ(ਪੰਜਾਬ ਐਕਸਪ੍ਰੈਸ ਨਿਊਜ਼)— ਅਮਰੀਕਾ ਦੇ ਜੋਰਜੀਆ ਰਾਜ ਵਿਚ 2 ਸਟੋਰਾਂ ਵਿਚ ਇਕ ਵਿਅਕਤੀ ਨੇ ਗੋਲੀਬਾਰੀ ਕੀਤੀ, ਜਿਸ ਵਿਚ ਇਕ ਭਾਰਤੀ ਅਮਰੀਕੀ ਵਿਅਕਤੀ ਦੀ ਮੌਤ ਹੋ ਗਈ, ਜਦੋਂਕਿ ਦੂਜਾ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਸ਼ੈਰਿਫ ਦੇ ਅਧਿਕਾਰੀਆਂ ਨੇ ਦੱਸਿਆ ਕਿ ਮੰਗਲਵਾਰ ਸ਼ਾਮ ਨੂੰ ਬਰਨੇਟ ਫੇਰੀ ਰੋਡ 'ਤੇ ਸਥਿਤ ਸਟੋਰ ਹਾਈ ਟੇਕ ਕਵਿੱਕ ਸਟੋਪ ਵਿਚ ਇਕ ਬੰਦੂਕਧਾਰੀ ਆਮ ਗਾਹਕਾਂ ਦੀ ਤਰ੍ਹਾਂ ਦਾਖਲ ਹੋਇਆ ਅਤੇ ਬਿਨਾਂ ਕਿਸੇ ਲੁੱਟ ਤੋਂ ਕੈਸ਼ ਕਾਊਂਟਰ 'ਤੇ ਖੜ੍ਹੇ 44 ਸਾਲਾਂ ਪਰਮਜੀਤ ਸਿੰਘ, ਜਿਨ੍ਹਾਂ ਦਾ ਪੰਜਾਬ ਤੋਂ ਪਿਛੋਕੜ ਪਟਿਆਲਾ ਸੀ, ਦੇ ਕਰੀਬ 3 ਗੋਲੀਆਂ ਮਾਰ ਦਿੱਤੀਆਂ, ਜਿਸ ਕਾਰਨ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸਟੋਰ ਵਿਚੋਂ ਫਰਾਰ ਹੋਣ ਤੋਂ 10 ਮਿੰਟ ਬਾਅਦ ਬੰਦੂਕਧਾਰੀ ਇਕ ਹੋਰ ਸਟੋਰ ਐਲਮ ਸਟਰੀਟ ਫੂਡ ਐਂਡ ਬਿਵਰੇਜ ਵਿਚ ਦਾਖਲ ਹੋਇਆ, ਜਿੱਥੇ ਉਸ ਗੁਜਰਾਤੀ ਮੂਲ ਦੇ 30 ਸਾਲਾਂ ਕਲਰਕ ਪਾਰਥੀ ਪਟੇਲ ਨੂੰ ਗੋਲੀ ਮਾਰ ਕੇ ਫੱਟੜ ਕਰ ਦਿੱਤਾ ਅਤੇ ਨਗਦੀ ਲੈ ਕੇ ਫਰਾਰ ਹੋ ਗਿਆ।
Comments