ਇਕ ਵਾਰ ਫਿਰ ਕੈਬਨਿਟ ਮੰਤਰੀ ਇਹ ਕੀ ਬੋਲ ਗਿਆ
ਧਰਮਸੋਤ ਨੂੰ, ਬੇਅੰਤ ਸਿਹੁੰ ਬਣਨ ਦਾ ਚਾਅ ਕਿਉਂ ਚੜਿਆ...?
- ਜਸਪਾਲ ਸਿੰਘ ਹੇਰਾਂ
ਕਾਂਗਰਸ ਦੇ ਬੜਬੋਲੇ ਮੰਤਰੀ ਸਾਧੂ ਸਿੰਘ ਧਰਮਸੋਤ ਜਿਹੜੇ ਬੇਤੁਕੇ ਬਿਆਨਾਂ ’ਤੇ ਕਾਰਗੁਜ਼ਾਰੀ ਕਾਰਣ ਆਏ ਦਿਨ ਵਿਵਾਦਾਂ ’ਚ ਰਹਿੰਦੇ ਹਨ, ਉਨਾਂ ਨੇ ਸੱਤਾ ਦੇ ਹੰਕਾਰ ’ਚ ਸਿੱਖਾਂ ਦੇ ਅੱਲੇ ਜਖ਼ਮਾਂ ’ਤੇ ਲੂਣ ਛਿੜਕਿਆ ਹੈ। ਪੰਜਾਬ ’ਚ ਸਿੱਖ ਜੁਆਨੀ ਦੇ ਕਤਲੇਆਮ ਦੀ ਸਾਜਿਸ਼ ਦੇ ਜਵਾਬ ’ਚ ਧਰਮਸੋਤ ਨੇ ਆਖਿਆ ਹੈ ਕਿ ਪੰਜਾਬ ਦਾ ਹਰ ਕਾਂਗਰਸੀ ਬੇਅੰਤ ਸਿਹੁੰ ਬਣ ਸਕਦਾ ਹੈ। ਪੰਜਾਬ ਦੇ ਅਮਨ-ਚੈਨ ਦੀ ਰਾਖ਼ੀ ਕਰਨ ਵਾਲੇ ਜੇ ਆਪਣੇ ਬੇਤੁਕੇ ਬਿਆਨਾਂ ਦੇ ਨਾਲ, ਇਸ ਅਮਨ-ਚੈਨ ਨੂੰ ਲਾਂਬੂ ਲਾਉਣ ਤੁਰ ਪੈਣਗੇ, ਫ਼ਿਰ ਪੰਜਾਬ ਨੂੰ ਕੌਣ ਬਚਾੳੂ? ਪੰਜਾਬ ਗੁਰੂਆਂ ਦੇ ਨਾਮ ਵੱਸਦਾ ਪੰਜਾਬ ਹੈ। ਸਿੱਖੀ ਕਿਸੇ ਨੂੰ ਭੈਅ ਦੇਣ ਤੇ ਕਿਸੇ ਦਾ ਭੈਅ ਮੰਨਣ ਤੋਂ ਸਖ਼ਤ ਮਨਾਹੀ ਕਰਦੀ ਹੈ। ਧਰਮਸੋਤ, ਦਾਅਵਾ ਕਰਦਾ ਹੈ ਕਿ ਪੰਜਾਬ ਦੇ ਹਿੰਦੂਆਂ ਦੀ ਰਾਖ਼ੀ ਬੇਅੰਤ ਸਿਹੁੰ ਨੇ ਕੀਤੀ ਸੀ, ਪਰ ਉਹ ਭੁੱਲ ਜਾਂਦਾ ਹੈ ਕਿ ਇਸ ਦੇਸ਼ ’ਚ ਜੇ ਅੱਜ ਜਨੇੳੂ, ਧੋਤੀ, ਟੋਪੀ ਹੈ ਤਾਂ ਉਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਅਤੇ ਦਸ਼ਮੇਸ਼ ਪਿਤਾ ਵੱਲੋਂ ਜਾਬਰਾਂ ਨਾਲ ਖੜਕਾਏ ਖੰਡੇ ਕਾਰਣ ਹੈ। ਸਿੱਖ ਆਪਣੇ ਹੱਕਾਂ ਦੀ ਮੰਗ ਕਰਦੇ ਹਨ, ਆਪਣੇ ਕੌਮੀ ਘਰ ਦੀ ਪ੍ਰਾਪਤੀ ਦੀ ਗੱਲ ਕਰਦੇ ਹਨ, ਇਸ ’ਚ ਹਿੰਦੂਆਂ ਦਾ ਕਤਲੇਆਮ ਕਿੱਥੋਂ ਆ ਗਿਆ? ਪੰਜਾਬ ਦੀ ਜੁਆਨੀ ਨੂੰ ਕਦੇ ਖਾੜਕੂਆਂ ਦੇ ਬਹਾਨੇ, ਕਦੇ ਨਸ਼ਿਆਂ ਦੇ ਬਹਾਨੇ, ਕਦੇ ਗੈਂਗਸਟਰਾਂ ਦੇ ਬਹਾਨੇ, ਕਦੇ ਅਧਪੜੇ ਤੇ ਬੇਰੁਜ਼ਗਾਰ ਰੱਖਕੇ ਮਾਰਿਆ ਜਾ ਰਿਹਾ ਹੈ। ਕੀ ਸਿੱਖਾਂ ਨੂੰ ਆਪਣੀ ਜੁਆਨੀ ਦੇ ਮਾਰੇ ਜਾਣ ’ਤੇ ਦੁੱਖ ਪ੍ਰਗਟਾਉਣ ਤੇ ਮਾਰਨ ਵਾਲਿਆਂ ਨੂੰ ਸੁਆਲ ਪੁੱਛਣ ਦਾ ਵੀ ਕੋਈ ਹੱਕ ਨਹੀਂ? ਖਾੜਕੂ ਕਿਉਂ ਪੈਦਾ ਹੋਏ? ਇਸ ਸੁਆਲ ਦਾ ਜਵਾਬ ਧਰਮਸੋਤ ਦੇ ਸਕਦਾ ਹੈ? ਇਸ ਦੇਸ਼ ਦੀ ਅਜ਼ਾਦੀ ਲਈ 85 ਫੀਸਦੀ ਕੁਰਬਾਨੀਆਂ ਕਰਨ ਵਾਲੀ ਕੌਮ ਦੀ ਜੁਆਨੀ ਨੂੰ ਹਥਿਆਰ ਚੁੱਕਣ ਲਈ ਕਿਸ ਨੇ ਮਜ਼ਬੂਰ ਕੀਤਾ?
ਸਿੱਖਾਂ ਨੂੰ ‘‘ਜਰਾਇਮ ਪੇਸ਼ਾ’’ ਕੌਮ ਕਿਸ ਨੇ ਕਰਾਰ ਦਿੱਤਾ? ਪੰਜਾਬੀ ਸੂਬਾ ਮੰਗਦੇ, ਸਿੱਖਾਂ ’ਤੇ ਅੰਨਾ ਤਸ਼ੱਦਦ ਕਿਸਨੇ ਕੀਤਾ? ਦਰਬਾਰ ਸਾਹਿਬ ’ਤੇ ਫੌਜੀ ਹਮਲਾ ਕਰਕੇ ਦਰਬਾਰ ਸਾਹਿਬ ਨੂੰ ਗੋਲੀਆਂ ਨਾਲ ਛਲਨੀ ਕਿਸ ਨੇ ਕੀਤਾ? ਗੁਰੂ ਗੰ੍ਰਥ ਸਾਹਿਬ ਨੂੰ ਗੋਲੀਆਂ ਕਿਸ ਨੇ ਮਾਰੀਆਂ? ਦਰਬਾਰ ਸਾਹਿਬ ਵਿਖੇ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਨੂੰ ਨਤਮਸਤਕ ਹੋਣ ਆਈ ਸੰਗਤ ਦਾ ਵਹਿਸ਼ੀਆਨਾ ਕਤਲੇਆਮ ਕਿਸ ਨੇ ਕੀਤਾ? ਪੰਜਾਬ ਦੇ ਸਿੱਖ ਗੱਭਰੂਆਂ ਦੇ ਝੂਠੇ ਪੁਲਿਸ ਮੁਕਾਬਲੇ ਕਰਕੇ 25 ਹਜ਼ਾਰ ਸਿੱਖ ਗੱਭਰੂਆਂ ਦੀਆਂ ਲਾਸ਼ਾਂ ਨੂੰ ਅਣਪਛਾਤੀਆਂ ਦੱਸ ਕੇ ਕਿਸੇ ਨੇ ਸਾੜਿਆ? ਨਵੰਬਰ 1984 ’ਚ ਦੇਸ਼ ਦੀ ਰਾਜਧਾਨੀ ਸਮੇਤ 127 ਵੱਡੇ ਸ਼ਹਿਰਾਂ ’ਚ ਸਿੱਖਾਂ ਦਾ ਵਹਿਸ਼ੀਆਨਾ ਕਤਲੇਆਮ ਕਿਸ ਨੇ ਕੀਤਾ? ਸਿੱਖਾਂ ਦੇ ਗਲਾਂ ’ਚ ਟਾਇਰ ਪਾ ਕੇ ਕਿਸ ਨੇ ਸਾੜਿਆ? ਹਜ਼ਾਰਾਂ ਧੀਆਂ-ਭੈਣਾਂ ਦੀ ਇੱਜ਼ਤ ਨਾਲ ਖਿਲਵਾੜ ਕਿਸਨੇ ਕੀਤਾ? ਕੀ ਇਸਦਾ ਜਵਾਬ, ਕਿਸੇ ਕਾਂਗਰਸੀ ਜਿਹੜਾ ਆਪਣੇ ਆਪ ਨੂੰ ਬੇਅੰਤ ਸਿਹੁੰ ਮੰਨਦਾ ਹੈ, ਪਾਸ ਹੈ? ਧਰਮਸੋਤ ਦਾ ਜਨਮ ਵੀ ਸਿੱਖ ਪਰਿਵਾਰ ’ਚ ਹੋਇਆ ਹੈ, ਕੀ ਉਸਨੂੰ ਸਿੱਖੀ ਸਿਧਾਂਤਾਂ ਦੀ, ਸਰਬੱਤ ਦੇ ਭਲੇ ਦੀ, ਸਿਰ ਤਲੀ ’ਤੇ ਧਰ ਕੇ ਮੈਦਾਨ ’ਚ ਨਿੱਤਰਣ ਦੀ ਗੁੜਤੀ ਦਾ ਪਤਾ ਨਹੀਂ? ਕੋਈ ਸੱਚਾ ਸਿੱਖ, ਨਾ ਕਿਸੇ ਹਿੰਦੂ, ਨਾ ਕਿਸੇ ਮੁਸਲਮਾਨ ਦਾ ਅਤੇ ਨਾ ਕਿਸੇ ਇਸਾਈ-ਪਾਰਸੀ ਪਾਰਟੀ ਦਾ ਦੁਸ਼ਮਣ ਹੈ, ਨਾ ਹੀ ਕਿਸੇ ਧਰਮ ਦਾ ਵਿਰੋਧੀ ਹੈ। ਉਹ ਤਾਂ ਕੂੜ ਦਾ, ਝੂਠ ਦਾ, ਪਾਖੰਡ ਦਾ, ਆਡੰਬਰਤਾ ਦਾ, ਮਕਾਰੀ ਦਾ, ਸ਼ੈਤਾਨੀ ਦਾ, ਜ਼ੋਰ-ਜਬਰ ਦਾ, ਹਰ ਤਰਾਂ ਦੇ ਸ਼ੋਸ਼ਣ ਦਾ ਵਿਰੋਧੀ ਹੈ ਅਤੇ ਇਸ ਵਿਰੋਧ ਲਈ ਵੱਡੀ ਤੋਂ ਵੱਡੀ ਕੀਮਤ ਤਾਰ ਕੇ ਵੀ ਵਿਰੋਧੀ ਰਹੇਗਾ। ਸਾਹਮਣੇ ਅਹਿਮਦਸ਼ਾਹ ਅਬਦਾਲੀ ਹੋਵੇ, ਜ਼ਕਰੀਆ ਖਾਨ ਹੋਵੇ, ਮੱਸਾ ਰੰਗੜ ਹੋਵੇ, ਅੰਗਰੇਜ਼ ਹੋਣ, ਮਹੰਤ ਹੋਣ, ਇੰਦਰਾਕੇ ਹੋਣ, ਮੋਦੀਕੇ ਹੋਣ ਜਾਂ ਬਾਦਲਕੇ ਹੋਣ, ਕੋਈ ਫ਼ਰਕ ਨਹੀਂ ਪੈਂਦਾ। ਕੌਮ ਅਜ਼ਾਦੀ ਨਾਲ, ਸੁੱਖ-ਸ਼ਾਂਤੀ ਨਾਲ, ਗੁਰੂ ਦੇ ਭਾਣੇ ’ਚ ਰਹਿਣਾ ਚਾਹੁੰਦੀ ਹੈ।
ਕਿਸੇ ਧਰਮਸੋਤ ਵਰਗਿਆਂ ਨੂੰ, ਬੇਅੰਤ ਸਿਹੁੰ ਬਣਨ ਦਾ ਬਹੁਤਾ ਸ਼ੌਕ ਹੈ ਤਾਂ ਕਿਸੇ ਨੂੰ ਕੀ ਇਤਰਾਜ਼ ਹੋ ਸਕਦਾ ਹੈ? ਪੰ੍ਰਤੂ ਯਾਦ ਰੱਖਣਾ ਚਾਹੀਦਾ ਹੈ ਕਿ ਜੇ ਇੰਦਰਾ ਗਾਂਧੀ ਨੇ ਜ਼ੁਲਮ ਦੀ ਇੰਤਹਾ ਕੀਤੀ ਸੀ ਤਾਂ ਬੇਅੰਤ ਸਿੰਘ, ਸਤਵੰਤ ਸਿੰਘ ਪੈਦਾ ਹੋ ਗਏ ਸਨ ਤੇ ਓਹੋ ਕੁਝ ਬੇਅੰਤ ਸਿਹੁੰ ਨੇ ਕੀਤਾ ਸੀ ਤਾਂ ਭਾਈ ਦਿਲਾਵਰ ਸਿੰਘ ਵਰਗੇ ਪੈਦਾ ਹੋ ਗਏ ਸਨ। ਬਿਨਾਂ ਕਾਰਣ ਸਿੱਖਾਂ ਦੇ ਅੱਲੇ ਜ਼ਖਮਾਂ ’ਤੇ ਲੂਣ ਛਿੜਕ ਕੇ ਮਹਿੰਗੇ ਭਾਅ ਲਈ ਪੰਜਾਬ ਦੀ ਸ਼ਾਂਤੀ ਨੂੰ ਲਾਂਬੂ ਲਾਉਣ ਦਾ ਯਤਨ ਨਾਂਹ ਕੀਤਾ ਜਾਵੇ। ਮਰ ਰਹੇ ਪੰਜਾਬ ਲਈ ਕੰਮ ਤਾਂ ਹੋਰ ਬਥੇਰੇ ਕਰਨ ਲਈ ਪਏ ਹਨ, ਉਨਾਂ ਵੱਲ ਧਿਆਨ ਦਿਓ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਕੋਈ ਰਾਹਤ ਦਿੱਤੀ ਜਾ ਸਕੇ।
Papalpreet Singh
Comments