ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ' ਹੋਵੇਗਾ ਪ੍ਰਕਾਸ਼ ਪੁਰਬ ਦਾ ਥੀਮ !
ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਵੱਡੇ ਪੱਧਰ ‘ਤੇ ਮਨਾਇਆ ਜਾਵੇਗਾ ਜਿਸ ਦਾ ਕੇਂਦਰੀ ਥੀਮ ‘ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ’ ਹੋਵੇਗਾ। ਇਹ ਐਲਾਨ ਅੱਜ ਸੱਭਿਆਚਾਰਕ ਮਾਮਲਿਆਂ ਤੇ ਸੈਰ ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕੀਤਾ ਹੈ।
ਸਿੱਧੂ ਨੇ ਕਿਹਾ ਕਿ ਹਾਲ ਹੀ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਸੀ ਕਿ ਅਗਲੇ ਸਾਲ 2019 ਵਿੱਚ ਆ ਰਹੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸੂਬਾ ਸਰਕਾਰ ਵੱਡੇ ਪੱਧਰ ‘ਤੇ ਮਨਾਏਗੀ ਜਿਸ ਦੀਆਂ ਤਿਆਰੀਆਂ ਦਾ ਖਾਕਾ ਉਲੀਕਣ ਲਈ ਉਨ੍ਹਾਂ ਦੇ ਵਿਭਾਗ ਨੂੰ ਜ਼ਿੰਮੇਵਾਰੀ ਸੌਂਪੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੱਦੀ ਮੀਟਿੰਗ ਵਿੱਚ ਸਭ ਤੋਂ ਵੱਡਾ ਫੈਸਲਾ ਇਹ ਲਿਆ ਗਿਆ ਸੀ ਪੂਰਾ ਸਾਲ ਚੱਲਣ ਵਾਲੇ ਪ੍ਰਕਾਸ਼ ਪੁਰਬ ਸਮਾਗਮਾਂ ਦਾ ਕੇਂਦਰੀ ਥੀਮ ‘ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ’ ਹੋਵੇਗਾ।
ਉਨ੍ਹਾਂ ਕਿਹਾ ਕਿ ਸਾਲ ਭਰ ਚੱਲਣ ਵਾਲੇ ਸਮਾਗਮ ਇਸ ਕੇਂਦਰੀ ਥੀਮ ਦੁਆਲੇ ਘੁੰਮਣਗੇ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਚੜ੍ਹਦੀ ਕਲਾ ਵਿੱਚ ਰਹਿਣ ਤੇ ਸਾਰੀ ਦੁਨੀਆਂ ਦਾ ਭਲਾ ਮੰਗਣ ਦਾ ਸੰਦੇਸ਼ ਦਿੱਤਾ ਹੈ ਤੇ ਸੂਬਾ ਸਰਕਾਰ ਵੱਲੋਂ ਸਮਾਗਮਾਂ ਰਾਹੀਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਦੁਨੀਆਂ ਦੇ ਕੋਨੇ-ਕੋਨੇ ਤੱਕ ਪਹੁੰਚਾਇਆ ਜਾਵੇਗਾ।
ਸਿੱਧੂ ਨੇ ਦੱਸਿਆ ਕਿ ਮੀਟਿੰਗ ਵਿੱਚ ਵੱਖ-ਵੱਖ ਕਮੇਟੀਆਂ ਦਾ ਗਠਨ ਕਰਨ ਦਾ ਫੈਸਲਾ ਕੀਤਾ ਗਿਆ। ਇਹ ਕਮੇਟੀਆਂ ਦਾ ਮੁੱਖ ਮੰਤਵ ਕਾਲੀ ਵੇਈਂ ਦੀ ਸਫਾਈ ਤੇ ਸਵੱਛ ਸੁਲਤਾਨਪੁਰ ਲੋਧੀ ਮੁਹਿੰਮ ਚਲਾਉਣਾ, ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਵੱਖ-ਵੱਖ ਯੂਨੀਵਰਸਿਟੀ-ਕਾਲਜਾਂ ਵਿੱਚ ਸੈਮੀਨਾਰ, ਸਾਹਿਤਕ ਮੁਕਾਬਲੇ, ਗੁਰਬਾਣੀ ਉਚਾਰਨ ਤੇ ਸ਼ਬਦ ਗਾਇਨ ਮੁਕਾਬਲੇ, ਪੇਂਟਿੰਗ ਤੇ ਫੋਟੋ ਪ੍ਰਦਰਸ਼ਨੀਆਂ ਕਰਵਾਉਣੀਆਂ, ਪੰਜਾਬ ਦੀਆਂ ਯੂਨੀਵਰਸਿਟੀਆਂ ਤੇ ਪੰਜਾਬ ਤੋਂ ਬਾਹਰ ਕਿਸੇ ਦੋ ਥਾਂ ਗੁਰੂ ਨਾਨਕ ਦੇਵ ਜੀ ਚੇਅਰ ਸਥਾਪਤ ਕਰਨਾ, 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੂਬੇ ਵਿੱਚ ਸ਼ਾਨਦਾਰ ਮਿਸਾਲੀ ਯਾਦਗਾਰ ਸਥਾਪਤ ਕਰਨਾ ਹੈ ਜਿਹੜੀ ਇਨਸਾਨੀਅਤ ਨੂੰ ਸਮਰਪਿਤ ਹੋਵੇਗੀ।
ਉਨ੍ਹਾਂ ਕਿਹਾ ਕਿ ਵਿਸ਼ਵ ਕਵੀ ਸੰਮੇਲਨ ਵੀ ਕਰਵਾਇਆ ਜਾਵੇਗਾ ਅਤੇ ਵਿਸ਼ਵ ਪਵਿੱਤਰ ਸੰਗੀਤ ਮੇਲਾ ਵੀ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਉਥੋਂ ਦੇ ਸੱਭਿਆਚਾਰਾਂ ਨੂੰ ਵੀ ਸਮਾਗਮਾਂ ਦਾ ਹਿੱਸਾ ਬਣਾਇਆ ਜਾਵੇਗਾ ਜਿੱਥੇ-ਜਿੱਥੇ ਗੁਰੂ ਸਾਹਿਬ ਨੇ ਚਰਨ ਪਾਏ।ਸਿੱਧੂ ਨੇ ਕਿਹਾ ਕਿ ਸਾਧਨਾਂ ਨੂੰ ਜੁਟਾਉਣ ਲਈ ਕਮੇਟੀ ਬਣਾਈ ਜਾਵੇਗੀ ਜਿਸ ਵਿੱਚ ਕਾਰਪੋਰੇਟ ਘਰਾਣਿਆਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ।By: ਏਬੀਪੀ ਸਾਂਝਾ |
Comments