ਨਿਰਭੈਆ ਜਬਰ ਜਨਾਹ ਮਾਮਲਾ 22 ਜਨਵਰੀ ਨੂੰ ਸਵੇਰੇ 7 ਵਜੇ ਦਿੱਤੀ ਜਾਵੇਗੀ ਫਾਂਸੀ


ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 7 ਜਨਵਰੀ -ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਨਿਰਭੈਆ ਕਾਂਡ ਦੇ 85 ਮਹੀਨਿਆਂ ਬਾਅਦ ਚਾਰਾਂ ਦੋਸ਼ੀਆਂ ਦੀ ਮੌਤ ਦੇ ਵਾਰੰਟ ਜਾਰੀ ਕਰ ਦਿੱਤੇ ਹਨ, ਜਿਸ ਮੁਤਾਬਿਕ 22 ਜਨਵਰੀ ਨੂੰ ਸਵੇਰੇ 7 ਵਜੇ ਸਾਰੇ ਦੋਸ਼ੀਆਂ ਨੂੰ ਫਾਂਸੀ ਦਿੱਤੀ ਜਾਵੇਗੀ | ਦਸੰਬਰ, 2012 'ਚ ਦਿੱਲੀ 'ਚ ਇਕ ਵਿਦਿਆਰਥਣ ਨਾਲ ਹੋਏ ਸਮੂਹਿਕ ਜਬਰ ਜਨਾਹ ਮਾਮਲੇ 'ਚ ਅਕਸ਼ੈ ਠਾਕੁਰ, ਮੁਕੇਸ਼, ਪਵਨ ਗੁਪਤਾ ਅਤੇ ਵਿਨੈ ਸ਼ਰਮਾ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ | ਅਦਾਲਤ ਦੇ ਫੈਸਲੇ 'ਤੇ ਭਾਵੁਕ ਹੋਈ ਨਿਰਭੈਆ ਦੀ ਮਾਂ ਨੇ ਕਿਹਾ ਕਿ ਉਨ੍ਹਾਂ ਦੀ ਬੇਟੀ ਨੂੰ ਇਨਸਾਫ ਮਿਲ ਗਿਆ ਹੈ | ਉਨ੍ਹਾਂ ਕਿਹਾ ਕਿ ਅਦਾਲਤ ਦੇ ਫੈਸਲੇ ਨਾਲ ਲੋਕਾਂ ਦਾ ਨਿਆਂਪਾਲਿਕਾ 'ਤੇ ਭਰੋਸਾ ਮਜ਼ਬੂਤ ਹੋਵੇਗਾ |
ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ ਸੁਣਵਾਈ
ਪਟਿਆਲਾ ਹਾਊਸ ਕੋਰਟ 'ਚ ਦੁਪਹਿਰ ਤਕਰੀਬਨ ਸਾਢੇ ਤਿੰਨ ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਸੁਣਵਾਈ ਕੀਤੀ ਗਈ, ਜਿਸ 'ਚ ਅਦਾਲਤ ਦਾ ਫੈਸਲਾ ਦੇਣ ਤੋਂ ਪਹਿਲਾਂ ਦੋਸ਼ੀ ਅਕਸ਼ੈ ਨੇ ਮੀਡੀਆ 'ਤੇ ਖਬਰਾਂ ਲੀਕ ਕਰਨ ਦਾ ਇਲਜ਼ਾਮ ਲਾਉਂਦਿਆਂ, ਜੱਜ ਨਾਲ ਇਕੱਲੇ 'ਚ ਗੱਲ ਕਰਨ ਦੀ ਇਜ਼ਾਜਤ ਮੰਗੀ, ਜਿਸ ਤੋਂ ਬਾਅਦ ਮੀਡੀਆ ਨੂੰ ਸੁਣਵਾਈ ਵਾਲੇ ਕਮਰੇ ਤੋਂ ਬਾਹਰ ਕਰ ਦਿੱਤਾ ਗਿਆ | ਅਕਸ਼ੈ ਨੇ ਜੱਜ ਅੱਗੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਉਸ ਨੇ ਕਦੇ ਵੀ ਕਾਨੂੰਨੀ ਅਮਲ 'ਚ ਦੇਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਸਿਰਫ਼ ਕਾਨੂੰਨੀ ਢੰਗ ਨਾਲ ਹੀ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਹੈ |
'ਕਿਊਰੇਟਿਵ' ਪਟੀਸ਼ਨ ਦਾਇਰ ਕਰਨਾ ਚਾਹੁੰਦੇ ਹਾਂ-ਦੋਸ਼ੀ ਦੇ ਵਕੀਲ
ਸੁਣਵਾਈ ਦੌਰਾਨ ਹੋਈ ਬਹਿਸ 'ਚ ਦੋਸ਼ੀ ਵਲੋਂ ਪੇਸ਼ ਹੋਏ ਵਕੀਲ ਐਮ. ਐਲ. ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦਾ ਸਾਇਲ 'ਕਿਉਰੇਟਿਵ' ਪਟੀਸ਼ਨ ਦਾਇਰ ਕਰਨਾ ਚਾਹੁੰਦਾ ਹੈ, ਜਿਸ ਲਈ ਉਸ ਨੇ ਸਮੇਂ ਦੀ ਮੰਗ ਕੀਤੀ | ਸਰਕਾਰੀ ਵਕੀਲ ਰਾਜੀਵ ਮੋਹਨ ਨੇ ਇਸ ਮੰਗ ਦਾ ਵਿਰੋਧ ਕਰਦਿਆਂ ਕਿਹਾ ਕਿ ਇਹ ਸਿਰਫ ਮਾਮਲੇ ਨੂੰ ਲਟਕਾਉਣਾ ਚਾਹੁੰਦੇ ਹਨ | ਰਾਜੀਵ ਮੋਹਨ ਨੇ ਦੋਸ਼ੀ ਧਿਰ ਦੀ ਮੰਗ ਦਾ ਵਿਰੋਧ ਕਰਦਿਆਂ ਕਿਹਾ ਕਿ ਜੇਲ੍ਹ ਪ੍ਰਸ਼ਾਸਨ ਨੂੰ ਦਿੱਤੇ ਨੋਟਿਸ ਸਮੇਂ ਕੋਈ ਪਟੀਸ਼ਨ ਦਾਇਰ ਨਹੀਂ ਕੀਤੀ ਗਈ ਅਤੇ ਨਾ ਹੀ ਕੋਈ ਪਟੀਸ਼ਨ ਅਦਾਲਤ 'ਚ ਬਕਾਇਆ ਹੈ | ਸਰਕਾਰੀ ਵਕੀਲ ਨੇ ਦਲੀਲ ਦਿੰਦਿਆਂ ਕਿਹਾ ਕਿ ਮੁੜ ਜਾਇਜ਼ਾ ਪਟੀਸ਼ਨ ਖਾਰਜ ਹੋਣ ਤੋਂ ਬਾਅਦ ਨਿਸ਼ਚਿਤ ਸਮੇਂ ਅੰਦਰ 'ਕਿਉਰੇਟਿਵ' ਪਟੀਸ਼ਨ ਵੀ ਦਾਇਰ ਕੀਤੀ ਜਾ ਸਕਦੀ ਸੀ |
ਕੀ ਹੈ ਮੌਤ ਵਾਰੰਟ
ਮੌਤ ਵਾਰੰਟ ਨੂੰ ਬਲੈਕ ਵਾਰੰਟ ਵੀ ਕਿਹਾ ਜਾ ਸਕਦਾ ਹੈ | ਇਸ ਦੇ ਫਾਰਮ ਨੰਬਰ 42 'ਚ ਫਾਂਸੀ ਦਾ ਸਮਾਂ, ਥਾਂ ਅਤੇ ਤਰੀਕ ਦਾ ਜ਼ਿਕਰ ਕੀਤਾ ਜਾਂਦਾ ਹੈ | ਮੌਤ ਵਾਰੰਟ 'ਚ ਫਾਂਸੀ ਦਿੱਤੇ ਜਾਣ ਵਾਲੇ ਦੋਸ਼ੀ ਦਾ ਨਾਂਅ ਲਿਖਿਆ ਜਾਂਦਾ ਹੈ | ਇਸ ਦੇ ਨਾਲ ਇਹ ਵੀ ਲਿਖਿਆ ਹੁੰਦਾ ਹੈ ਕਿ ਦੋਸ਼ੀਆਂ ਨੂੰ ਤਦ ਤੱਕ ਫਾਂਸੀ 'ਤੇ ਲਟਕਾਇਆ ਜਾਵੇਗਾ, ਜਦ ਤੱਕ ਉਨ੍ਹਾਂ ਦੀ ਮੌਤ ਨਹੀਂ ਹੋ ਜਾਂਦੀ | ਤੈਅ ਅਮਲ ਦੇ ਮੁਤਾਬਿਕ ਮੌਤ ਵਾਰੰਟ ਜਾਰੀ ਹੋਣ 'ਤੇ ਦੋਸ਼ੀਆਂ ਨੂੰ ਇਸ ਦੇ ਖਿਲਾਫ਼ ਅਪੀਲ ਕਰਨ ਲਈ 14 ਦਿਨ ਦਾ ਸਮਾਂ ਦਿੱਤਾ ਜਾਂਦਾ ਹੈ | ਜੇਕਰ ਦੋਸ਼ੀ ਨਿਸਚਿਤ ਸਮੇਂ 'ਚ ਹਾਈਕੋਰਟ 'ਚ ਅਪੀਲ ਨਹੀਂ ਕਰਦਾ ਤਾਂ ਦੋਸ਼ੀ ਨੂੰ 14 ਦਿਨਾਂ ਬਾਅਦ ਫਾਂਸੀ ਦੇ ਦਿੱਤੀ ਜਾਵੇਗੀ | ਸਰਕਾਰੀ ਵਕੀਲ ਨੇ ਇਸ ਅਮਲ ਦਾ ਹਵਾਲਾ ਦਿੰਦਿਆਂ ਕਿਹਾ ਕਿ ਮੌਤ ਵਾਰੰਟ ਜਾਰੀ ਹੁੰਦਿਆਂ ਹੀ ਫਾਂਸੀ ਨਹੀਂ ਦਿੱਤੀ ਜਾਂਦੀ | ਦਿੱਤੇ ਸਮੇਂ (14 ਦਿਨਾਂ) 'ਚ ਹੀ ਪਟੀਸ਼ਨ ਦਾਇਰ ਕੀਤੀ ਜਾ ਸਕਦੀ ਹੈ ਅਤੇ ਜੇਕਰ ਪਟੀਸ਼ਨ ਬਕਾਇਆ ਰਹੀ ਤਾਂ ਫਾਂਸੀ ਵੈਸੇ ਹੀ ਰੁਕ ਜਾਏਗੀ |
ਤਿਹਾੜ ਜੇਲ੍ਹ 'ਚ ਫਾਂਸੀ ਦੀਆਂ ਤਿਆਰੀਆਂ ਪੂਰੀਆਂ
ਪਟਿਆਲਾ ਹਾਊਸ ਵਲੋਂ ਮੌਤ ਵਾਰੰਟ ਜਾਰੀ ਕਰਨ ਤੋਂ ਬਾਅਦ ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਤਿਆਰੀਆਂ ਮੁਕੰਮਲ ਹਨ | ਤਿਹਾੜ ਜੇਲ੍ਹ 'ਚ ਫਾਂਸੀ ਦੇ ਫੰਦੇ ਤੋਂ ਲੈ ਕੇ ਹੋਰ ਸਾਰੀਆਂ ਤਿਆਰੀਆਂ ਦਾ ਟਰਾਇਲ ਲਿਆ ਜਾ ਚੁੱਕਾ ਹੈ, ਹਾਲਾਂਕਿ ਦੋਸ਼ੀਆਂ ਦੇ ਭਾਰ ਦਾ ਮੁੜ ਤੋਂ ਟਰਾਇਲ ਹੋਵੇਗਾ | ਚਾਰਾਂ ਦੋਸ਼ੀਆਂ ਨੂੰ ਇਕੱਠੇ ਫਾਂਸੀ 'ਤੇ ਲਟਕਾਉਣ ਲਈ ਤਿਹਾੜ ਜੇਲ੍ਹ 'ਚ ਤਕਰੀਬਨ 25 ਲੱਖ ਰੁਪਏ ਦੀ ਲਾਗਤ ਨਾਲ ਇਕ ਨਵਾਂ ਫਾਂਸੀ ਘਰ ਤਿਆਰ ਕੀਤਾ ਗਿਆ ਹੈ |
ਕੀ ਹੈ ਮਾਮਲਾ
16 ਦਸੰਬਰ, 2012 ਦੀ ਰਾਤ ਨੂੰ ਦਿੱਲੀ 'ਚ ਪੈਰਾਮੈਡੀਕਲ ਦੀ ਇਕ ਵਿਦਿਆਰਥਣ ਨਾਲ ਚਲਦੀ ਬੱਸ 'ਚ 6 ਲੋਕਾਂ ਨੇ ਸਮੂਹਿਕ ਜਬਰ ਜਨਾਹ ਕੀਤਾ ਅਤੇ ਉਸ ਨੂੰ ਗੰਭੀਰ ਤੌਰ 'ਤੇ ਜ਼ਖ਼ਮੀ ਵੀ ਕਰ ਦਿੱਤਾ ਸੀ | ਜ਼ਖਮਾਂ ਦੀ ਤਾਬ ਨਾ ਝੱਲਦਿਆਂ 26 ਦਸੰਬਰ ਨੂੰ ਸਿੰਗਾਪੁਰ ਦੇ ਹਸਪਤਾਲ 'ਚ ਉਸ ਦੀ ਮੌਤ ਹੋ ਗਈ ਸੀ | ਸੁਣਵਾਈ ਦੌਰਾਨ ਮੁੱਖ ਦੋਸ਼ੀ ਰਾਮ ਸਿੰਘ ਨੇ ਤਿਹਾੜ ਜੇਲ੍ਹ 'ਚ ਖੁਦਕੁਸ਼ੀ ਕਰ ਲਈ ਸੀ, ਜਦਕਿ ਇਕ ਹੋਰ ਨਾਬਾਲਗ ਦੋਸ਼ੀ 3 ਸਾਲ ਦੀ ਸਜ਼ਾ ਕੱਟ ਕੇ ਸੁਧਾਰ ਘਰ ਤੋਂ ਛੁਟ ਚੁੱਕਾ ਹੈ |
ਬਚੇ ਕਾਨੂੰਨੀ ਬਦਲ
ਦੋਸ਼ੀ ਪਵਨ ਗੁਪਤਾ, ਮੁਕੇਸ਼ ਸਿੰਘ, ਵਿਨੇ ਸ਼ਰਮਾ ਤੇ ਅਕਸ਼ੈ ਠਾਕੁਰ ਦੇ ਵਕੀਲਾਂ ਨੇ ਕਿਹਾ ਕਿ ਉਹ ਸੁਪਰੀਮ ਕੋਰਟ 'ਚ ਇਕ ਕਿਊਰੇਟਿਵ ਪਟੀਸ਼ਨ ਦਾਇਰ ਕਰਨਗੇ | ਸਾਰੇ ਦੋਸ਼ੀ ਰਾਸ਼ਟਰਪਤੀ ਕੋਲ ਰਹਿਮ ਦੀ ਪਟੀਸ਼ਨ ਵੀ ਦਾਖ਼ਲ ਕਰ ਸਕਦੇ ਹਨ |
ਫ਼ੈਸਲੇ ਨਾਲ ਨਿਰਭੈਆ ਦੇ ਪਰਿਵਾਰ ਤੇ ਦੇਸ਼ ਨੂੰ ਸ਼ਾਂਤੀ ਮਿਲੇਗੀ-ਕਾਂਗਰਸ
ਕਾਂਗਰਸ ਨੇ ਅੱਜ ਚਾਰੇ ਦੋਸ਼ੀਆਂ ਦੇ ਮੌਤ ਦੇ ਵਾਰੰਟ ਜਾਰੀ ਕਰਨ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਪੀੜਤਾ ਦੇ ਪਰਿਵਾਰ ਅਤੇ ਦੇਸ਼ ਨੂੰ ਸ਼ਾਂਤੀ ਦੇਵੇਗਾ ਪਰ ਮਾਮਲੇ 'ਚ ਨਿਆਂ ਹੋਣ 'ਚ ਦੇਰੀ ਹੋਈ ਹੈ | ਕਾਂਗਰਸ ਦੇ ਬੁਲਾਰੇ ਸੁਸ਼ਮਿਤਾ ਦੇਵ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਇਸ ਦਾ ਸਵਾਗਤ ਕਰਦੇ ਹਾਂ | ਨਿਰਭੈਆ ਦੇ ਮਾਤਾ-ਪਿਤਾ ਨੇ 7 ਸਾਲ ਤੱਕ ਸੰਘਰਸ਼ ਕੀਤਾ ਅਤੇ ਉਨ੍ਹਾਂ ਨੂੰ ਸਲਾਮ ਕਰਦੇ ਹਾਂ | ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਮਾਮਲੇ 'ਚ ਨਿਆਂ ਹੋਣ 'ਚ ਦੇਰੀ ਹੋਈ ਹੈ | ਉਹ ਮਹਿਸੂਸ ਕਰਦੇ ਹਨ ਕਿ ਨਿਆਂ 'ਚ ਦੇਰੀ ਨਿਆਂ ਤੋਂ ਵਾਂਝੇ ਕਰਨਾ ਹੁੰਦਾ ਹੈ |
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਔਰਤਾਂ ਨਾਲ ਦੁਰਵਿਵਹਾਰ ਕਰਨ ਵਾਲੇ ਲੋਕਾਂ ਨੂੰ ਇਸ ਤੋਂ ਸਬਕ ਮਿਲੇਗਾ ਕਿ ਉਹ ਬਚ ਨਹੀਂ ਸਕਦੇ | ਉਨ੍ਹਾਂ ਕਿਹਾ ਕਿ ਦੋਸ਼ੀਆਂ ਦੇ ਮੌਤ ਦੇ ਵਾਰੰਟ ਜਾਰੀ ਹੋਣ ਨਾਲ ਦਿੱਲੀ ਦੇ ਲੋਕਾਂ ਦੀ ਲੰਬੇ ਸਮੇਂ ਦੀ ਇੱਛਾ ਪੂਰੀ ਹੋਈ ਹੈ |

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

ਪਿਛਲੇ ਦਿਨੀਂ ਆਸਟ੍ਰੇਲੀਆ ਦੇ ਇਸਟਰਨ ਫਰੀਵੇਅ ਤੇ ਹੋਏ ਹਾਦਸੇ ਵਿੱਚ ਪੁਲਿਸ ਮੁਤਾਬਿਕ ਸ਼ਾਮਿਲ ਪੰਜਾਬੀ ਟਰੱਕ ਡਰਾਈਵਰ ਦੇ ਟਰੱਕ ਵਿਚੋਂ ਡਰੱਗਜ਼ ਬਰਾਮਦ । ਦੇਖੋ ਪੂਰੀ ਖਬਰ