ਯੂਰਪੀਅਨ ਯੂਨੀਅਨ ਤੋਂ ਅੱਜ ਵੱਖ ਹੋਵੇਗਾ ਇੰਗਲੈਂਡ

ਲੰਡਨ, 30 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਅੱਜ ਰਾਤੀਂ 11 ਵਜੇ ਯੂ. ਕੇ. ਯੂਰਪੀਅਨ ਯੂਨੀਅਨ ਤੋਂ ਬਾਹਰ ਹੋ ਜਾਵੇਗਾ, ਜਿਸ ਨਾਲ ਅਦਲਾ ਬਦਲੀ ਲਈ 11 ਮਹੀਨੇ ਦਾ ਸਮਾਂ ਕਾਲ ਸ਼ੁਰੂ ਹੋ ਜਾਵੇਗਾ | ਇਨ੍ਹਾਂ 11 ਮਹੀਨਿਆਂ ਵਿਚ ਯੂ. ਕੇ. ਨੂੰ ਯੂਰਪੀਅਨ ਕਾਨੂੰਨਾਂ ਦੀ ਪਾਲਣਾ ਕਰਨੀ ਜ਼ਰੂਰੀ ਹੋਵੇਗੀ ਅਤੇ ਬਣਦਾ ਪੈਸਾ ਵੀ ਦੇਣਾ ਹੋਵੇਗਾ | ਇਕ ਫਰਵਰੀ ਤੋਂ ਬਹੁਤਾ ਕੁਝ ਪਹਿਲਾਂ ਵਾਂਗ ਹੀ ਰਹੇਗਾ ਪਰ ਕੁਝ ਤਬਦੀਲੀਆਂ ਵੀ ਹੋ ਜਾਣਗੀਆਂ | ਜਿਨ੍ਹਾਂ ਵਿਚ ਸਭ ਤੋਂ ਮਹੱਤਵਪੂਰਨ ਗੱਲ ਹੈ ਕਿ ਯੂ. ਕੇ. ਦੇ ਸਮੂਹ ਯੂਰਪੀਅਨ ਪਾਰਲੀਮੈਂਟ ਦੇ ਮੈਂਬਰਾਂ ਦੀਆਂ ਸੀਟਾਂ ਖ਼ਤਮ ਹੋ ਜਾਣਗੀਆਂ ਅਤੇ ਯੂ. ਕੇ. ਦੇ 73 ਯੂਰਪੀਅਨ ਸੰਸਦ ਮੈਂਬਰ ਆਪਣੇ ਅਹੁਦੇ ਤੋਂ ਫ਼ਾਰਗ ਹੋ ਜਾਣਗੇ | ਬ੍ਰੈਗਜ਼ਿਟ ਕਾਰਨ ਯੂ. ਕੇ. ਨੂੰ ਯੂਰਪੀ ਸੰਘ ਦੇ ਸਿਆਸੀ ਅਦਾਰੇ ਅਤੇ ਏਜੰਸੀਆਂ ਛੱਡਣੀਆਂ ਪੈਣਗੀਆਂ | ਬਰਤਾਨੀਆ ਦੇ ਮੰਤਰੀ ਕਿਸੇ ਵੀ ਯੂਰਪੀ ਸੰਘ ਦੀ ਮੀਟਿੰਗ ਵਿਚ ਕੋਈ ਫ਼ੈਸਲਾ ਲੈਣ ਲਈ ਸ਼ਮੂਲੀਅਤ ਨਹੀਂ ਕਰ ਸਕਣਗੇ | ਭਵਿੱਖ ਵਿਚ ਹੋਣ ਵਾਲੇ ਯੂਰਪੀਅਨ ਯੂਨੀਅਨ ਦੇ ਸੰਮੇਲਨਾਂ ਵਿਚ ਭਾਗ ਲੈਣ ਲਈ ਬਰਤਾਨਵੀ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੂੰ ਵਿਸ਼ੇਸ਼ ਸੱਦਾ ਭੇਜਣਾ ਹੋਵੇਗਾ, ਬਿਨਾਂ ਸੱਦੇ ਦੇ ਉਹ ਕਿਸੇ ਸੰਮੇਲਨ ਵਿਚ ਹਿੱਸਾ ਨਹੀਂ ਲੈ ਸਕਣਗੇ | ਯੂਰਪੀ ਸੰਘ ਤੋਂ ਬਾਹਰ ਹੋਣ ਤੋਂ ਬਾਅਦ ਯੂ. ਕੇ. ਨੂੰ ਵਿਸ਼ਵ ਦੇ ਹੋਰਨਾਂ ਦੇਸ਼ਾਂ ਨਾਲ ਖ਼ਰੀਦੋ ਫ਼ਰੋਖ਼ਤ ਲਈ ਨਵੇਂ ਨਿਯਮ ਬਣਾਉਣਗੇ ਹੋਣਗੇ | ਯੂ. ਕੇ. ਦੇ ਨਾਗਰਿਕਾਂ ਦੇ ਪਾਸਪੋਰਟ ਦਾ ਰੰਗ 30 ਸਾਲਾਂ ਬਾਅਦ ਮੁੜ ਨੀਲਾ ਹੋ ਜਾਵੇਗਾ | ਪਰ ਪਹਿਲਾਂ ਜਾਰੀ ਹੋਏ ਪਾਸਪੋਰਟ ਵਰਤਣਯੋਗ ਹੋਣਗੇ | ਇਸ ਇਤਿਹਾਸਕ ਮੌਕੇ 50 ਪਿੰਸ ਦਾ ਸਿੱਕਾ ਜਾਰੀ ਕੀਤਾ ਜਾਵੇਗਾ | ਜਿਸ ਦੇ ਇਕ ਪਾਸੇ 'ਸਭ ਦੇਸ਼ਾਂ ਨਾਲ ਸ਼ਾਂਤੀ, ਖ਼ੁਸ਼ਹਾਲੀ ਅਤੇ ਦੋਸਤੀ' ਲਿਖਿਆ ਹੋਵੇਗਾ ਅਤੇ 30 ਲੱਖ ਸਿੱਕੇ ਸ਼ੁੱਕਰਵਾਰ ਨੂੰ ਜਾਰੀ ਹੋਣਗੇ | ਯੂ. ਕੇ. ਦਾ ਬ੍ਰੈਗਜ਼ਿਟ ਸਮਝੌਤੇ ਬਾਰੇ ਸਾਬਕਾ ਪ੍ਰਧਾਨ ਮੰਤਰੀ ਥੈਰੀਸਾ ਮੇਅ ਵਲੋਂ ਬਣਾਇਆ ਗਿਆ ਵਿਭਾਗ ਬੰਦ ਕਰ ਦਿੱਤਾ ਜਾਵੇਗਾ | ਇਸ ਤੋੜ ਵਿਛੋੜੇ ਤੋਂ ਬਾਅਦ ਜਰਮਨੀ ਕਿਸੇ ਵੀ ਸ਼ੱਕੀ ਅਪਰਾਧੀ ਨੂੰ ਯੂ. ਕੇ. ਨੂੰ ਨਹੀਂ ਦੇਵੇਗਾ, ਕਿਉਂਕਿ ਅਜਿਹਾ ਕਰਨਾ ਜਰਮਨੀ ਸੰਵਿਧਾਨ ਦਾ ਉਲੰਘਣ ਹੋਵੇਗਾ | ਪਰ ਇਸ ਅਦਲਾ-ਬਦਲੀ ਸਮੇਂ ਦੇ 11 ਮਹੀਨਿਆਂ ਦੌਰਾਨ ਇਹ ਨਿਯਮ ਲਾਗੂ ਨਹੀਂ ਹੋਵੇਗਾ |
ਨਹੀਂ ਬਦਲਣਗੀਆਂ ਇਹ 7 ਚੀਜ਼ਾਂ
ਬ੍ਰੈਗਜ਼ਿਟ ਤੋਂ ਬਾਅਦ 7 ਚੀਜ਼ਾਂ ਜੋ ਨਹੀਂ ਬਦਲਣਗੀਆਂ ਉਨ੍ਹਾਂ 'ਚ ਸਭ ਤੋਂ ਮੁੱਖ ਸੈਰ ਸਪਾਟਾ ਨਿਯਮ ਹੈ, ਜੋ 31 ਦਸੰਬਰ 2020 ਤੱਕ ਨਹੀਂ ਬਦਲੇਗਾ, ਯੂ. ਕੇ. ਦੇ ਨਾਗਰਿਕ ਇਸ ਸਮੇਂ ਦੌਰਾਨ ਯੂਰਪੀਅਨ ਨਾਗਰਿਕਾਂ ਵਾਲਾ ਪਾਸਪੋਰਟ ਕੰਟਰੋਲ ਸੁਵਿਧਾ ਹਵਾਈ ਅੱਡਿਆਂ, ਬੰਦਰਗਾਹਾਂ ਅਤੇ ਰੇਲਗੱਡੀਆਂ ਦੌਰਾਨ ਹਾਸਲ ਕਰਦੇ ਰਹਿਣਗੇ | ਡਰਾਈਵਿੰਗ ਲਾਇਸੈਂਸ ਅਗਲੀ ਯੋਗ ਤਰੀਕ ਤੱਕ ਵਰਤਣ ਦਾ ਅਧਿਕਾਰ ਹੋਵੇਗਾ | ਯੂ. ਕੇ. ਨਾਗਰਿਕ ਮੈਡੀਕਲ ਸਹੂਲਤ ਲਈ ਜਾਰੀ ਕਾਰਡ ਨੂੰ 31 ਦਸੰਬਰ ਤੱਕ ਵਰਤ ਸਕਣਗੇ | ਯੂਰਪੀਅਨ ਦੇਸ਼ਾਂ ਵਿਚ ਆਉਣ ਜਾਣ, ਰਹਿਣ ਅਤੇ ਕੰਮ ਕਰਨ ਦੀ ਵੀ ਇਸ ਸਮੇਂ ਦੌਰਾਨ ਕੋਈ ਪਾਬੰਦੀ ਨਹੀਂ ਹੋਵੇਗੀ | ਯੂਰਪੀਅਨ ਦੇਸ਼ਾਂ ਵਿਚ ਰਹਿਣ ਵਾਲੇ ਯੂ. ਕੇ. ਦੇ ਨਾਗਰਿਕਾਂ ਨੂੰ ਸਰਕਾਰੀ ਪੈਨਸ਼ਨ ਵੀ ਮਿਲਦੀ ਰਹੇਗੀ | ਯੂ. ਕੇ. ਇਸ ਅਦਲਾ-ਬਦਲੀ ਦੇ 11 ਮਹੀਨਿਆਂ ਦੌਰਾਨ ਯੂਰਪੀਅਨ ਬਜਟ ਵਿਚ ਹਿੱਸਾ ਪਾਵੇਗਾ ਅਤੇ ਯੂਰਪੀ ਸੰਘ ਵਲੋਂ ਮਿਲਣ ਵਾਲੀਆਂ ਗਰਾਂਟ ਸਕੀਮਾਂ ਜਾਰੀ ਰਹਿਣਗੀਆਂ | ਯੂ. ਕੇ. ਅਤੇ ਯੂਰਪੀ ਸੰਘ ਵਿਚ ਵਪਾਰ ਦਾ ਅਦਾਨ ਪ੍ਰਦਾਨ ਬਿਨਾਂ ਕਿਸੇ ਵਾਧੂ ਖ਼ਰਚੇ ਜਾਂ ਜਾਂਚ ਪੜਤਾਲ ਦੇ ਪਹਿਲਾਂ ਵਾਂਗ ਹੀ ਚੱਲਦਾ ਰਹੇਗਾ |

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

ਪਿਛਲੇ ਦਿਨੀਂ ਆਸਟ੍ਰੇਲੀਆ ਦੇ ਇਸਟਰਨ ਫਰੀਵੇਅ ਤੇ ਹੋਏ ਹਾਦਸੇ ਵਿੱਚ ਪੁਲਿਸ ਮੁਤਾਬਿਕ ਸ਼ਾਮਿਲ ਪੰਜਾਬੀ ਟਰੱਕ ਡਰਾਈਵਰ ਦੇ ਟਰੱਕ ਵਿਚੋਂ ਡਰੱਗਜ਼ ਬਰਾਮਦ । ਦੇਖੋ ਪੂਰੀ ਖਬਰ