ਅਮਰੀਕਾ ਵਿਚ ਪੰਜਾਬੀ ਵਿਅਕਤੀ ਦੀ ਮੌਤ
ਜਲੰਧਰ ਦੇ ਰਹਿਣ ਵਾਲੇ ਵਿਅਕਤੀ ਦੀ ਅਮਰੀਕਾ 'ਚ ਸੜਕ ਹਾਦਸੇ ਦੌਰਾਨ ਮੌਤ
ਜਲੰਧਰ, 2 ਜਨਵਰੀ (ਐੱਮ. ਐੱਸ. ਲੋਹੀਆ)- ਅਮਰੀਕਾ ਦੇ ਐਟਲਾਂਟਿਕ ਸਿਟੀ 'ਚ 31 ਦਸੰਬਰ ਦੀ ਰਾਤ ਨੂੰ ਹੋਏ ਸੜਕ ਹਾਦਸੇ ਦੌਰਾਨ ਗੰਭੀਰ ਜ਼ਖ਼ਮੀ ਹੋਏ ਜਲੰਧਰ, ਅਰਬਨ ਅਸਟੇਟ-1 ਦੇ ਰਹਿਣ ਵਾਲੇ ਕਮਲ ਚੰਦ (41) ਪੁੱਤਰ ਗਿਆਨ ਚੰਦ ਭਾਰਦਵਾਜ ਦੀ ਇਲਾਜ ਦੌਰਾਨ ਮੌਤ ਹੋ ਗਈ | ਜਾਣਕਾਰੀ ਅਨੁਸਾਰ ਕਮਲ ਚੰਦ ਆਪਣੇ ਪਰਿਵਾਰ ਦੇ ਨਾਲ ਪਿਛਲੇ 13 ਸਾਲ ਤੋਂ ਅਮਰੀਕਾ 'ਚ ਰਹਿ ਰਿਹਾ ਸੀ, ਜਿਸ ਦੇ 2 ਬੱਚੇ ਹਨ ਅਤੇ ਉਹ ਗੈਸ ਪੰਪ 'ਤੇ ਕੰਮ ਕਰਦਾ ਸੀ | ਮੰਗਲਵਾਰ ਦੀ ਰਾਤ ਨੂੰ ਉਹ ਆਪਣੇ ਕੰਮ 'ਤੇ ਜਾ ਰਿਹਾ ਸੀ ਕਿ ਕਿਸੇ ਕਾਰਨ ਰਸਤੇ 'ਚ ਸੜਕ ਕਿਨਾਰੇ ਰੁਕਿਆ ਤਾਂ ਪਿਛੋਂ ਆਈ ਇਕ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਕਮਲ ਚੰਦ ਗੰਭੀਰ ਜ਼ਖ਼ਮੀ ਹੋ ਗਿਆ | ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ | ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਪੁਲਿਸ ਨੇ ਕਾਰ ਚਾਲਕ ਨੂੰ ਕਾਬੂ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Comments