ਜੰਗਲਾਂ 'ਚ ਲੱਗੀ ਅੱਗ ਨਾਲ ਵਾਤਾਵਰਨ 'ਚ ਆਏ ਬਦਲਾਅ ਨੂੰ ਲੈ ਕੇ ਸਿਡਨੀ 'ਚ ਵੱਡੀ ਰੈਲੀ
ਸਿਡਨੀ, 10 ਜਨਵਰੀ (ਹਰਕੀਰਤ ਸਿੰਘ ਸੰਧਰ)-ਸਿਡਨੀ ਦੇ ਟਾਊਨ ਹਾਲ ਵਿਚ ਵਾਤਾਵਰਨ ਬਦਲਾਅ ਅਤੇ ਅੱਗ ਬੁਝਾਉਣ ਲਈ ਹੋਰ ਸਾਧਨਾਂ ਨੂੰ ਲੈ ਕੇ ਵਿਸ਼ੇਸ਼ ਇਕੱਠ ਹੋਇਆ | ਇਸ ਮੌਕੇ ਮਾਹੌਲ ਬਹੁਤ ਹੀ ਭਾਵੁਕ ਸੀ | ਲੋਕਾਂ ਨੇ ਹੱਥਾਂ ਵਿਚ ਵੱਖ-ਵੱਖ ਤਰ੍ਹਾਂ ਦੇ ਭਾਵੁਕ ਕਰਨ ਵਾਲੇ ਬੋਰਡ ਫੜੇ ਸਨ ਅਤੇ ਕਹਿ ਰਹੇ ਸਨ ਕਿ ਜਿਊਾਦੇ ਜਾਨਵਰ ਤੇ ਕੋਇਲੇ ਵਿਚ ਫਰਕ ਹੁੰਦਾ ਹੈ | ਇਸ ਤਰ੍ਹਾਂ ਦਾ ਰੋਸ ਮਾਰਚ ਪਹਿਲੀ ਵਾਰ ਦੇਖਣ ਨੂੰ ਮਿਲਿਆ, ਜਿਸ ਵਿਚ ਕਈ ਅੱਖਾਂ ਨਮ ਸਨ | ਤਪਦੀ ਗਰਮੀ ਵਿਚ ਇਹ ਮਾਰਚ ਟਾਊਨ ਹਾਲ ਸਟੇਸ਼ਨ ਦੇ ਮੂਹਰੇ ਕੀਤਾ ਗਿਆ ਅਤੇ ਰੇਲਾਂ ਵੀ ਪ੍ਰਭਾਵਿਤ ਹੋਈਆਂ | ਰੋਸ ਕਰਨ ਵਾਲੀ ਸੰਸਥਾ ਨੇ ਕਿਹਾ ਕਿ ਇਹ ਜੰਗਲਾਂ ਦੀ ਅੱਗ, ਭਖਦੀ ਗਰਮੀ, ਸੋਕਾ ਸਾਡੀਆਂ ਤੇ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਹੋਇਆ ਹੈ | ਉਨ੍ਹਾਂ ਇਹ ਵੀ ਕਿਹਾ ਕਿ ਆਸਟ੍ਰੇਲੀਆ ਦੇਸ਼ ਵਿਚ ਹੋਏ ਇਸ ਵਾਤਾਵਰਨ ਵਿਗਾੜ ਤੋਂ ਹੋਰਾਂ ਦੇਸ਼ਾਂ ਨੂੰ ਵੀ ਸਬਕ ਲੈਣਾ ਚਾਹੀਦਾ ਹੈ |
ਅੱਗ ਨਾਲ ਕਈ ਜੰਗਲੀ ਜੀਵਾਂ ਦੇ ਅਲੋਪ ਹੋਣ ਦਾ ਖ਼ਤਰਾ
ਗਲੇਨਮੋਰ ਪਾਰਕ, (ਏਜੰਸੀ)- ਆਸਟ੍ਰੇਲੀਆ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ ਨਾਲ ਕਈ ਜੰਗਲੀ ਜੀਵਾਂ ਦੀਆਂ ਪ੍ਰਜਾਤੀਆਂ ਦੇ ਅਲੋਪ (ਖ਼ਤਮ) ਹੋਣ ਦਾ ਖ਼ਤਰਾ ਮੰਡਰਾਉਣ ਲੱਗਾ ਹੈ | ਇਸ ਅੱਗ 'ਚ ਹੁਣ ਤੱਕ ਇਕ ਅਰਬ ਤੋਂ ਵੱਧ ਜਾਨਵਰਾਂ ਦੇ ਮਾਰੇ ਜਾਣ ਦਾ ਅਨੁਮਾਨ ਹੈ | ਦੱਖਣ-ਪੂਰਬੀ ਆਸਟ੍ਰੇਲੀਆ ਦੇ ਜ਼ਿਆਦਾਤਰ ਹਿੱਸੇ 'ਚ ਫੈਲੀ ਅੱਗ ਦੇ ਚੱਲਦਿਆਂ ਜੰਗਲ 'ਚ ਕਈ ਤਰ੍ਹਾਂ ਦੇ ਦਿਲ-ਦਹਿਲਾਉਣ ਵਾਲੇ ਨਜ਼ਰ ਸਾਹਮਣੇ ਆ ਰਹੇ ਹਨ | ਇਸੇ ਤਰ੍ਹਾਂ ਦੇ ਇਕ ਦਿ੍ਸ਼ 'ਚ ਸਵੈ ਸੇਵੀ ਸਾਰਾਹ ਪ੍ਰਾਈਸ ਨੂੰ ਕੰਗਾਰੂ ਦਾ ਇਕ ਬੱਚਾ ਚਾਰੇ ਪਾਸੇ ਲੱਗੀ ਅੱਗ ਵਿਚਾਲੇ ਆਖ਼ਰੀ ਸਾਹ ਲੈ ਰਹੀ ਆਪਣੀ ਮਾਂ ਦੀ ਝੋਲੀ 'ਚ ਲੁਕਿਆ ਹੋਇਆ ਮਿਲਿਆ | ਇਹ ਬੱਚਾ ਬਹੁਤ ਡਰਿਆ ਹੋਇਆ ਸੀ | ਕੁਝ ਦੇਰ ਬਾਅਦ ਉਸ ਦੀ ਮਾਂ ਦੀ ਮੌਤ ਹੋ ਗਈ | ਪ੍ਰਾਈਸ ਨੂੰ ਲੱਗਾ ਕਿ ਕੰਗਾਰੂ ਦੇ ਜਿਉਂਦੇ ਬਚੇ ਬੱਚੇ ਦਾ ਕੋਈ ਨਾਂਅ ਰੱਖਿਆ ਜਾਣਾ ਚਾਹੀਦਾ ਹੈ | ਉਨ੍ਹਾਂ ਨੇ ਇਸ ਦਾ ਨਾਂਅ 'ਚਾਂਸ' ਰੱਖ ਦਿੱਤਾ ਜੋ ਹੁਣ ਹੌਲੀ-ਹੌਲੀ ਸਿਹਤਯਾਬ ਹੋ ਰਿਹਾ ਹੈ | ਉਸ ਨੂੰ ਨਿਯਮਤ ਭੋਜਣ-ਪਾਣੀ ਦਿੱਤਾ ਜਾ ਰਿਹਾ ਹੈ ਤੇ ਉਸ ਨੂੰ ਇਕ ਹਨੇਰੇ ਕਮਰੇ 'ਚ ਇਕ ਝੋਲੀ 'ਚ ਰੱਖਿਆ ਜਾ ਰਿਹਾ ਹੈ | ਇਹ ਇਸ ਭਿਆਨਕ ਆਫ਼ਤ 'ਚ ਕਿਸੇ ਜੀਵ ਦੇ ਇਸ ਤਰ੍ਹਾਂ ਬਚਣ ਦੀ ਇਕ ਦੁਰਲੱਭ ਕਹਾਣੀ ਹੈ | ਜੰਗਲੀ ਜੀਵ ਬਚਾਅ ਸਮੂਹ 'ਵਾਇਰਸ' ਦੇ ਨਾਲ ਕੰਮ ਕਰਨ ਵਾਲੀ ਪ੍ਰਾਈਸ ਨੇ ਕਿਹਾ ਕਿ ਸਾਨੂੰ ਲੱਗਦਾ ਹੈ ਕਿ ਅੱਗ ਨਾਲ ਬਹੁਤ ਕੁਝ ਤਬਾਹ ਹੋ ਗਿਆ ਹੈ | ਅੱਗ ਦੇ ਚੱਲਦਿਆਂ ਕੋਆਲਾ ਜਾਨਵਰਾਂ ਦੇ ਝੁਲਸੇ ਹੋਏ ਸਰੀਰਾਂ, ਪੋਸੰਮਸ ਦੇ ਸੜੋ ਹੋਏ ਪੰਜੇ ਤੇ ਅਣਗਿਣਤ ਕੰਗਾਰੂਆਂ ਦੀਆਂ ਮਿ੍ਤਕ ਦੇਹਾਂ ਦੀਆਂ ਭਿਆਨਕ ਤਸਵੀਰਾਂ ਸਾਹਮਣੇ ਆ ਰਹੀਆਂ ਹਨ | ਮਾਹਰਾਂ ਦਾ ਕਹਿਣਾ ਹੈ ਕਿ ਜੋ ਜੀਵ ਬਚ ਗਏ ਹਨ, ਉਨ੍ਹਾਂ ਨੂੰ ਜਿਉਂਦੇ ਰੱਖਣ ਲਈ ਸੰਕਟਪੂਰਨ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ |
ਹੋਰ ਵਿਗੜ ਸਕਦੇ ਹਨ ਹਾਲਾਤ
ਜੰਗਲ ਦੀ ਅੱਗ ਕਾਰਨ ਆਸਟ੍ਰੇਲੀਆ ਦੇ ਕਈ ਹਿੱਸਿਆ 'ਚ ਤਾਪਮਾਨ ਵਧਣ ਦੇ ਖ਼ਤਰੇ ਦਾ ਲਗਾਤਾਰ ਸਾਹਮਣਾ ਕਰਨਾ ਪੈ ਰਿਹਾ ਹੈ | ਅਜਿਹਾ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਗਰਮ ਹਵਾਵਾਂ ਸਥਿਤੀ ਨੂੰ ਹੋਰ ਵਿਗਾੜ ਸਕਦੀ ਹੈ | ਆਸਟ੍ਰੇਲੀਆ ਦੇ ਵਿਕਟੋਰੀਆ, ਨਿਊ ਸਾਊਥ ਵੇਲਜ਼, ਦੱਖਣੀ ਆਸਟ੍ਰੇਲੀਆ ਤੇ ਪੱਛਮੀ ਆਸਟ੍ਰੇਲੀਆ ਸੂਬਿਆਂ ਨੂੰ ਅੱਗ ਦੇ ਚੱਲਦਿਆਂ ਲਗਾਤਾਰ ਖ਼ਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਆਫ਼ਤਾਂ ਪ੍ਰਬੰਧਨ ਵਿਭਾਗ ਅਨੁਸਾਰ ਵਿਕਟੋਰੀਆ 'ਚ ਅੱਗ 23 ਥਾਵਾਂ 'ਤੇ ਹੁਣ ਵੀ ਲੱਗੀ ਹੋਈ ਹੈ, ਉੱਥੇ ਹੀ ਨਿਊ ਸਾਊਥ ਵੇਲਜ਼ 'ਚ ਕਰੀਬ 135 ਥਾਵਾਂ 'ਤੇ ਅੱਗ ਹੁਣ ਵੀ ਜਾਰੀ ਹੈ |
Comments