ਦਿੱਗਜ ਬਾਸਕਟਬਾਲ ਖਿਡਾਰੀ ਕੋਬੀ ਬ੍ਰਾਇੰਟ ਅਤੇ ਉਨ੍ਹਾਂ ਦੀ ਧੀ ਦੀ ਹੈਲੀਕਾਪਟਰ ਹਾਦਸੇ 'ਚ ਮੌਤ

ਕੈਲੇਫੋਰਨੀਆ, 27 ਜਨਵਰੀ- ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ (ਐੱਨ. ਬੀ. ਏ.) ਦੇ ਸਾਬਕਾ ਦਿੱਗਜ ਖਿਡਾਰੀ ਕੋਬੀ ਬ੍ਰਾਇੰਟ ਅਤੇ ਉਨ੍ਹਾਂ ਦੀ ਧੀ ਸਣੇ 9 ਲੋਕਾਂ ਦੀ ਅਮਰੀਕਾ ਦੇ ਕਾਲਬਸਸ ਇਲਾਕੇ 'ਚ ਵਾਪਰੇ ਹੈਲੀਕਾਪਟਰ ਹਾਦਸੇ 'ਚ ਮੌਤ ਹੋ ਗਈ। ਲਾਸ ਏਂਜਲਸ ਕਾਊਂਟੀ ਸ਼ੈਰਿਫ ਅਲੈਕਸ ਵਿਲਾਨੁਏਵਾ ਨੇ ਇਸ ਸੰਬੰਧੀ ਪੁਸ਼ਟੀ ਕਰਦਿਆਂ ਕਿਹਾ, ''ਬਾਸਕਟਬਾਲ ਦੇ ਦਿੱਗਜ ਖਿਡਾਰੀ ਕੇਬੀ ਬ੍ਰਾਇੰਟ ਦੇ ਨਾਲ ਹੈਲੀਕਾਪਟਰ 'ਚ ਸਵਾਰ ਹੋਰ 9 ਲੋਕਾਂ ਦੀ ਮੌਤ ਹੋ ਗਈ।'' ਐੱਨ. ਬੀ. ਏ. ਨੇ ਵੀ ਪੁਸ਼ਟੀ ਕਰਦਿਆਂ ਕਿਹਾ ਕਿ ਹਾਦਸੇ ਕੇਬੀ ਬ੍ਰਾਇੰਟ ਅਤੇ ਉਨ੍ਹਾਂ ਦੀ ਧੀ ਗਿਆਨਾ ਮਾਰਿਆ (13) ਦੀ ਵੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਬ੍ਰਾਇੰਟ ਅਤੇ ਹੋਰ ਲੋਕ ਇੱਕ ਬਾਸਕਟਬਾਲ ਮੁਕਾਬਲੇ ਲਈ ਸਿਕੋਰਸਕੀ ਐੱਸ.-76 ਬੀ. ਹੈਲੀਕਾਪਟਰ ਰਾਹੀਂ ਜਾ ਰਹੇ ਸਨ ਕਿ ਇਸੇ ਦੌਰਾਨ ਇਹ ਹਾਦਸਾ ਵਾਪਰ ਗਿਆ। ਸ਼ੁਰੂਆਤੀ ਰਿਪੋਰਟਾਂ ਮੁਤਾਬਕ ਹਾਦਸੇ ਦਾ ਕਾਰਨ ਹੈਲੀਕਾਪਟਰ 'ਚ ਅੱਗ ਲੱਗਣਾ ਦੱਸਿਆ ਜਾ ਰਿਹਾ ਹੈ। ਕੋਬੀ ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ (ਐੱਨ. ਬੀ. ਏ.) 'ਚ 20 ਸਾਲ ਰਹੇ ਅਤੇ ਇਸ ਦੌਰਾਨ ਉਨ੍ਹਾਂ ਨੇ ਪੰਜ ਵਾਰ ਚੈਂਪੀਅਨਸ਼ਿਪ ਆਪਣੇ ਨਾਂ ਕੀਤੀ। ਉਹ ਬਾਸਕਟਬਾਲ ਜਗਤ ਦੇ ਮਹਾਨ ਖਿਡਾਰੀਆਂ 'ਚੋਂ ਇੱਕ ਸਨ ਅਤੇ ਸਾਲ 2016 'ਚ ਉਹ ਸੇਵਾ ਮੁਕਤ ਹੋਏ ਸਨ।
Comments