ਜੰਗਲੀ ਅੱਗ ਰਾਹਤ ਫੰਡ ਲਈ AUS ਸਰਕਾਰ ਨੇ ਜਾਰੀ ਕੀਤੀ 2 ਬਿਲੀਅਨ ਡਾਲਰ ਦੀ ਮਦਦ ਰਾਸ਼ੀ
ਸਿਡਨੀ— ਨਿਊ ਸਾਊਥ ਵੇਲਜ਼ ਤੇ ਵਿਕਟੋਰੀਆ ਨੂੰ ਜੰਗਲੀ ਅੱਗ ਕਾਰਨ ਹੋਏ ਨੁਕਸਾਨ ਦੀ ਭਰਪਾਈ ਲਈ ਮੌਰੀਸਨ ਸਰਕਾਰ ਨੇ 2 ਸਾਲਾਂ ਦੌਰਾਨ 200 ਕਰੋੜ ਆਸਟ੍ਰੇਲੀਆਈ ਡਾਲਰ ਦੀ ਮਦਦ ਦੇਣ ਦਾ ਐਲਾਨ ਕੀਤਾ ਹੈ।
ਆਸਟ੍ਰੇਲੀਆ ਦੇ ਜੰਗਲਾਂ 'ਚ ਫੈਲੀ ਭਿਆਨਕ ਅੱਗ ਕਾਰਨ ਹੁਣ ਤਕ 24 ਲੋਕਾਂ ਤੇ ਲਗਭਗ 5 ਕਰੋੜ ਜਾਨਵਰਾਂ ਦੀ ਮੌਤ ਹੋ ਚੁੱਕੀ ਹੈ। ਆਸਟ੍ਰੇਲੀਆ ਬਹੁਤ ਦਰਦ ਭਰੇ ਸਮੇਂ 'ਚੋਂ ਲੰਘ ਰਿਹਾ ਹੈ। ਹੁਣ ਤਕ ਹਜ਼ਾਰਾਂ ਘਰ ਸੜ ਕੇ ਸਵਾਹ ਹੋ ਚੁੱਕੇ ਹਨ। ਕਈ ਹਾਲੀਵੁੱਡ ਹਸਤੀਆਂ ਵਲੋਂ ਲੋਕਾਂ ਦੀ ਮਦਦ ਲਈ ਦਾਨ ਕੀਤਾ ਜਾ ਰਿਹਾ ਹੈ।
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਹੈ ਕਿ ਉਨ੍ਹਾਂ ਦੀ ਸਰਕਾਰ ਅੱਗ ਪ੍ਰਭਾਵਿਤ ਇਲਾਕਿਆਂ ਨੂੰ ਮੁੜ ਵਸਾਉਣ ਤੇ ਲੋਕਾਂ ਨੂੰ ਮੁੜ ਜ਼ਿੰਦਗੀ ਸ਼ੁਰੂ ਕਰਨ ਲਈ 2 ਬਿਲੀਅਨ ਆਸਟ੍ਰੇਲੀਆਈ ਡਾਲਰ ਦੀ ਰਾਸ਼ੀ ਦੇਵੇਗੀ। ਇਹ ਸਥਾਨਕ ਸਰਕਾਰਾਂ, ਕਿਸਾਨਾਂ ਅਤੇ ਹੋਰ ਮੁੱਖ ਉਤਪਾਦਕਾਂ ਨੂੰ ਸਹਾਇਤਾ ਦੇਵੇਗਾ ਅਤੇ ਇਸ ਦੇ ਨਾਲ ਹੀ ਲੋਕਾਂ ਦੀ ਮਾਨਸਿਕ ਸਿਹਤ ਲਈ ਸ਼ੁਰੂ ਕੀਤੇ ਪ੍ਰੋਗਰਾਮਾਂ ਲਈ ਵੀ ਫੰਡ ਵਰਤਿਆ ਜਾਵੇਗਾ। ਇਸ ਫੰਡ ਨੂੰ 'ਨੈਸ਼ਨਲ ਬੁਸ਼ਫਾਇਰ ਰਿਕਵਰੀ ਏਜੰਸੀ' ਹਵਾਲੇ ਕੀਤਾ ਜਾਵੇਗਾ।
ਮੌਰੀਸਨ ਨੇ ਕਿਹਾ,''ਅਸੀਂ ਦੇਸ਼ ਦੇ ਚੰਗੇ ਭਵਿੱਖ ਦੀ ਆਸ ਕਰਦੇ ਹਾਂ ਅਤੇ ਅਸੀਂ ਇਸ ਆਫਤ ਤੋਂ ਬਚਣ ਲਈ ਨਿਵੇਸ਼ ਕਰਾਂਗੇ। ਜ਼ਿਕਰਯੋਗ ਹੈ ਕਿ ਮਹੀਨਿਆਂ ਤੋਂ ਲੱਗੀ ਜੰਗਲੀ ਅੱਗ ਕਾਰਨ ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ 'ਚ ਤਬਾਹੀ ਮਚੀ ਹੋਈ ਹੈ। ਇਸ ਵਾਰ ਇੱਥੇ ਰਿਕਾਰਡ ਤੋੜ ਗਰਮੀ ਵੀ ਪੈ ਰਹੀ ਹੈ। ਇਸ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਬੀਤੇ ਦਿਨ ਇੱਥੇ ਹਲਕੀ ਬਾਰਸ਼ ਨਾਲ ਲੋਕਾਂ ਨੂੰ ਥੋੜੀ ਰਾਹਤ ਜ਼ਰੂਰ ਮਿਲੀ ਹੈ ਪਰ ਅਜੇ ਵੀ ਕਿਹਾ ਜਾ ਰਿਹਾ ਹੈ ਕਿ ਕੁਝ ਦਿਨਾਂ ਤਕ ਫਿਰ ਤੋਂ ਗਰਮੀ ਵਧੇਗੀ।
Comments