ਜੰਗਲ 'ਚ ਲੱਗੀ ਅੱਗ ਦਰਮਿਆਨ ਆਸਟ੍ਰੇਲੀਆ ਪ੍ਰਸ਼ਾਸਨ ਵਲੋਂ ਨਿਕਾਸੀ ਮੁਹਿੰਮ ਦੀ ਸ਼ੁਰੂਆਤ
ਅੱਗ ਨਾਲ ਹੁਣ ਤੱਕ 8 ਮੌਤਾਂ, 300 ਘਰ ਤਬਾਹ

ਸਿਡਨੀ, 2 ਜਨਵਰੀ, (ਏਜੰਸੀ)- ਆਸਟ੍ਰੇਲੀਆ ਪ੍ਰਸ਼ਾਸਨ ਨੇ ਦੱਖਣ-ਪੂਰਬੀ ਖੇਤਰ ਦੇ ਜੰਗਲਾਂ 'ਚ ਲੱਗੀ ਅੱਗ ਦਰਮਿਆਨ ਬਚਾਅ ਕਾਰਜਾਂ ਲਈ ਨਿਕਾਸੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ | ਆਸਟ੍ਰੇਲੀਆ ਮੀਡੀਆ ਨੇ ਵੀਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ | ਤਿੰਨ ਮਹੀਨੇ ਤੋਂ ਜਾਰੀ ਅੱਗ 'ਚ ਕਰੀਬ 70 ਲੱਖ ਏਕੜ ਜੰਗਲ ਦਾ ਇਲਾਕਾ ਸੜ ਗਿਆ, ਜਿਸ 'ਚ ਪਸ਼ੂਆਂ ਦੇ ਢਾਰੇ, ਬੂਟੇ ਤੇ ਘਰਾਂ ਨੂੰ ਬਹੁਤ ਨੁਕਸਾਨ ਪੁੱਜਿਆ ਹੈ | ਬੀਤੇ ਮੰਗਲਵਾਰ ਨੂੰ ਇਲਾਕੇ 'ਚ ਅੱਗ ਹੋਰ ਵੀ ਫੈਲ ਗਈ | ਸਥਾਨਕ ਮੀਡੀਆ ਅਨੁਸਾਰ ਸਾਰੇ ਸੈਲਾਨੀਆਂ ਨੂੰ ਵਿਕਟੋਰੀਆ ਰਾਜ ਛੱਡਣ ਦੇ ਨਿਰਦੇਸ਼ ਦਿੱਤੇ ਗਏ ਹਨ | ਬੀਤੇ ਸਨਿੱਚਰਵਾਰ ਤੱਕ ਇੱਥੇ 45 ਜਗ੍ਹਾ ਅੱਗ ਲੱਗਣ ਦੀ ਰਿਪੋਰਟ ਹੈ | ਵਿਕਟੋਰੀਆ ਦੇ ਆਫ਼ਤ ਪ੍ਰਬੰਧਨ ਦੇ ਡਿਪਟੀ ਕਮਿਸ਼ਨਰ ਦੇਬਰਾ ਐਬਾਟ ਮੁਤਾਬਿਕ ਇਸ ਇਲਾਕੇ ਦੇ ਕਰੀਬ ਚਾਰ ਹਜ਼ਾਰ ਨਿਵਾਸੀਆਂ ਨੂੰ ਬਾਹਰ ਕੱਢਿਆ ਗਿਆ ਹੈ | ਆਸਟ੍ਰੇਲੀਆ ਦੀ ਜਲ ਸੈਨਾ ਵੀ ਨਿਕਾਸੀ ਕਾਰਜਾਂ 'ਚ ਮਦਦ ਕਰ ਰਹੀ ਹੈ | ਦੱਖਣ-ਪੂਰਬੀ ਆਸਟ੍ਰੇਲੀਆ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ ਕਾਰਨ ਸੋਮਵਾਰ ਤੋਂ ਹੁਣ ਤੱਕ ਘੱਟ ਤੋਂ ਘੱਟ 8 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈਆਂ ਦੇ ਲਾਪਤਾ ਹੋਣ ਦੀ ਖ਼ਬਰ ਹੈ | ਅੱਗ ਨਾਲ ਹੁਣ ਤੱਕ 300 ਤੋਂ ਵਧੇਰੇ ਘਰ ਤਬਾਹ ਹੋ ਚੁੱਕੇ ਹਨ | ਸਥਾਨਕ ਮੀਡੀਆ ਅਨੁਸਾਰ ਨਿਊ ਸਾਊਥ ਵੇਲਜ਼ 'ਚ 7 ਲੋਕਾਂ ਦੀ ਮੌਤ ਹੋ ਗਈ ਤੇ ਵਿਕਟੋਰੀਆ ਰਾਜ 'ਚ ਇਕ ਵਿਅਕਤੀ ਦੀ ਮੌਤ ਹੋਈ ਹੈ | ਅਧਿਕਾਰੀਆਂ ਨੇ ਹੁਣ ਤੱਕ 382 ਘਰਾਂ ਦੇ ਤਬਾਹ ਹੋਣ ਦੀ ਪੁਸ਼ਟੀ ਕੀਤੀ ਹੈ | ਨੁਕਸਾਨ ਦਾ ਮੁਲਾਂਕਣ ਅਜੇ ਜਾਰੀ ਹੈ, ਲਿਹਾਜ਼ਾ ਇਸ ਦੀ ਗਿਣਤੀ ਵੱਧ ਸਕਦੀ ਹੈ | ਫਾਇਰ ਸਰਵਿਸ ਦੇ 28 ਸਾਲਾ ਕਰਮਚਾਰੀ ਦੀ ਸੋਮਵਾਰ ਨੂੰ ਅੱਗ ਨਾਲ ਝੁਲਸ ਜਾਣ ਕਾਰਨ ਮੌਤ ਹੋ ਗਈ ਸੀ |
Comments